ਮਾਤਾ ਗੁਜਰੀ ਜੀ ਦਾ‌ਪੇਕਾ ਪਿੰਡ ਲਖਨੌਰ

ਮਾਤਾ ਗੁਜਰੀ ਜੀ ਦਾ‌ਪੇਕਾ ਪਿੰਡ ਲਖਨੌਰ

ਪਰਮਜੀਤ ਕੌਰ ਸਰਹਿੰਦ

ਸਿੱਖ ਇਤਿਹਾਸ ਸਬਰ, ਸਿਦਕ, ਸਿਰੜ, ਸੱਚ, ਸਵੈਮਾਨ ਤੇ ਸ਼ਹਾਦਤ ਦਾ ਪ੍ਰਤੀਕ ਹੈ। ਇਸ ਨਾਲ ਸਬੰਧਤ ਮਹਾਨ ਸ਼ਖ਼ਸੀਅਤਾਂ ਜਾਂ ਉਨ੍ਹਾਂ ਦੇ ਚਰਨ ਛੁਹ ਪ੍ਰਾਪਤ ਸਥਾਨਾਂ ਦਾ ਜ਼ਿਕਰ ਕਰਦਿਆਂ ਮਾਤਾ ਗੁਜਰੀ ਜੀ ‌ਦਾ ਜੱਦੀ ਪੇਕਾ ਪਿੰਡ ਵੀ ਪੂਜਣਯੋਗ ਅਸਥਾਨ ਹੈ। ਸਮੇਂ ਦੀ ਧੂੜ ਨਾਲ ਢਕੇ ਇਹ ਪਾਵਨ‌ ਧਾਮ ਵਕਤ‌ ਦੇ‌ ਨਾਲ ਨਿੱਖਰ ਕੇ ਸਾਹਮਣੇ ਆ ਰਹੇ ਹਨ। ਸਿੱ‌ਖਾਂ‌ ਨੂੰ ਸਿੱਖੀ ਦਾ ਰਾਹ ਰੁਸ਼ਨਾਉਣ ਵਾਲਾ ਦੀਪ ਜਗਾਉਣ ਲਈ ਪਹਿਲੀ ਚਿਣਗ‌ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਮਿਲੀ। ਉਸੇ ਰੌਸ਼ਨੀ ਸਦਕਾ‌ ਇਹ ਇਤਿਹਾਸਕ ਪਿੰਡ ਸਾਹਮਣੇ ਆਇਆ ਹੈ। ਵਿਦਵਾਨਾਂ ਅਨੁਸਾਰ ਸੰਨ 1499 ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ‌ ਸਮੇਂ ਪੇਹਵਾ ਤੇ ਕੁਰੂਕਸ਼ੇਤਰ ਆਦਿ ਥਾਵਾਂ ਤੋਂ ਲੰਘੇ ਤਾਂ ਰਸਤੇ ਵਿੱਚ ਇਸ ਲਖਨੌਰ ਨਾਮੀਂ ਪਿੰਡ ਵਿੱਚ ਵੀ ਉਨ੍ਹਾਂ ਨੇ ਪੜਾਅ ਕਰਕੇ ਨਾਮ ਬਾਣੀ‌ ਦਾ ਪ੍ਰਚਾਰ ਕੀਤਾ। ਉਸ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਨਾ ਭਾਈ ਲਾਲ ਚੰਦ ਸੁਭੀਖੀਆ ‌ਜੀ ਦੇ ਪੁਰਖਿਆਂ ਨੇ ਜੋ ਲਖਨੌਰ ਵਸਦੇ ਸਨ, ਗੁਰੂ ਨਾਨਕ ਦੇਵ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਗੁਰੂ ਸਾਹਿਬ ਤੋਂ ਬਾਅਦ ਉਨ੍ਹਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਆਪਣੇ ਪਿਤਾ ਦੇ ਸ਼ਰਧਾਲੂਆਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੰਦੇ ਰਹੇ। ਮਾਤਾ ਗੁਜਰੀ ਜੀ ਦੇ ਪਿਤਾ ਭਾਈ ਲਾਲ ਚੰਦ ਸੁਭੀਖੀਆ ਉਨ੍ਹਾਂ ਦੀ ਸੰਗਤ ਵਿੱਚ ਰਹੇ। ਬਾਬਾ ਸ੍ਰੀ ਚੰਦ ਜੀ ਦੇ ਨਾਲ ਉਹ ਵੀ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿੰਨ ਸ਼ਰਧਾਲੂ ਸਨ। ਬਾਬਾ ਜੀ‌ ਦੇ ਨਾਲ ਉਹ ਆਪਣਾ ਨਗਰ ਲਖਨੌਰ ਛੱਡ ਕੇ ‌ਜਲੰਧਰ ਨੇੜੇ ਕਰਤਾਰਪੁਰ ਜਾਂ ਵਸੇ। ਲੇਖਕ/ ਖੋਜਕਾਰ ਸ਼ਮਸ਼ੇਰ ਸਿੰਘ ਅਸ਼ੋਕ ਅਨੁਸਾਰ ਬਾਬਾ ਸ੍ਰੀ ਚੰਦ ਜੀ ਰਾਹੀਂ ਹੀ ਭਾਈ ਸੁਭੀਖੀਆ ‌ਜੀ ਦੀ ਸਪੁੱਤਰੀ ਗੁਜਰੀ ਜੀ ਦਾ ਰਿਸ਼ਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਪੁੱਤਰ (ਗੁਰੂ) ਤੇਗ ਬਹਾਦਰ ਸਾਹਿਬ ਨਾਲ ਹੋਇਆ।

ਆਮਤੌਰ ’ਤੇ ਮਾਤਾ ਗੁਜਰੀ ਜੀ ਦਾ ਪੇਕਾ ਪਿੰਡ ਕਰਤਾਰਪੁਰ (ਕਰਤਾਰਪੁਰ ਸਾਹਿਬ) ਜਲੰਧਰ ਹੀ ਕਿਹਾ ਜਾਂਦਾ ਹੈ, ਪਰ‌ ਇਤਿਹਾਸ ਗਵਾਹ ਹੈ ਕਿ ਉਨ੍ਹਾਂ ਦਾ ਜੱਦੀ ਪੇਕਾ ਪਿੰਡ ਲਖਨੌਰ ਸਾਹਿਬ (ਅੰਬਾਲਾ, ਹਰਿਆਣਾ) ਹੈ। ਜਿੱਥੇ ਹੁਣ ਗੁਰਦੁਆਰਾ ਗੁਰੂ ਦਰਬਾਰ ਸਾਹਿਬ ‌ਸੁਭਾਏਮਾਨ‌‌ ਹੈ। ਗੁਰੂ ਤੇਗ ਬਹਾਦਰ ਜੀ ਦੇ ਮਾਤਾ, ਮਾਤਾ ਨਾਨਕੀ ਜੀ, ਮਹਿਲ ਮਾਤਾ ਗੁਜਰੀ ਜੀ, ਬਾਲ ਸਾਹਿਬਜ਼ਾਦੇ (ਗੁਰੂ) ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਮਾਮਾ ਕਿਰਪਾਲ ਚੰਦ ਜੀ ਦੇ ਚਰਨ‌ ਛੁਹ ਪ੍ਰਾਪਤ ਇਹ ਪੁਰਾਤਨ ਨਗਰ ਲਖਨੌਰ ਸਾਹਿਬ ਅੰਬਾਲਾ ਸ਼ਹਿਰ ਤੋਂ ਸੱਤ ਮੀਲ ਦੱਖਣ ਵੱਲ ਅੰਬਾਲਾ-ਲਲਾਣਾ (ਮਾਤਾ ਗੁਜਰੀ ਮਾਰਗ) ਉੱਤੇ ਸਥਿਤ ਹੈ। ‘ਮਹਾਨ ਕੋਸ਼’ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ 15 ਅੱਸੂ, 1689 ਬਿਕਰਮੀ ਨੂੰ ਮਾਤਾ ਗੁਜਰੀ ਜੀ ਦੀ ਸ਼ਾਦੀ ਗੁਰੂ ਤੇਗ ਬਹਾਦਰ ਜੀ ਨਾਲ ਕਰਤਾਰਪੁਰ‌ ਵਿਖੇ ਹੋਈ ਸੀ ਜਿਸ ਕਾਰਨ ਉਨ੍ਹਾਂ ਦਾ ਪੇਕਾ ਪਿੰਡ ਇਹੋ‌ ਨਗਰ ਪ੍ਰਸਿੱਧ ਹੋ ਗਿਆ। ਮਾਤਾ ਜੀ ਅਤੇ ਉਨ੍ਹਾਂ ਦੇ ਭਰਾ ਕਿਰਪਾਲ ਚੰਦ ਦਾ ਬਚਪਨ ਕਰਤਾਰਪੁਰ ਵਿੱਚ ਬਤੀਤ ਹੋਇਆ।
ਮਾਤਾ ਗੁਜਰੀ ਜੀ ਦੇ ਵਿਆਹੁਤਾ ਜੀਵਨ ਦਾ ਥੋੜ੍ਹਾ ਜਿਹਾ ਸਮਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਹੁਰਾ ਸਾਹਿਬ ਪਿਤਾ ਹਰਿਗੋਬਿੰਦ ਸਾਹਿਬ ਤੇ ਸੱਸ ਮਾਤਾ ਨਾਨਕੀ ਜੀ ਦੀ ਸੇਵਾ ਵਿੱਚ ਬੀਤਿਆ। ਗੁਰੂ ਤੇਗ ਬਹਾਦਰ, ਗੁਰੂ ਪਿਤਾ ਨਾਲ ਸੈਨਿਕ ਦੇ ‌ਤੌਰ ’ਤੇ ਵਿਚਰਦੇ ਸਨ। ਉਹ ਕੁੱਝ ਦੇਰ ਪਰਿਵਾਰ ਨਾਲ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਕੀਰਤਪੁਰ ਸਾਹਿਬ ਵੀ ਰਹੇ। ਉਨ੍ਹਾਂ ਨੇ ਆਪਣੇ ਮਹਿਲ ਮਾਤਾ ਨਾਨਕੀ ਜੀ, ਸਾਹਿਬਜ਼ਾਦੇ (ਗੁਰੂ) ਤੇਗ ਬਹਾਦਰ ਜੀ ਤੇ ਨੂੰਹ ਮਾਤਾ ਗੁਜਰੀ ਜੀ ਨੂੰ ਮੁੜ ਬਕਾਲੇ ਭੇਜ ਦਿੱਤਾ। ਇੱਥੇ ਗੁਰੂ ਜੀ ਨੇ ਇੱਕ ਭੋਰਾ ਖੁਦਵਾਇਆ ਤੇ ਤਪੱਸਿਆ ਵਿੱਚ ਲੀਨ‌ ਰਹੇ। ਇਤਿਹਾਸਕਾਰਾਂ ਅਨੁਸਾਰ ਮਾਤਾ ਗੁਜਰੀ ਜੀ ਨੇ ਦੁਨਿਆਵੀ ਸੁਖ ਤਿਆਗ‌ ਕੇ 26 ਸਾਲ, 6 ਮਹੀਨੇ, 13 ਦਿਨ ਗੁਰੂ ਪਤੀ ਦੀ ਸੇਵਾ ਕੀਤੀ। ਸੱਸ ਮਾਤਾ ਨਾਨਕੀ ਜੀ ਨਾਲ ਘਰ ਗ੍ਰਹਿਸਥੀ ਵੀ ਸੰਭਾਲਦੇ ਤੇ ਸੰਗਤ ਦੀ ਆਓ ਭਗਤ ਵੀ ਕਰਦੇ।‌ ਇਹ ਬਹੁਤ ਸੰਘਰਸ਼ਮਈ ਸਮਾਂ ਸੀ ਜੋ ਉਨ੍ਹਾਂ ਨੇ ਅਤਿਅੰਤ ਧੀਰਜ ਤੇ ਸਬਰ-ਸਿਦਕ ਨਾਲ ਕੱਟਿਆ।

ਉਪਰੰਤ ਨੌਵੇਂ ਗੁਰੂ ਤੇਗ‌ ਬਹਾਦਰ ਜੀ ਨੇ ਬਿਲਾਸਪੁਰ (ਕਹਿਲੂਰ) ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਆਪਣੇ ਮਾਤਾ ਨਾਨਕੀ ਜੀ ‌ਦੇ ਨਾਂ ’ਤੇ ਨਗਰ ‘ਚੱਕ ਨਾਨਕੀ’ ਵਸਾਇਆ। ਇਹ ਸਮਾਂ ਪਾ ਕੇ ਆਨੰਦਪੁਰ ਤੇ ਫਿਰ ਆਨੰਦਪੁਰ ਸਾਹਿਬ ਖਾਲਸੇ ਦੀ ਜਨਮਭੂਮੀ ਬਣ‌ ਗਿਆ। ਗੁਰੂ ਤੇਗ ਬਹਾਦਰ ਸਾਹਿਬ ਲੋਕਾਈ ਦਾ‌ ਉਦਾਰ ਕਰਨ ਲਈ ਆਨੰਦਪੁਰ ਤੋਂ ਪੂਰਬ ਦੇ ਪ੍ਰਾਂਤਾਂ ਵੱਲ ਚੱਲ ਪਏ। ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਵੀ ਨਾਲ ਗਏ। ਕਈ ਥਾਈਂ ਪੜਾਅ ਕਰਦੇ ਗੁਰੂ ਜੀ ਮਨੁੱਖਤਾ ਦੇ ਭਲੇ ਲਈ ਉਪਦੇਸ਼- ਸੰਦੇਸ਼ ਵੰਡਦੇ ਕੁੱਝ ਦੇਰ ਇਲਾਹਾਬਾਦ ਰੁਕੇ ਤੇ ਫਿਰ ਪਟਨਾ ਸਾਹਿਬ ਆ ਪੁੱਜੇ। ਇਸ ਸਮੇਂ ਮਾਤਾ ਗੁਜਰੀ ਜੀ ਮਾਂ ਬਣਨ ਵਾਲੇ ਸਨ। ਗੁਰੂ ਜੀ ਨੇ ਆਪਣੇ ਮਾਤਾ ਜੀ ਤੇ ਮਹਿਲ ਗੁਜਰੀ ਜੀ ਦਾ ਪਟਨਾ ਸਾਹਿਬ ਵਿਖੇ ਹੀ ਠਹਿਰਨਾ ਉਚਿਤ ਸਮਝਿਆ। ਗੁਰੂ ਜੀ ਕੁੱਝ ਸਮਾਂ ਪਟਨਾ ਸਾਹਿਬ ਠਹਿਰੇ ਤੇ ਫਿਰ ਆਨੰਦਪੁਰ ਸਾਹਿਬ ਚਲੇ‌ ਗਏ। ਮੁਗ਼ਲ ਹਕੂਮਤ ਸਿੱਖਾਂ ਦੀ ਤਹਿ ਦਿਲੋਂ ਦੁਸ਼ਮਣ ਹੋ ਗਈ ਸੀ। ਹਾਲਾਤ ਦੇ ਮੱਦੇਨਜ਼ਰ ਗੁਰੂ ਤੇਗ ਬਹਾਦਰ ਸਾਹਿਬ ਨੇ ਮਾਤਾ ਨਾਨਕੀ, ਮਹਿਲ ਮਾਤਾ ਗੁਜਰੀ ਜੀ ਅਤੇ ਬਾਲ‌ ਸਾਹਿਬਜ਼ਾਦੇ ਗੋਬਿੰਦ ਰਾਇ ਜੀ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਪਟਨਾ ਸਾਹਿਬ ਵਿਖੇ ਹੀ ਠਹਿਰਨ ਲਈ ਕਿਹਾ।
ਗੁਰੂ ਤੇਗ ਬਹਾਦਰ ਜੀ ਦਾ ਹੁਕਮ ਆਉਣ ਉਪਰੰਤ ਪਰਿਵਾਰ ਪਟਨਾ ਸਾਹਿਬ ਤੋਂ ਕੁਰੂਕਸ਼ੇਤਰ ਦੇ ਰਸਤੇ ਹੁੰਦਾ ਮਾਤਾ ਗੁਜਰੀ ਜੀ ਦੇ ਜੱਦੀ ਪੁਸ਼ਤੈਨੀ ਪਿੰਡ ਲਖਨੌਰ ਪੁੱਜਾ।‌ ਇੱਥੇ ਭਾਈ ਜੇਠਾ ਨਾਂ ਦੇ ਮਸੰਦ ਨੇ ਪਰਿਵਾਰ ਦੀ ਦੇਖਭਾਲ ਦਾ ਜ਼ਿੰਮਾ ਲਿਆ। ਇਤਿਹਾਸਕ ਨਗਰ ਹੋਣ ਦੇ ਬਾਵਜੂਦ ਇਸ ਦੀ ਬਾਹਰੀ ਦਸ਼ਾ ਬਹੁਤੀ ਚੰਗੀ ਨਹੀਂ। ਝੱਲ-ਝਾੜੀਆਂ ਤੇ ਖੰਡਰ ਜਾਂ ਥੇਹ ਵੀ ਨਜ਼ਰ ਆਉਂਦੇ ਹਨ। ਲਖਨੌਰ ਦਾ ਸਬੰਧ ਖੋਜਕਾਰ ਕੌਰਵਾਂ-ਪਾਂਡਵਾਂ ਦੇ ਸਮੇਂ ਨਾਲ ਜੁੜਿਆ ਹੋਣ ਦੀ ਗੱਲ ਵੀ ਕਰਦੇ ਹਨ। ਇਹ ਇਤਿਹਾਸਕ ਨਗਰ ਕਦੇ ਘੁੱਗ ਵਸਦਾ ਹੋਵੇਗਾ ਇਸ‌ ਦੀ ਪੁਸ਼ਟੀ ਪੁਰਾਤਨ ਖੰਡਰ ਕਰਦੇ ਹਨ।

