ਮਾਨਸਾ ਵਿੱਚ ਨਸ਼ਾ ਵਿਰੋਧੀ ਲਹਿਰ ’ਤੇ ਸਿਆਸਤ ਭਖ਼ਣ ਲੱਗੀ

ਮਾਨਸਾ ਵਿੱਚ ਨਸ਼ਾ ਵਿਰੋਧੀ ਲਹਿਰ ’ਤੇ ਸਿਆਸਤ ਭਖ਼ਣ ਲੱਗੀ

ਮਾਨਸਾ- ਇੱਥੋਂ ਨਸ਼ਿਆਂ ਖਿਲਾਫ਼ ਲਹਿਰ ਨੂੰ ਖੜ੍ਹੀ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਸਿਆਸਤ ਭਖ਼ਣ ਲੱਗ ਪਈ ਹੈ। ਨੌਜਵਾਨ ਨੂੰ ਮਾਨਸਾ ਪੁਲੀਸ ਵੱਲੋਂ ਦੂਜੀ ਵਾਰ ਫੜਨ ਅਤੇ ਜੇਲ੍ਹ ਭੇਜਣ ਦੇ ਮਾਮਲੇ ਵਿੱਚ ਰਾਜ ਦੀਆਂ ਲਗਪਗ ਸਾਰੀਆਂ ਸਿਆਸੀ ਧਿਰਾਂ ਦੇ ਆਗੂਆਂ ਨੇ ਉਸ ਦੇ ਪਰਿਵਾਰ ਅਤੇ ਜ਼ਿਲ੍ਹਾ ਕਚਹਿਰੀਆਂ ਵਿੱਚ ਚੱਲ ਰਹੇ ਧਰਨੇ ਵਿੱਚ ਪੁੱਜ ਕੇ ਉਸ ਦਾ ਸਾਥ ਦੇਣ ਦਾ ਜਨਤਕ ਤੌਰ ’ਤੇ ਦਾਅਵਾ ਕੀਤਾ ਹੈ। ਜ਼ਿਲ੍ਹਾ ਕਚਹਿਰੀਆਂ ਵਿੱਚ ਲੱਗੇ ਪੱਕੇ ਮੋਰਚੇ ਨੂੰ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਕਿਸਾਨ ਆਗੂ ਰਾਕੇਸ਼ ਟਿਕੈਤ, ਜਗਜੀਤ ਸਿੰਘ ਡੱਲੇਵਾਲ, ਡਾ. ਦਰਸ਼ਨ ਪਾਲ, ਸੁਰਜੀਤ ਸਿੰਘ ਫੂਲ, ਰੁਲਦੂ ਸਿੰਘ ਮਾਨਸਾ ਸਣੇ ਹੋਰ ਦਰਜਨਾਂ ਆਗੂਆਂ ਨੇ ਸੰਬੋਧਨ ਕੀਤਾ।

ਇਸ ਮੁਹਿੰਮ ਤਹਿਤ ਹੁਣ ਪਿੰਡ-ਪਿੰਡ ਨਸ਼ਿਆਂ ਵਿਰੋਧੀ ਕਮੇਟੀਆਂ ਬਣਨ ਲੱਗੀਆਂ ਹਨ। ਭਾਵੇਂ ਕੁੱਝ ਲੋਕ ਪਰਵਿੰਦਰ ਝੋਟਾ ਦੇ ਢੰਗ ਨੂੰ ਪਸੰਦ ਨਹੀਂ ਕਰਦੇ, ਪਰ ਉਸ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਜੰਗ ਦੀ ਹਰ ਕੋਈ ਹਾਮੀ ਭਰਨ ਲੱਗਿਆ ਹੈ। ਉਸ ਵੱਲੋਂ ਵਿੱਢੀ ਮੁਹਿੰਮ ਉਤੇ ਹੁਣ ਲੋਕ ਪਹਿਰਾ ਦੇਣ ਦੇ ਨਾਲ-ਨਾਲ ਗੁਰਚੇਤ ਚਿੱਤਰਕਾਰ ਵੱਲੋਂ ਇੱਕ ਫ਼ਿਲਮ ‘ਝੋਟਾ ਖੁੱਲ੍ਹ ਗਿਆ’ ਵੀ ਬਣਨ ਜਾ ਰਹੀ ਹੈ।