ਮਾਤਾ ਗੁਜਰੀ ਜੀ

ਮਾਤਾ ਗੁਜਰੀ ਜੀ

ਡਾ. ਸਰਬਜੀਤ ਕੌਰ ਸੰਧਾਵਾਲੀਆ

ਜਗਤ ਮਾਤਾ ਗੁਜਰੀ ਜੀ ਦੀ ਮਹਾਨ ਜੀਵਨ ਗਾਥਾ, ਪ੍ਰੇਮ, ਤਪ, ਸੇਵਾ ਸਿਦਕ, ਸਿਮਰਨ, ਵਿਸ਼ਵਾਸ, ਸਹਿਣਸ਼ੀਲਤਾ, ਤਿਆਗ, ਕੁਰਬਾਨੀ, ਖ਼ਿਮਾ, ਸੰਤੋਖ, ਦਇਆ ਅਤੇ ਧੀਰਜ ਦੀ ਉਹ ਅਲੌਕਿਕ ਮਿਸਾਲ ਹੈ ਜੋ ਹਮੇਸ਼ਾ ਸਾਡੇ ਰਾਹ ਰੁਸ਼ਨਾਉਂਦੀ ਰਹੇਗੀ। ਕਾਰਨਾਮਿਆਂ, ਸਾਕਿਆਂ, ਘੱਲੂਘਾਰਿਆਂ ਦੇ ਵਿਲੱਖਣ ਸਿੱਖ ਇਤਿਹਾਸ ਵਿਚ ਮਾਤਾ ਜੀ ਨੂੰ ਇਸਤਰੀ ਜਾਮੇ ਦੇ ਪ੍ਰਥਮ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੈ। ਆਪ ਜੀ ਇਕੋ ਇਕ ਸ਼ਖ਼ਸੀਅਤ ਹਨ ਜਿਨ੍ਹਾਂ ਦੇ ਪਤੀ, ਪੁੱਤਰ, ਪੋਤਰੇ, ਭਰਾ, ਨਨੋਤਰੇ ਧਰਮ, ਅਣਖ, ਮਨੁੱਖੀ ਅਧਿਕਾਰਾਂ ਲਈ ਸ਼ਹੀਦ ਹੋਏ। ਸਰਬੰਸਦਾਨੀ ਮਾਤਾ ਜੀ ਦੇ ਬੇਮਿਸਾਲ ਹੌਸਲੇ, ਸੰਘਰਸ਼, ਦਲੇਰੀ, ਸੰਜਮ ਅਤੇ ਇਬਾਦਤ ਸ਼ਹਾਦਤ ਅੱਗੇ ਅਸੀਂ ਸਾਰੇ ਨਤਮਸਤਕ ਹਾਂ। ਆਪ ਜੀ ਦਾ ਜਨਮ ਮਾਤਾ ਬਿਸ਼ਨ ਕੌਰ ਜੀ ਅਤੇ ਭਾਈ ਲਾਲ ਚੰਦ ਜੀ ਦੇ ਘਰ ਸ੍ਰੀ ਕਰਤਾਰਪੁਰ ਸਾਹਿਬ (ਜਲੰਧਰ) ਵਿਖੇ ਹੋਇਆ। ਬੱਚੀ ਦੇ ਮੁੱਖ ’ਤੇ ਚੜ੍ਹਦੇ ਸੂਰਜ ਜਿਹਾ ਤੇਜ ਅਤੇ ਸ਼ਾਂਤ ਮੁਸਕਰਾਹਟ ਸੀ, ਜਿਸ ਕਰਕੇ ਇਨ੍ਹਾਂ ਦਾ ਨਾਮ ਗੁਜਰੀ ਰੱਖਿਆ ਗਿਆ, ਜਿਸ ਦਾ ਅਰਥ ਹੈ ਸੁਖ ਦੇਣ ਵਾਲੀ-
ਗੁਜਰੀ ਨਾਮ ਜਹਿ ਸੁਖਦਾਈ॥