ਜਦੋਂ ਮਾਤਾ ਗੁਜਰੀ ਜੀ ਵਰ੍ਹਿਆਂ ਪਿੱਛੋਂ ਇੱਥੇ ਆਏ ਤਾਂ ਲਖਨੌਰ ਪਿੰਡ ਵਿੱਚ ਪਾਣੀ ਦੀ ਬਹੁਤ ਦਿੱਕਤ ਸੀ। ਖੂਹਾਂ ਦਾ ਪਾਣੀ ਖਾਰਾ ਸੀ। ਮਾਤਾ ਜੀ‌ ਨੇ ਜੇਠਾ ਮਸੰਦ ਰਾਹੀਂ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਖੂਹ ਲਗਾਉਣ ਲਈ ਸਲਾਹ ਮੰਗੀ। ਪਿੰਡ ਦੀ ਚੜ੍ਹਦੀ ਦਿਸ਼ਾ ਵੱਲ ਪੁਰਾਣੀ ਪਰ ਪੱਕੀ ਮਣ (ਮੌਣ) ਦੇ ਨਿਸ਼ਾਨ ਦੇਖ‌‌ ਕੇ ਮਾਤਾ ਜੀ ਦੇ ਹੁਕਮ ਨਾਲ ਜਦੋਂ ਉਸ ਥਾਂ ਨੂੰ ਪੁੱਟਿਆ ਗਿਆ ਤਾਂ ਠੰਢੇ-ਮਿੱਠੇ ਨਿਰਮਲ ਪਾਣੀ ਦਾ ਖੂਹ ਪ੍ਰਗਟ ਹੋਇਆ। ਦੁਬਾਰਾ ਉਸਾਰੀ ਕਰਨ ਨਾਲ ਉਹ ਖੂਹ ਹੁਣ ਖੂਹੀ ਦੇ ਰੂਪ ਵਿੱਚ ਮੌਜੂਦ ਹੈ। ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਉਂਦੀ ਸੰਗਤ ਬਹੁਤ ਸ਼ਰਧਾ ਨਾਲ ਉਸ ਖੂਹੀ‌ ਦਾ ਜਲ ਛਕਦੀ ਤੇ ਘਰਾਂ ਨੂੰ ਲੈ ਕੇ ਜਾਂਦੀ ਹੈ।

ਗੁਰਦੁਆਰਾ ‘ਗੁਰੂ ਦਰਬਾਰ’ ਦੇ‌ ਨਜ਼ਦੀਕ ਚੜ੍ਹਦੀ ਵੱਲ ਹੀ‌ ਸਰੋਵਰ ’ਤੇ ਪੁਰਾਤਨ ਬਾਉਲੀ ਸਾਹਿਬ ਵੀ ਹੈ। ਇਤਿਹਾਸਕਾਰਾਂ ਮੁਤਾਬਕ ਗੁਰੂ ਪਰਿਵਾਰ ਸੰਨ 1673 ਵਿੱਚ ਪਟਨਾ ਸਾਹਿਬ ਤੋਂ ਲਖਨੌਰ ਆਇਆ। ਗੁਰੂ ਤੇਗ ਬਹਾਦਰ ਸਾਹਿਬ ਦਾ ਹੁਕਮਨਾਮਾ ਆਉਣ ’ਤੇ ਸਮੂਹ ਪਰਿਵਾਰ ਆਨੰਦਪੁਰ ਸਾਹਿਬ ਪੁੱਜਿਆ।
ਗੁਰਦੁਆਰਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ਼ਸਤਰ ਜਿਨ੍ਹਾਂ ਵਿੱਚ ਸਰਬ ਲੋਹ ਦੇ ਦੋ ਤੀਰ, ਕਟਾਰ ਦੀ ਸ਼ਕਲ ਦੀ ਇੱਕ ਬਰਛੀ ਤੇ ਇੱਕ ਜਮਦਾੜ੍ਹ ਸੁਭਾਇਮਾਨ ਹਨ। ਮਾਤਾ ਨਾਨਕੀ ਜੀ ਤੇ ਮਾਤਾ ਗੁਜਰੀ ਜੀ ਦੀਆਂ ਪਵਿੱਤਰ ਯਾਦਗਾਰੀ ਵਸਤੂਆਂ ਵੀ ਬਹੁਤ ਆਦਰ‌ ਸਹਿਤ ਸੰਭਾਲੀਆਂ ਗਈਆਂ ਹਨ। ਇਨ੍ਹਾਂ ਅਨਮੋਲ ਵਸਤੂਆਂ ਵਿੱਚ ਬਾਲ ਗੋਬਿੰਦ ਰਾਇ (ਗੁਰੂ ਗੋਬਿੰਦ ਸਿੰਘ ਜੀ) ਦਾ ਪਲੰਘ ਵੀ ਸੁਸ਼ੋਭਿਤ ਹੈ। ਮਾਤਾ ਗੁਜਰੀ ਜੀ ਦਾ ਪਲੰਘ ਵੀ ਜਿਉਂ ਦਾ ਤਿਉਂ ਮੌਜੂਦ ਹੈ। ਦੋਵੇਂ ਪਲੰਘ‌ ਸੁੰਦਰ ਬਿਸਤਰਿਆਂ ਨਾਲ ਸਜ਼ਾ ਕੇ ਰੱਖੇ ਗਏ ਹਨ। ਮਾਤਾ ਨਾਨਕੀ ਜੀ ਦੇ ਪਲੰਘ ਦੇ ਦੋ ਪੁਰਾਤਨ ਪਾਵੇ ਵੀ ਸੁਰੱਖਿਅਤ ਰੱਖੇ‌ ਗਏ ਹਨ। ਮਾਤਾ ਜੀ ਦੇ ਲੰਗਰ (ਰਸੋਈ) ਦੀਆਂ ਲੱਕੜ ਦੀਆਂ ਦੋ ਪਰਾਤਾਂ ਵੀ ਮੌਜੂਦ ਹਨ। ਇਨ੍ਹਾਂ ਦੁਰਲੱਭ ਵਸਤਾਂ ਦੇ ਦਰਸ਼ਨ ਕਰਦਿਆਂ ਜਿਵੇਂ ਜਿਵੇਂ ਗੁਰੂ ਕਾਲ ਪ੍ਰਤੱਖ ਦਿਸਦਾ ਹੈ।

ਬਾਲ ਗੁਰੂ ਗੋਬਿੰਦ ਸਿੰਘ ਜੀ ਦੀ ਬਾਲ ਉਮਰ ਦੇ ਚਰਨ ਛੋਹ ਪ੍ਰਾਪਤ ਹੋਰ ਪਵਿੱਤਰ ਅਸਥਾਨ ਵੀ ਹਨ ਜਿਨ੍ਹਾਂ ਵਿੱਚੋਂ ਗੁਰਦੁਆਰਾ ‘ਗੇਂਦ ਸਰ’ ਸਾਹਿਬ ਮੁੱਖ ਗੁਰਦੁਆਰਾ ਸਾਹਿਬ ਤੋਂ ਥੋੜ੍ਹੀ ਦੂਰੀ ’ਤੇ ਸੁਸ਼ੋਭਿਤ ਹੈ। ਇੱਥੇ ਗੁਰੂ ਜੀ ਆਪਣੇ ਸਾਥੀਆਂ ਨਾਲ ਖਿੱਦੋ ਖੂੰਡੀ ਖੇਡਦੇ ਸਨ।‌ ਸੰਨ 1673 ਵਿੱਚ ਗੁਰੂ ਪਰਿਵਾਰ ਲਖਨੌਰ ਸਾਹਿਬ ਆਇਆ ਤੇ ਮੁੜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੁਕਮ ਆਉਣ ਉਪਰੰਤ ਸ੍ਰੀ ਆਨੰਦਪੁਰ ਸਾਹਿਬ ਪੁੱਜ ਗਿਆ। ਇਤਿਹਾਸ ਦੱਸਦਾ ਹੈ ਕਿ ਦੁਬਾਰਾ ਗੁਰੂ ਪਰਿਵਾਰ ਲਖਨੌਰ ਸਾਹਿਬ ਨਹੀਂ ਗਿਆ, ਪਰ ਉਨ੍ਹਾਂ ਦੇ‌ ਪਾਕ-ਪਵਿੱਤਰ ਚਰਨਾਂ ਦੀ ਛੁਹ ਸਦਕਾ ਅੱਜ ਵੀ ਸ਼ਰਧਾਲੂਆਂ ਨੂੰ ਉਨ੍ਹਾਂ ਦੀ ਹੋਂਦ ਦਾ ਅਹਿਸਾਸ ਹੁੰਦਾ ਹੈ।