ਮਾਣਹਾਨੀ ਕੇਸ: ਰਾਹੁਲ ਗਾਂਧੀ ਦੀ ਅਪੀਲ ’ਤੇ ਸੁਣਵਾਈ ਤੋਂ ਲਾਂਭੇ ਹੋਈ ਹਾਈ ਕੋਰਟ ਦੀ ਜੱਜ

ਮਾਣਹਾਨੀ ਕੇਸ: ਰਾਹੁਲ ਗਾਂਧੀ ਦੀ ਅਪੀਲ ’ਤੇ ਸੁਣਵਾਈ ਤੋਂ ਲਾਂਭੇ ਹੋਈ ਹਾਈ ਕੋਰਟ ਦੀ ਜੱਜ

ਕਾਂਗਰਸ ਆਗੂ ਨੇ ਅਪੀਲ ਦਾਇਰ ਕਰ ਕੇ ਸੂਰਤ ਸੈਸ਼ਨਜ਼ ਕੋਰਟ ਦੇ ਫ਼ੈਸਲੇ ਨੂੰ ਦਿੱਤੀ ਹੈ ਚੁਣੌਤੀ
ਅਹਿਮਦਾਬਾਦ – ਗੁਜਰਾਤ ਹਾਈ ਕੋਰਟ ਦੀ ਇਕ ਜੱਜ ਅਪਰਾਧਕ ਮਾਣਹਾਨੀ ਦੇ ਕੇਸ ਵਿਚ ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਪੀਲ ਉਤੇ ਸੁਣਵਾਈ ਤੋਂ ਲਾਂਭੇ ਹੋ ਗਈ ਹੈ। ਰਾਹੁਲ ਨੇ ਹਾਈ ਕੋਰਟ ਵਿਚ ਸੂਰਤ ਸੈਸ਼ਨਜ਼ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੂਰਤ ਦੀ ਅਦਾਲਤ ਨੇ ਮਾਣਹਾਨੀ ਕੇਸ ਵਿਚ ਰਾਹੁਲ ਦੀ ਸਜ਼ਾ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਸੀ। ਇਹ ਮਾਮਲਾ ‘ਮੋਦੀ ਉਪਨਾਮ’ ਬਾਰੇ ਕੀਤੀ ਟਿੱਪਣੀ ਨਾਲ ਸਬੰਧਤ ਹੈ। ਗਾਂਧੀ ਦੇ ਵਕੀਲ ਪੀ.ਐੱਸ. ਚੰਪਾਨੇਰੀ ਨੇ ਜਸਟਿਸ ਗੀਤਾ ਗੋਪੀ ਦੀ ਅਦਾਲਤ ਵਿਚ ਇਹ ਕੇਸ ਸੁਣਵਾਈ ਲਈ ਰੱਖਿਆ ਸੀ। ਉਨ੍ਹਾਂ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ ਪਰ ਸੰਖੇਪ ਸੁਣਵਾਈ ਤੋਂ ਬਾਅਦ ਜੱਜ ਨੇ ਕਿਹਾ, ‘ਇਹ ਕੇਸ ਮੇਰੇ ਅੱਗੇ ਨਾ ਰੱਖੋ’। ਗਾਂਧੀ ਨੇ ਮੰਗਲਵਾਰ ਹੀ ਅਪੀਲ ਦਾਇਰ ਕੀਤੀ ਸੀ। ਚੰਪਾਨੇਰੀ ਨੇ ਕਿਹਾ ਕਿ ਅਦਾਲਤ ਨੇ ਪਹਿਲਾਂ ਉਨ੍ਹਾਂ ਦਾ ਮਾਮਲਾ ਅੱਜ ਸੁਣਨ ਲਈ ਹਾਮੀ ਭਰੀ ਸੀ, ਪਰ ਜਦ ਇਹ ਸੁਣਵਾਈ ਲਈ ਆਇਆ ਤਾਂ ਜੱਜ ਇਸ ਤੋਂ ਲਾਂਭੇ ਹੋ ਗਈ। ਉਨ੍ਹਾਂ ਕਿਹਾ ਕਿ ਹੁਣ ਕਾਰਜਕਾਰੀ ਚੀਫ ਜਸਟਿਸ ਨੂੰ ਨੋਟ ਭੇਜ ਕੇ ਇਸ ਮਾਮਲੇ ਨੂੰ ਕਿਸੇ ਹੋਰ ਅਦਾਲਤ ਅੱਗੇ ਰੱਖਣ ਦੀ ਬੇਨਤੀ ਕੀਤੀ ਜਾਵੇਗੀ। ਵਕੀਲ ਨੇ ਕਿਹਾ ਕਿ ਇਹ ਕੇਸ ਜਸਟਿਸ ਗੀਤਾ ਗੋਪੀ ਦੀ ਅਦਾਲਤ ਵਿਚ ਇਸ ਲਈ ਰੱਖਿਆ ਗਿਆ ਸੀ ਕਿਉਂਕਿ ਉਹ ਅਜਿਹੇ ਅਪੀਲੀ ਵਿਸ਼ਿਆਂ ਉਤੇ ਸੁਣਵਾਈ ਕਰਦੇ ਹਨ। ਜ਼ਿਕਰਯੋਗ ਹੈ ਕਿ ਸੂਰਤ ਦੇ ਮੈਟਰੋਪੌਲਿਟਨ ਮੈਜਿਸਟਰੇਟ ਨੇ 23 ਮਾਰਚ ਨੂੰ ਸਾਬਕਾ ਕਾਂਗਰਸ ਪ੍ਰਧਾਨ ਨੂੰ ਮਾਣਹਾਨੀ ਕੇਸ ਵਿਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸਜ਼ਾ ਤੋਂ ਬਾਅਦ ਗਾਂਧੀ ਨੂੰ ਸੰਸਦ ਵਿਚੋਂ ਅਯੋਗ ਠਹਿਰਾ ਦਿੱਤਾ ਗਿਆ ਸੀ। ਕਾਂਗਰਸ ਆਗੂ ਨੇ ਮਗਰੋਂ ਫ਼ੈਸਲੇ ਨੂੰ ਸੈਸ਼ਨਜ਼ ਕੋਰਟ ਵਿਚ ਚੁਣੌਤੀ ਦਿੱਤੀ ਸੀ। ਉਨ੍ਹਾਂ ਸੂਰਤ ਦੀ ਇਸ ਅਦਾਲਤ ਵਿਚ ਸਜ਼ਾ ਉਤੇ ਰੋਕ ਮੰਗੀ ਸੀ। ਅਦਾਲਤ ਨੇ ਰਾਹੁਲ ਨੂੰ 20 ਅਪਰੈਲ ਨੂੰ ਜ਼ਮਾਨਤ ਦਿੰਦਿਆਂ ਸਜ਼ਾ ਉਤੇ ਰੋਕ ਤੋਂ ਇਨਕਾਰ ਕਰ ਦਿੱਤਾ ਸੀ।