ਆਪ ਜੀ ਬਚਪਨ ਤੋਂ ਹੀ ਲੱਜਿਆ, ਨਿਮਰਤਾ, ਸੁੰਦਰਤਾ, ਹਲੀਮੀ ਅਤੇ ਮਿੱਠਤ ਦੀ ਮੂਰਤ ਸਨ। ਇਨ੍ਹਾਂ ਦਾ ਸਾਰਾ ਪਰਿਵਾਰ ਗੁਰੂ ਘਰ ’ਤੇ ਅਤੁੱਟ ਸ਼ਰਧਾ ਰੱਖਦਾ ਸੀ। ਬੱਚੀ ਨੂੰ ਸ਼ੁਭ ਸੰਸਕਾਰ, ਪਾਠ, ਸੇਵਾ, ਸਿਮਰਨ ਅਤੇ ਗੁਰੂ ਘਰ ਦੇ ਪਿਆਰ ਸਤਿਕਾਰ ਵਾਲਾ ਮਾਹੌਲ ਮਿਲਿਆ। ਭਾਈ ਲਾਲ ਚੰਦ ਜੀ ਦੀ ਬੇਨਤੀ ’ਤੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਸਭ ਤੋਂ ਛੋਟੇ ਸਪੁੱਤਰ ਸ੍ਰੀ (ਗੁਰੂ) ਤੇਗ ਬਹਾਦਰ ਜੀ ਲਈ ਸ੍ਰੀ ਗੁਜਰੀ ਜੀ ਦਾ ਰਿਸ਼ਤਾ ਪਰਵਾਨ ਕੀਤਾ। ਅਨੰਦ ਕਾਰਜ ਸਮੇਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਸੀਸ ਦਿੱਤੀ ਕਿ ਇਹ ਬੱਚੀ ਵੱਡੀ ਉਮਰ ਵਾਲੀ ਅਤੇ ਬਿਬੇਕ ਬੁੱਧੀ ਵਾਲੀ ਹੋਵੇਗੀ। ਵਿਆਹ ਤੋਂ ਬਾਅਦ ਆਪ ਕੁਝ ਸਮਾਂ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਲਾਡ-ਪਿਆਰ ਨਾਲ ਰਹੇ। ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਮਹਿਲ ਮਾਤਾ ਨਾਨਕੀ ਜੀ, ਸਪੁੱਤਰ ਸ੍ਰੀ ਤੇਗ ਬਹਾਦਰ ਸਾਹਿਬ ਜੀ ਅਤੇ ਨੂੰਹ ਬੀਬੀ ਗੁਜਰੀ ਜੀ ਨੂੰ ਬਾਬਾ ਬਕਾਲੇ ਭੇਜ ਦਿੱਤਾ। ਇਥੇ ਨੌਵੇਂ ਪਾਤਸ਼ਾਹ ਜੀ ਨੇ ਬੰਦਗੀ ਲਈ ਇਕ ਭੋਰਾ ਸਾਹਿਬ ਬਣਵਾਇਆ ਅਤੇ ਹਰ ਸਮੇਂ ਆਪਣੇ ਨਿੱਜ ਸਰੂਪ ਵਿਚ ਲੀਨ ਰਹਿਣ ਲੱਗੇ। ਬੀਬੀ ਗੁਜਰੀ ਜੀ ਨੇ 26 ਸਾਲ 9 ਮਹੀਨੇ 13 ਦਿਨ ਸਬਰ, ਰਜਾ ਅਤੇ ਹੁਕਮ ਵਿਚ ਰਹਿ ਕੇ ਪਤੀ ਦੀ ਅਣਥੱਕ ਸੇਵਾ ਕੀਤੀ। ਇਮਤਿਹਾਨ ਦੀ ਇਸ ਘੜੀ ਵਿਚ ਆਪ ਨੇ ਆਪਣਾ ਚਿੱਤ ਨਾ ਡੁਲਾਇਆ ਅਤੇ ਪਰਮਾਤਮਾ ਦੇ ਸ਼ੁਕਰ ਵਿਚ ਰਹਿ ਕੇ ਬੰਦਗੀ ਕੀਤੀ। ਸਮਾਂ ਆਉਣ ’ਤੇ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਗਟ ਰੂਪ ਵਿਚ ਗੁਰਗੱਦੀ ’ਤੇ ਬਿਰਾਜਮਾਨ ਹੋਏ ਤਾਂ ਸੋਢੀਆਂ ਦੀ ਈਰਖਾ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਧੀਰਮੱਲ ਦੇ ਭੇਜੇ ਮਸੰਦਾਂ ਨੇ ਸਤਿਗੁਰੂ ਜੀ ’ਤੇ ਗੋਲੀ ਚਲਾ ਦਿੱਤੀ। ਨਿਰਵੈਰ ਪਾਤਸ਼ਾਹ ਜੀ ਜਗਤ ਉਧਾਰ ਲਈ ਚੱਲ ਪਏ। ਪਰਿਆਗ (ਇਲਾਹਾਬਾਦ) ਦੇ ਸਥਾਨ ਉਤੇ ਮਾਤਾ ਜੀ ਦੀ ਕ੍ਰਿਸ਼ਮਈ ਕੁੱਖ ਨੂੰ ਭਾਗ ਲੱਗੇ। ਨੌਵੇਂ ਪਾਤਸ਼ਾਹ ਜੀ ਮਾਤਾ ਨਾਨਕੀ ਜੀ ਅਤੇ ਧਰਮਪਤਨੀ ਗੁਜਰੀ ਜੀ ਨੂੰ ਪਟਨਾ ਸਾਹਿਬ ਵਿਖੇ ਛੱਡ ਕੇ ਉੱਤਰ ਪ੍ਰਦੇਸ਼, ਬਿਹਾਰ, ਬੰਗਾਲ, ਆਸਾਮ ਆਦਿ ਧਰਤੀਆਂ ਨੂੰ ਨਿਵਾਜਦੇ ਰਹੇ। ਪਟਨਾ ਸਾਹਿਬ ਵਿਖੇ ਮਹਾਨ ਦਇਆਵੀਰ, ਧਰਮਵੀਰ ਸਾਹਿਬੇ ਕਮਾਲ ਸ੍ਰੀ ਦਸਮੇਸ਼ ਜੀ ਦਾ ਪ੍ਰਕਾਸ਼ ਹੋਇਆ। ਨੌਵੇਂ ਪਾਤਸ਼ਾਹ ਜੀ ਨੇ ਆਪਣੇ ਲਾਡਲੇ ਦਾ ਮੁੱਖ ਉਦੋਂ ਦੇਖਿਆ ਜਦੋਂ ਉਹ ਚਾਰ ਸਾਲ ਦੇ ਹੋ ਚੁੱਕੇ ਸਨ। ਜਦੋਂ ਸ੍ਰੀ ਦਸਮੇਸ਼ ਜੀ ਸਿਰਫ਼ ਨੌਂ ਸਾਲਾਂ ਦੇ ਸਨ ਤਾਂ ਮਜ਼ਲੂਮ, ਨਿਆਸਰਿਆਂ ਦੀ ਧਰਮ ਰੱਖਿਆ ਲਈ ਨੌਵੇਂ ਪਾਤਸ਼ਾਹ ਜੀ ਸ਼ਹਾਦਤ ਦਾ ਜਾਮ ਪੀ ਗਏ। ਮਾਤਾ ਗੁਜਰੀ ਜੀ ਨੇ ਪਤੀ ਗੁਰੂ ਦਾ ਸੀਸ ਝੋਲੀ ਵਿਚ ਲੈ ਕੇ ਅਰਦਾਸ ਕੀਤੀ ਕਿ ਤੁਹਾਡੀ ਨਿਭ ਗਈ ਹੈ, ਮੇਰੀ ਵੀ ਨਿਭ ਜਾਵੇ। ਮਾਤਾ ਜੀ ਨੂੰ ਆਪਣੇ ਮਹਾਨ ਪਤੀ ਦਾ ਸਾਥ ਬਹੁਤ ਥੋੜ੍ਹਾ ਸਮਾਂ ਮਿਲਿਆ। ਆਪ ਨੇ ਰਜ਼ਾ ਵਿਚ ਰਾਜ਼ੀ ਰਹਿੰਦਿਆਂ ਬਹੁਤ ਸੂਝ-ਬੂਝ, ਸਬਰ ਅਤੇ ਸਿਆਣਪ ਨਾਲ ਆਪਣੇ ਸਪੁੱਤਰ ਦੀ ਪਾਲਣਾ ਕੀਤੀ। ਛੋਟੇ ਸਾਹਿਬਜ਼ਾਦਿਆਂ ਦੇ ਮਾਤਾ ਜੀਤੋ ਜੀ ਚਲਾਣਾ ਕਰ ਗਏ ਤਾਂ ਮਾਤਾ ਗੁਜਰੀ ਜੀ ਨੇ ਕਈ ਹੁਕਮਨਾਮੇ ਜਾਰੀ ਕਰਕੇ ਸੰਗਤ ਦੀ ਯੋਗ ਅਗਵਾਈ ਕੀਤੀ। ਆਪ ਜੀ ਇਕ ਕੁਸ਼ਲ ਪ੍ਰਬੰਧਕ ਅਤੇ ਦੂਰਅੰਦੇਸ਼ ਹਸਤੀ ਸਨ। ਜੀਵਨ ਦੇ ਮਹਾਨ ਸੰਘਰਸ਼ਾਂ ਸਾਹਮਣੇ ਉਹ ਨਿਰਭੈ ਹੋ ਕੇ ਡਟੇ ਰਹੇ। ਫਿਰ ਐਸੀ ਕਾਲੀ ਬੋਲ਼ੀ ਭਿਆਨਕ ਠੰਢੀ ਰਾਤ ਆਈ, ਜਦੋਂ ਸਰਸਾ ਦੇ ਕਿਨਾਰੇ ਪਰਿਵਾਰ ਵਿਛੋੜਾ ਪੈ ਗਿਆ। ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਗੰਗੂ ਨੇ ਫੜਾ ਦਿੱਤੇ। ਜ਼ਾਲਮਾਂ ਦੀ ਕੈਦ ਵਿਚ ਅਨੇਕਾਂ ਤਸੀਹੇ ਸਹਿ ਕੇ ਵੀ ਮਾਤਾ ਜੀ ਦੀ ਗੁੜ੍ਹਤੀ ਅਤੇ ਸਿੱਖਿਆ ਸਦਕਾ ਸਾਹਿਬਜ਼ਾਦੇ ਅਡੋਲ ਰਹੇ। ਦਾਦੀ ਅਤੇ ਪੋਤਿਆਂ ਦਾ ਅਥਾਹ ਪਿਆਰ ਸੀ। ਜਦੋਂ ਸਾਹਿਬਜ਼ਾਦਿਆਂ ਨੂੰ ਪੇਸ਼ੀ ਲਈ ਬੁਲਾਇਆ ਗਿਆ ਤਾਂ ਮਾਤਾ ਜੀ ਨੇ ਧੀਰਜ ਨਾਲ ਲਾਡਲਿਆਂ ਨੂੰ ਤਿਆਰ ਕੀਤਾ ਅਤੇ ਸਮਝਾਇਆ ਕਿ ਸ਼ੇਰਾਂ ਦੇ ਬੱਚੇ ਸ਼ੇਰ ਹੁੰਦੇ ਹਨ। ਤੁਸੀਂ ਕਚਹਿਰੀ ਜਾ ਕੇ ਗੱਜ ਕੇ ਫ਼ਤਹਿ ਬੁਲਾਉਣਾ, ਚੜ੍ਹਦੀ ਕਲਾ ਵਿਚ ਰਹਿਣਾ ਅਤੇ ਸੀਸ ਵਾਰ ਕੇ ਵੀ ਆਪਣੀ ਮਹਾਨ ਵੰਸ਼ ਮਰਿਆਦਾ ਕਾਇਮ ਰੱਖਣੀ। ਅੱਗੋਂ ਨਿੱਕੇ ਬਾਲਾਂ ਨੇ ਵੀ ਦਾਦੀ ਮਾਂ ਦਾ ਮਾਣ ਰਖਦਿਆਂ ਕਿਹਾ:
ਧੰਨ ਭਾਗ ਹਮਰੇ ਹੈਂ ਮਾਈ
ਧਰਮ ਹੇਤਿ ਤਨ ਜੇ ਕਰ ਜਾਈ॥
ਅੰਤ 13 ਪੋਹ, 1704 ਈ. ਨੂੰ ਫੁੱਲਾਂ ਵਰਗੇ ਕੋਮਲ ਲਾਲ ਨੀਹਾਂ ਵਿਚ ਚਿਣ ਦਿੱਤੇ ਗਏ। ਮਾਤਾ ਜੀ ਨੇ ਵੀ ਸਮਾਧੀ ਸਥਿਤ ਹੋ ਕੇ ਪ੍ਰਾਣ ਤਿਆਗ ਦਿੱਤੇ। ਸੇਠ ਟੋਡਰ ਮੱਲ ਨੇ ਮੋਹਰਾਂ ਵਿਛਾ ਕੇ ਦੁਨੀਆ ਦੀ ਸਭ ਤੋਂ ਕੀਮਤੀ ਜ਼ਮੀਨ ’ਤੇ 28 ਦਸੰਬਰ, 1704 ਈ. ਨੂੰ ਜਯੋਤੀ ਸਰੂਪ ਵਾਲੇ ਅਸਥਾਨ ’ਤੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦਾ ਸਸਕਾਰ ਕੀਤਾ। ਜਦੋਂ ਸਮਾਧਾਂ ਬਣਾਈਆਂ ਗਈਆਂ ਤਾਂ ਸਾਹਿਬਜ਼ਾਦਿਆਂ ਦੀਆਂ ਅੰਦਰ ਚਾਰਦੀਵਾਰੀ ਵਿਚ ਅਤੇ ਮਾਤਾ ਜੀ ਦੀ ਬਾਹਰ ਦਹਿਲੀਜ਼ ’ਤੇ ਬਣਾਈ ਗਈ। ਇਉਂ ਜਾਪਦਾ ਹੈ ਕਿ ਦਾਦੀ ਮਾਂ ਅੱਜ ਵੀ ਸਰਦਲ ’ਤੇ ਬੈਠੀ ਮਾਸੂਮ ਪੋਤਰਿਆਂ ਦੀ ਰਾਖੀ ਕਰ ਰਹੀ ਹੈ ਅਤੇ ਸੰਦੇਸ਼ ਦੇ ਰਹੀ ਹੈ ਕਿ ਦਾਦੀ ਦਾ ਕੀ ਫ਼ਰਜ਼ ਹੁੰਦਾ ਹੈ। ਮਾਤਾ ਜੀ ਦੁਨੀਆ ਦੀਆਂ ਸਾਰੀਆਂ ਮਾਵਾਂ ਲਈ ਪੂਰਨੇ ਪਾ ਗਏ। ਆਪ ਜੀ ਇਕ ਆਦਰਸ਼ ਸਪੁੱਤਰੀ, ਆਦਰਸ਼ ਨੂੰਹ, ਆਦਰਸ਼ ਸੁਪਤਨੀ, ਆਦਰਸ਼ ਮਾਂ ਅਤੇ ਆਦਰਸ਼ ਦਾਦੀ ਸਨ। ਆਪਾਂ ਵੀ ਇਸ ਮਹਾਨ ਮਾਂ ਦੇ ਵੰਸ਼ਜ਼ ਹਾਂ ਅਤੇ ਹੰਝੂਆਂ ਭਰੀ ਸ਼ਰਧਾਂਜਲੀ ਭੇਟ ਕਰਦੇ ਹਾਂ:
ਦੁਨੀਆ ਦੇ ਦਿਲ ਤੋਂ ਵੱਖਰਾ ਹੀ,
ਮਾਤਾ ਗੁਜਰੀ ਤੇਰਾ ਦਿਲ ਹੈ।
ਫੌਲਾਦ ਤੋਂ ਵੱਧ ਇਹ ਤਕੜਾ ਹੈ,
ਫੁੱਲਾਂ ਤੋਂ ਵੀ ਇਹ ਕੋਮਲ ਹੈ।
ਮਾਤਾ! ਜਦ ਤੇਰੇ ਸੋਹਣੇ ਦਿਲ ਦੇ,
ਚਾਰੇ ਖਾਨੇ ਮਿਣੇ ਗਏ,
ਦੋ ਚਮਨ ਪਏ ਚਮਕੌਰ ਅੰਦਰ,
ਦੋ ਨੀਹਾਂ ਅੰਦਰ ਚਿਣੇ ਗਏ।