ਮਾਘੀ ਜੋੜ ਮੇਲ ’ਤੇ ਵਿਸ਼ੇਸ਼ – ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ

ਮਾਘੀ ਜੋੜ ਮੇਲ ’ਤੇ ਵਿਸ਼ੇਸ਼ – ਖਿਦਰਾਣੇ ਦੀ ਢਾਬ ਤੋਂ ਮੁਕਤਸਰ ਸਾਹਿਬ

ਰੂਪ ਸਿੰਘ (ਡਾ.)
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਪ੍ਰਸਿੱਧ ਇਤਿਹਾਸਕ ਨਗਰ ਹੈ ਸ੍ਰੀ ਮੁਕਤਸਰ ਸਾਹਿਬ। ਇਸ ਨਗਰ ਦਾ ਪਹਿਲਾ ਨਾਂਅ ਖਿਦਰਾਣੇ ਦੀ ਢਾਬ ਜਾਂ ਤਾਲ ਖਿਦਰਾਣਾ ਸੀ। ਇਸ ਅਸਥਾਨ ’ਤੇ ਵਰਖਾ ਦਾ ਪਾਣੀ ਚਾਰਾਂ-ਪਾਸਿਆਂ ਤੋਂ ਆ ਕੇ ਇਕੱਤਰ ਹੋ ਜਾਂਦਾ ਜੋ ਸਾਲ ਭਰ ਦੂਰ-ਦੁਰਾਡੇ ਤੱਕ ਲੋਕਾਂ ਦੀ ਪਾਣੀ ਦੀ ਮੰਗ ਨੂੰ ਪੂਰਿਆਂ ਕਰਦਾ। ਇਲਾਕਾ ਰੇਤਲਾ ਸੀ ਤੇ ਹੋਰ ਕਿਧਰੇ ਨੇੜੇ-ਨੇੜੇ ਪਾਣੀ ਦੇ ਭੰਡਾਰ ਨਹੀਂ ਸਨ। ਇਸ ਕਰਕੇ ਖਿਦਰਾਣੇ ਦੀ ਢਾਬ ਜਾਂ ਤਾਲ ਪਾਣੀ ਦੀ ਮਹੱਤਤਾ ਕਰਕੇ ਪਹਿਲਾਂ ਹੀ ਇਲਾਕੇ ਵਿਚ ਕਾਫੀ ਜਾਣਿਆ-ਪਛਾਣਿਆ ਨਾਂਅ ਸੀ ਤੇ ਫਿਰ ਇਸ ਅਸਥਾਨ ਨੂੰ ਦਸਮੇਸ਼ ਪਿਤਾ ਗੁਰੂ ਗੋਬਿਦ ਸਿੰਘ ਜੀ ਦੀ ਪਾਵਨ ਚਰਨ-ਛੋਹ ਪ੍ਰਾਪਤ ਹੋਣ ’ਤੇ ਦਸਮੇਸ਼ ਪਿਆਰੇ ਗੁਰਸਿੱਖਾਂ ਦੇ ਪਵਿੱਤਰ ਖ਼ੂਨ ਨਾਲ ਇਹ ਧਰਤੀ ਹਮੇਸ਼ਾ-ਹਮੇਸ਼ਾ ਪਾਵਨ ਹੋ ਮੁਕਤਸਰ ਸ੍ਰੀ ਮੁਕਤਸਰ ਸਾਹਿਬ ਅਖਵਾਈ। ਹੁਣ ਲੋਕ ਇਸ ਪਾਵਨ ਧਰਤੀ ਤੇ ਸਰੋਵਰ ਦੇ ਦਰਸ਼ਨ ਇਸ਼ਨਾਨ ਕਰ ਜੀਵਨ ਸਫਲ ਕਰਦੇ ਹਨ। ਖਿਦਰਾਣੇ ਦੀ ਢਾਬ ਜਾਂ ਤਾਲ ਕਿਵੇਂ ਬਣਿਆ? ਇਤਿਹਾਸਕ ਵਾਕਿਆ ਇਉਂ ਹੈ:
1704 ਈ: ਤੱਕ ਪਹਾੜੀ ਰਾਜਿਆਂ ਤੇ ਮੁਗ਼ਲਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਏ ਬਹੁਤ ਸਾਰੇ ਯੁੱਧਾਂ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਦਸਮੇਸ਼ ਪਿਤਾ ਦੀਆਂ ਲਾਡਲੀਆਂ ਫ਼ੌਜਾਂ ਦੀ ਤਾਕਤ ਤੋਂ ਉਹ ਭਲੀ-ਭਾਂਤ ਜਾਣੂ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਨ੍ਹਾਂ ਆਖ਼ਰੀ ਵਾਰ ਦੋ ਹੱਥ ਕਰਨ ਲਈ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਫ਼ੌਜੀ ਮਦਦ ਦੀ ਮੰਗ ਕੀਤੀ। ਔਰੰਗਜ਼ੇਬ ਆਪ ਤਾਂ ਉਸ ਸਮੇਂ ਦੱਖਣ ਦੀ ਮੁਹਿੰਮ ’ਤੇ ਸੀ ਪਰ ਉਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਸਰਹਿੰਦ-ਲਾਹੌਰ ਦੇ ਸੂਬੇਦਾਰਾਂ ਨੂੰ ਹੁਕਮ ਜਾਰੀ ਕੀਤੇ। ਇਸ ਤਰ੍ਹਾਂ ਸਰਹਿੰਦ-ਲਾਹੌਰ ਦੇ ਸੂਬੇਦਾਰਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਚੁਫ਼ੇਰੇ ਤੋਂ ਘੇਰਾ ਪਾ ਲਿਆ, ਕਿਉਂਕਿ ਦਸਮੇਸ਼ ਪਿਤਾ ਦੇ ਸੂਰਮੇ ਸਿੰਘਾਂ ਨੇ ਪਹਿਲਾਂ ਕਈ ਵਾਰ ਮੈਦਾਨ-ਏ-ਜੰਗ ਵਿਚ ਪਹਾੜੀ ਰਾਜਿਆਂ ਦੀਆਂ ਦੌੜਾਂ ਲਗਾਈਆਂ ਸਨ। ਉਨ੍ਹਾਂ ਆਹਮੋ-ਸਾਹਮਣੀ ਲੜਾਈ ਨਾਲੋਂ ਘੇਰਾਬੰਦੀ ’ਤੇ ਜ਼ਿਆਦਾ ਜ਼ੋਰ ਦਿੱਤਾ।
1704 ਈ: ਗਰਮੀ ਦੇ ਮਹੀਨਿਆਂ ਵਿਚ ਬਾਰਸ਼ਾਂ ਨਾਲ ਦੁਸ਼ਮਣ ਫ਼ੌਜਾਂ ਦਾ ਬੁਰਾ ਹਾਲ ਹੋਣ ਲੱਗਾ। ਸਮੇਂ-ਸਮੇਂ ਖ਼ਾਲਸਾ ਫ਼ੌਜਾਂ ਹਮਲਾ ਕਰਕੇ ਦੁਸ਼ਮਣਾਂ ਦਾ ਜਾਨੀ ਤੇ ਮਾਲੀ ਨੁਕਸਾਨ ਕਰਦੇ ਹੋਏ ਰਸਦਾਂ ਦਾ ਪ੍ਰਬੰਧ ਕਰ ਲੈਂਦੀਆਂ। ਖ਼ਾਲਸਾ ਫ਼ੌਜ ਦੇ ਅਚਾਨਕ ਹਮਲਿਆਂ ਕਰਕੇ ਦੁਸ਼ਮਣਾਂ ਦੇ ਹੌਸਲੇ ਪਸਤ ਹੋ ਚੁੱਕੇ ਸਨ। ਦੁਸ਼ਮਣ ਫ਼ੌਜ ਨੂੰ ਆਪਣੀ ਬਹੁ-ਗਿਣਤੀ ’ਤੇ ਮਾਣ ਸੀ। ਵਜ਼ੀਰ ਖਾਂ ਦੇ ਹੁਕਮ ਨਾਲ ਘੇਰਾਬੰਦੀ ਹੋਰ ਸਖ਼ਤ ਕਰ ਦਿੱਤੀ ਗਈ। ਘੇਰਾ ਲੰਮੇਰਾ, ਸਖ਼ਤ ਹੋਣ ਕਰਕੇ ਨਿਤ ਦੀ ਲੜਾਈ ਨਾਲ ਖ਼ਾਲਸਾ ਫ਼ੌਜਾਂ ਦੀ ਗਿਣਤੀ ਦਿਨ-ਬ-ਦਿਨ ਘਟਦੀ ਜਾ ਰਹੀ ਸੀ। ਅਨਾਜ-ਪਾਣੀ ਦੇ ਭੰਡਾਰੇ ਖ਼ਤਮ ਹੋਣ ਨੂੰ ਆ ਗਏ। ਪਸ਼ੂਆਂ ਲਈ ਚਾਰੇ ਦੀ ਭਾਰੀ ਕਿੱਲਤ ਆ ਗਈ। ਬਹੁਤ ਸਾਰੇ ਬਹਾਦਰ ਸਿੰਘ ’ਤੇ ਪਾਲਤੂ ਜਾਨਵਰ ਭੁੱਖ ਦੀ ਭੇਟ ਚੜ੍ਹ ਗਏ। ਸਿਦਕੀ ਸਿੰਘਾਂ ਦੀ ਸਿਦਕ-ਸਬੂਰੀ ਦੀ ਪਰਖ ਹੋ ਰਹੀ ਸੀ। ਦੁਸ਼ਮਣ ਦੇ ਵਾਰ-ਵਾਰ ਢੰਡੋਰਾ ਦੇਣ ’ਤੇ ਵੀ ਜੇਕਰ ਕੋਈ ਖਾਲੀ ਹੱਥ ਜਾਣਾ ਚਾਹੇ ਤਾਂ ਉਸ ਨੂੰ ਜਾਣ ਦਿੱਤਾ ਜਾਵੇਗਾ, ਕੋਈ ਵੀ ਸਿੰਘ ਸਿਦਕ ਤੋਂ ਨਹੀਂ ਡੋਲਿਆ।
ਗੁਰੂ ਜੀ ਨੇ ਪੰਚ-ਪ੍ਰਧਾਨੀ ਸਿਧਾਂਤ ਨੂੰ ਸਥਾਪਤ ਕਰ, ਖ਼ਾਲਸੇ ਵਿਚ ਏਨਾ ਆਤਮ-ਵਿਸ਼ਵਾਸ, ਜੁਅਰਤ ਭਰ ਦਿੱਤੀ ਕਿ ਖ਼ਾਲਸਾ ਸਮੇਂ-ਸਮੇਂ ਗੁਰੂ ਜੀ ਨੂੰ ਨਿਝਕ ਹੋ ਸਲਾਹ, ਸੁਝਾਅ ਤੇ ਰਾਇ ਦੇ ਸਕਦਾ ਸੀ। ਕੁਝ ਸਿੰਘਾਂ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ। ਵੱਖ-ਵੱਖ ਸਮੇਂ ਯੁੱਧ ਦੇ ਢੰਗ ਤਰੀਕੇ ਅਲੱਗ-ਅਲੱਗ ਹੁੰਦੇ ਹਨ। ਗੁਰੂ ਜੀ ਨੇ ਇਸ ਸਮੇਂ ’ਇੰਤਜ਼ਾਰ ਕਰੋ ਤੇ ਦੇਖੋ’ ਦੀ ਨੀਤੀ ’ਤੇ ਚੱਲਣ ਲਈ ਕਿਹਾ। ਪਰ ਕੁਝ ਸਿੰਘ ਇਸ ਮੁਸ਼ਕਲ ਦੀ ਘੜੀ ਕੁਝ ਮਨ ਦੀ ਮਤ ਮਗਰ ਲੱਗ ਮਨਮੁਖ ਬਣ ਗੁਰੂ ਜੀ ਦਾ ਸਾਥ ਛੱਡਣ ਲੱਗੇ। ਗੁਰਦੇਵ ਸਮਰੱਥ ਸਨ। ਜੇਕਰ ਉਹ ਚਾਹੁੰਦੇ ਤਾਂ ਉਸ ਸਮੇਂ ਹੀ ਉਨ੍ਹਾਂ ਦਾ ਭੁਲੇਖਾ ਦੂਰ ਕਰ ਸਕਦੇ ਸਨ। ਪਰ ਗੁਰਦੇਵ ਨੇ ਖ਼ਾਲਸੇ ਨੂੰ ਸਰਬ-ਗੁਣ ਸੰਪੰਨ ਬਣਾਉਣਾ ਸੀ। ਭੁੱਲੇ ਨੂੰ ਭੁੱਲ ਦਾ, ਅਹਿਸਾਸ ਕਰਵਾ, ‘ਚਰਣ ਚਲੋ ਮਾਰਗ ਗੋਬਿੰਦ’ ਦੇ ਪਾਂਧੀ ਬਣਾ, ਇਕ ਨਵੀਂ ਮਿਸਾਲ ਬਣਾਉਣਾ ਸੀ। ਭੁੱਲ ਹਰ ਕੋਈ ਕਰ ਸਕਦਾ ਹੈ, ਕਿਉਂਕਿ ਵਿਸ਼ਵ ਦਾ ਹਰ ਮਨੁੱਖ ਭੁੱਲਣਹਾਰ ਹੈ, ਕੇਵਲ ਕਰਤਾ ਹੀ ਅਭੁੱਲ ਹੈ:
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-61)
ਪੇਟ ਦੀ ਭੁੱਖ ਜੋ ਮਨੁੱਖ ਨੂੰ ਮਜਬੂਰ ਕਰ ਦਿੰਦੀ ਹੈ। ਭਗਤ ਕਬੀਰ ਜੀ ਦਾ ਵੀ ਕਥਨ ਹੈ ਕਿ ਹੇ ਪ੍ਰਭੂ ਆਹ ਆਪਣੀ ਮਾਲਾ ਸਾਂਭ ਲੈ ਭੁੁਖੇ ਪੇਟ, ਭਗਤੀ ਨਹੀਂ ਹੋ ਸਕਦੀ ‘ਭੂਖੇ ਭਗਤ ਨ ਕੀਜੈ॥ ਯਹ ਮਾਲਾ ਅਪਨੀ ਲੀਜੈ॥’ (ਅੰਗ-656) ਇਨ੍ਹਾਂ ਸਿੰਘਾਂ ਉਤੇ ਪੇਟ ਦੀ ਭੁੱਖ ਵੀ ਭਾਰੂ ਹੋਈ। ਭੁੱਖ ਦੇ ਦੁੱਖ ਤੋਂ ਤੰਗ ਆ ਕੇ ਕੁਝ ਸਿੰਘਾਂ ਨੇ (ਜਿਨ੍ਹਾਂ ਦੀ ਗਿਣਤੀ ਇਤਿਹਾਸ ਵਿਚ 40 ਦੱਸੀ ਗਈ ਹੈ) ਗੁਰੂ ਤੋਂ ਬੇਮੁਖ ਹੋ ਅਨੰਦਪੁਰ ਨੂੰ ਛੱਡ ਜਾਣ ਦਾ ਇਰਾਦਾ ਕਰ ਲਿਆ। ਗੁਰੂ ਜੀ ਦੇ ਪੇਸ਼ ਹੋ ਇਨ੍ਹਾਂ ਸਿੰਘਾਂ ਬੇਨਤੀ ਕੀਤੀ : ਗੁਰਦੇਵ! ਅਸੀਂ ਜਾਣਾ ਚਾਹੁੰਦੇ ਹਾਂ?
ਦਸਮੇਸ਼ ਪਿਤਾ ਨੇ ਇਨ੍ਹਾਂ ਸਿੰਘਾਂ ਨੂੰ ਪਿਆਰ ਭਰੀਆਂ ਨਜ਼ਰਾਂ ਨਾਲ ਤੱਕਿਆ ਤੇ ਬਚਨ ਕੀਤਾ, ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਚਲੇ ਜਾਓ ਪਰ ਜਾਣ ਦੀ ਨਿਸ਼ਾਨੀ ਦੇ ਜਾਓ ਕਿ ਅਸੀਂ ਛੱਡ ਕੇ ਜਾ ਰਹੇ ਹਾਂ! ਸਿੰਘਾਂ ਲਿਖ ਕੇ ਦੇ ਦਿੱਤਾ, ਜਿਸ ਨੂੰ ਇਤਿਹਾਸ ਵਿਚ ਬੇਦਾਵਾ ਕਿਹਾ ਗਿਆ ਹੈ। ਇਨ੍ਹਾਂ ਸਿੰਘਾਂ ਨੇ ਅਨੰਦਪੁਰ ਨੂੰ ਛੱਡ ਘਰਾਂ ਵੱਲ ਨੂੰ ਮੂੰਹ ਕੀਤੇ। ਜਿਉਂ ਹੀ ਇਹ ਅਨੰਦਪੁਰ ਤੋਂ ਦੂਰ ਹੋਏ, ਇਨ੍ਹਾਂ ਨੂੰ ਗੁਰੂ ਜੀ ਦੇ ਵਿਛੋੜੇ ਦੀ ਪੀੜਾ ਤੰਗ ਕਰਨ ਲੱਗੀ। ਕਈ ਵਾਰ ਪਿਆਰ ਦਾ ਅਹਿਸਾਸ ਵਿਛੋੜੇ ਵਿਚ ਹੀ ਹੁੰਦਾ ਹੈ। ਜਦ ਘਰੀਂ ਪਹੁੰਚੇ ਤਾਂ ਇਨ੍ਹਾਂ ਨੂੰ ਸ਼ਰਮਿੰਦਗੀ ਨੇ ਪੂਰੀ ਤਰ੍ਹਾਂ ਆ ਘੇਰਿਆ, ਪਰ ਹੁਣ ਸਮਾਂ ਲੰਘ ਚੁੱਕਿਆ ਸੀ।
ਦੂਸਰੇ ਪਾਸੇ ਇਸ ਲੰਮੇਰੀ ਜੰਗ ਤੋਂ ਪਹਾੜੀ ਰਾਜੇ ਵੀ ਪੂਰੀ ਤਰ੍ਹਾਂ ਤੰਗ ਆ ਚੁੱਕੇ ਸਨ। ਅੰਤ ਤੰਗ ਆ ਕੇ ਪਹਾੜੀ ਰਾਜਿਆਂ ਅਤੇ ਸਰਹਿੰਦ ਤੇ ਲਾਹੌਰ ਦੇ ਸੂਬੇਦਾਰਾਂ ਨੇ ਆਪਣੇ ਦਸਤਖਤਾਂ ਹੇਠ ਬਾਦਸ਼ਾਹ ਵਲੋਂ ਪਰਵਾਨਾ ਭੇਜਿਆ ਕਿ ਜੇਕਰ ਗੁਰੂ ਜੀ ਅਨੰਦਪੁਰ ਸਾਹਿਬ ਨੂੰ ਖਾਲੀ ਕਰ ਜਾਣ ਤਾਂ ਉਨ੍ਹਾਂ ਨੂੰ ਬਿਨਾਂ ਰੋਕ-ਟੋਕ ਦੇ ਜਾਣ ਦਿੱਤਾ ਜਾਵੇਗਾ। ਇਸ ਲਈ ਮੁਸਲਮਾਨਾਂ ਨੇ ਕੁਰਾਨ ਤੇ ਪਹਾੜੀ ਰਾਜਿਆਂ ਨੇ ਗਊ ਦੀਆਂ ਕਸਮਾਂ ਵੀ ਖਾਧੀਆਂ। ਗੁਰਦੇਵ ਪਿਤਾ ਪਹਾੜੀ ਰਾਜਿਆਂ ਦੇ ਚਰਿੱਤਰ ਤੋਂ ਚੰਗੀ ਤਰ੍ਹਾਂ ਜਾਣੂ ਸਨ ਪਰ ਸਿੰਘਾਂ ਇਕੱਤਰ ਹੋ ਸਲਾਹ ਦਿੱਤੀ ਕਿ ਸਾਨੂੰ ਕਿਲ੍ਹਾ ਖਾਲੀ ਕਰ ਦੇਣਾ ਚਾਹੀਦਾ ਹੈ। ਸਲਾਹ ਮਸ਼ਵਰੇ ਪਿੱਛੋਂ ਅਨੰਦਪੁਰ ਨੂੰ ਛੱਡ ਜਾਣ ਦਾ ਫੈਸਲਾ ਹੋ ਗਿਆ। ਦੁਸ਼ਮਣ ਫ਼ੌਜਾਂ ਨੇ ਇਕਰਾਰ ਤਹਿਤ ਇਕ ਪਾਸਿਓਂ ਕੁਝ ਰਸਤਾ ਦੇ ਦਿੱਤਾ।
ਰਾਤ ਦੇ ਪਹਿਲੇ ਪਹਿਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦੀ ਅਨੰਦਮਈ ਧਰਤ ਸੁਹਾਵੀ ਨੂੰ ਹਮੇਸ਼ਾ-ਹਮੇਸ਼ਾ ਲਈ ਛੱਡ ਦਿੱਤਾ। ਅਨੰਦਪੁਰ ਦਾ ਕਿਲ੍ਹਾ ਖਾਲੀ ਕਰਨ ਦੀ ਦੇਰ ਹੀ ਸੀ ਕਿ ਦੁਸ਼ਮਣ ਫ਼ੌਜਾਂ ਨੇ ਸਭ ਕਸਮਾਂ-ਇਕਰਾਰ ਭੁੱਲ ਕੇ ਪਿੱਛੋਂ ਹਮਲਾ ਕਰ ਦਿੱਤਾ। ਸਰਸਾ ਦੇ ਕਿਨਾਰੇ ਪੰਥਕ ਪਰਿਵਾਰ ਤਿੰਨ ਭਾਗਾਂ ਤੇ ਤਿੰਨ ਦਿਸ਼ਾਵਾਂ ’ਚ ਵੰਡਿਆ ਗਿਆ। ਗੁਰੂ ਜੀ ਚਮਕੌਰ ਦੀ ਗੜ੍ਹੀ ਪਹੁੰਚੇ। ਸੰਸਾਰ ਦਾ ਸਭ ਤੋਂ ਅਸਾਵਾਂ ਯੁੱਧ ਲੜਨ ਤੇ ਚਮਕੌਰ ਦੀ ਗੜ੍ਹੀ ਵਿਚੋਂ ਮੁਗਲਾਂ ਦੇ ਕੈਂਪ ਵਿਚ ਖਲਬਲੀ ਮਚਾ, ਮਾਛੀਵਾੜੇ ਦੇ ਜੰਗਲਾਂ ਵਿਚ ’ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ’ ਸੁਣਾ, ਦੀਨਾ ਕਾਂਗੜ ਤੋਂ ਔਰੰਗਜ਼ੇਬ ਨੂੰ ਜ਼ਫਰਨਾਮਾ ਲਿਖ-ਪਹੁੰਚਾ, ਕਪੂਰੇ ਤੋਂ ਹੁੰਦੇ ਹੋਏ ਅਪ੍ਰੈਲ ਦੇ ਮਹੀਨੇ ਭਖਦੇ ਮਾਰੂਥਲਾਂ ਦੇ ਰਸਤੇ ਖਿਦਰਾਣੇ ਦੀ ਢਾਬ ’ਤੇ ਪਹੁੰਚੇ। ਵੈਰੀ ਦਾ ਟਿੱਡੀ ਦਲ ਵੀ ਗੁਰੂ ਜੀ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਖਿਦਰਾਣੇ ਦੀ ਢਾਬ ਖ਼ਾਲਸਾ ਫ਼ੌਜਾਂ ਦੇ ਘੇਰੇ ਵਿਚ ਸੀ। ਖਿਦਰਾਣੇ ਦੀ ਢਾਬ ਯੁੱਧ ਨੀਤੀ ਦੇ ਪੱਖੋਂ ਬਹੁਤ ਹੀ ਮਹੱਤਵਪੂਰਨ ਸੀ। ਗੁਰੂ ਜੀ ਆਪ ਟਿੱਬੀ ਸਾਹਿਬ ਦੇ ਸਥਾਨ ’ਤੇ ਜਾ ਬਿਰਾਜੇ, ਦੁਸ਼ਮਣ ਫ਼ੌਜਾਂ ਨੇ ਹਮਲਾ ਕਰ ਦਿੱਤਾ। ਥੋੜ੍ਹਾ ਚਿਰ ਘਮਸਾਨ ਦਾ ਯੁੱਧ ਹੋਇਆ। ਦੇਖੋ! ਯੁੱਧ ਵਿਚ ਸਭ ਤੋਂ ਅੱਗੇ ਉਹੀ ਸਿੰਘ ਮਾਤਾ ਭਾਗੋ ਜੀ ਦੀ ਅਗਵਾਈ ਵਿਚ ਲੜ ਰਹੇ ਸਨ, ਜੋ ਗੁਰਦੇਵ ਜੀ ਤੋਂ ਬੇਮੁਖ ਹੋ ਅਨੰਦਪੁਰ ਛੱਡ ਆਏ ਸਨ। ਗੁਰਦੇਵ ਪਿਤਾ ਸੂਰਮਿਆਂ ਨੂੰ ਰਣ-ਤੱਤੇ ਵਿਚ ਜੂਝਦਿਆਂ ਤੱਕ ਖੁਸ਼ ਹੋ ਰਹੇ ਸਨ। ਸਮੇਂ-ਸਮੇਂ ਗੁਰਦੇਵ ਦੁਸ਼ਮਣ ਦਲਾਂ ’ਤੇ ਤੀਰਾਂ ਦੀ ਵਰਖਾ ਕਰਦੇ। ਦੁਸ਼ਮਣ ਫ਼ੌਜ ਅਣਗਿਣਤ ਤੇ ਸਿੰਘ ਗਿਣਤੀ ਦੇ ਸਨ ਪਰ ਇਕ ਪਾਸੇ ਗੁਰੂ ਪ੍ਰੀਤੀ ਤੇ ਦੂਸਰੇ ਪਾਸੇ ਮੁਲਾਜ਼ਮਤ। ਦਿਨ ਗਰਮੀ ਦੇ ਪਾਣੀ ਦਾ ਕਬਜ਼ਾ ਸਿੰਘਾਂ ਦੇ ਹੱਥ, ਇਹ ਕੁਝ ਕਾਰਨ ਸਨ ਦੁਸ਼ਮਣ ਫ਼ੌਜਾਂ ਦੀ ਹਾਰ ਦੇ। ਮੈਦਾਨ ਖ਼ਾਲਸੇ ਨੇ ਫ਼ਤਹਿ ਕੀਤਾ।
ਦੁਸ਼ਮਣ ਫ਼ੌਜਾਂ ਹਰਨ ਹੋ ਗਈਆਂ। ਦਸਮੇਸ਼ ਪਿਤਾ ਆਪ ਮੈਦਾਨੇ ਜੰਗ ਵਿਚ ਆਏ, ਜਿਥੇ ਬੇਦਾਵੀਏ ਸਿੰਘਾਂ ਨੇ ਭੁੱਲ ਬਖਸ਼ਾਉਣ ਲਈ ਜੀਵਨ ਨਿਛਾਵਰ ਕਰ ਦਿੱਤੇ ਸਨ। ਯੁੱਧ ਦੇ ਮੈਦਾਨ ਵਿਚ ਗੁਰਦੇਵ ਹਰ ਸਿੰਘ ਦੀ ਪਵਿੱਤਰ ਸਰੀਰ ਪਾਸ ਜਾਂਦੇ ’ਤੇ ਸਿੰਘਾਂ ਦੇ ਮੁਖੜੇ ਸਾਫ਼ ਕਰਦੇ ਅਤੇ ਬਖਸ਼ਿਸ਼ਾਂ ਕਰਦੇ: ਇਹ ਮੇਰਾ ਪੰਜ ਹਜ਼ਾਰੀ, ਇਹ ਮੇਰਾ ਦਸ ਹਜ਼ਾਰੀ, ਇਹ ਮੇਰਾ ਤੀਹ ਹਜ਼ਾਰੀ! ਬਖਸ਼ਿਸ਼ਾਂ ਕਰਦੇ ਗੁਰਦੇਵ ਪਿਤਾ ਪਹੁੰਚੇ ਮਹਾਂ ਸਿੰਘ ਦੇ ਪਾਸ, ਮਹਾਂ ਸਿੰਘ ਦੇ ਸੁਆਸ ਅਜੇ ਚੱਲ ਰਹੇ ਸਨ। ਗੁਰਦੇਵ ਨੇ ਸੂਰਮੇ ਸਿੰਘ ਦਾ ਮੁਖੜਾ ਸਾਫ਼ ਕੀਤਾ ਤੇ ਮੂੰਹ ਵਿਚ ਪਾਣੀ ਪਾਇਆ। ਸੀਸ ਗੋਦ ਵਿਚ ਰੱਖਿਆ ਤੇ ਕਿਹਾ ਕਿ ਮੁਕਤਿ ਭੁਗਤਿ ਜੁਗਤਿ ਸਭ ਹਾਜ਼ਰ ਹੈ…. ਮੰਗ ਭਾਈ ਮਹਾਂ ਸਿੰਘ! ਜੋ ਚਾਹੁੰਦਾ ਹੈਂ? ਮਹਾਂ ਸਿੰਘ ਗਿੜਗਿੜਾਇਆ, ਦਸਮੇਸ਼ ਪਿਤਾ! ਦਰਸ਼ਨਾਂ ਦੀ ਸਿੱਕ ਸੀ, ਪੂਰੀ ਹੋ ਗਈ! ਨਹੀਂ, ਪਿਆਰੇ ਮਹਾਂ ਸਿੰਘ! ਕੁਝ ਹੋਰ! ਗੁਰਦੇਵ ਪਿਤਾ ਤੁੱਠੇ ਹੋ ਕਿਰਪਾ ਨਿਧਾਨ ਤਾਂ ਸਾਡੀ ਟੁੱੱਟੀ ਮੇਲ ਲਵੋ ਕਾਗਜ਼ ਦਾ ਉਹ ਟੁਕੜਾ ਪਾੜ ਦਿਓ ਜੋ ਅਸੀਂ ਦੇ ਆਏ ਸਾਂ! ਮਹਾਂ ਸਿੰਘ ਦੀ ਖਾਹਸ਼ ਪੂਰੀ ਕਰਨ ਲਈ ਗੁਰਦੇਵ ਪਿਤਾ ਨੇ ਕਾਗਜ਼ ਟੁਕੜੇ-ਟੁਕੜੇ ਕਰ ਦਿੱਤਾ।
ਮਹਾਂ ਸਿੰਘ ਨੇ ਭੁੱਲਾਂ ਬਖ਼ਸ਼ਾ ਸ਼ੁਕਰੀਆ ਅੰਦਾਜ਼ ਵਿਚ ਹੱਥ ਉੱਪਰ ਚੁੱਕੇ ਤੇ ਹਮੇਸ਼ਾ ਲਈ ਦਸਮੇਸ਼ ਪਿਤਾ ਦੀ ਗੋਦ ਵਿਚ ਸੌਂ ਗਿਆ। ਗੁਰੂ ਜੀ ਨੇ ਇਨ੍ਹਾਂ ਸ਼ਹੀਦਾਂ ਦਾ ਆਪਣੇ ਹੱਥੀਂ ਸਸਕਾਰ ਕੀਤਾ ਤੇ ਇਨ੍ਹਾਂ ਨੂੰ ਮੁਕਤਿਆਂ ਦੀ ਉਪਾਧੀ ਬਖਸ਼ਿਸ਼ ਕੀਤੀ। ਬੇਦਾਵੀਏ ਸਿੰਘ ਮੁਕਤ ਹੋਏ। ਖਿਦਰਾਣੇ ਦੀ ਢਾਬ ਉਸ ਦਿਨ ਤੋਂ ਮੁਕਤਸਰ ਸਾਹਿਬ ਅਖਵਾਈ। ਇਸ ਧਰਤ ਸੁਹਾਵੀ ਤੋਂ ਇਹੀ ਸੰਦੇਸ਼ ਮਿਲਦਾ ਹੈ ਕਿ ਗੁਰੂ ਤੋਂ ਬੇਮੁਖ ਹੋ ਕੇ ਫਿਰ ਸਨਮੁੱਖ ਹੋਣ ਵਾਸਤੇ ਜੀਵਨ ਤੱਕ ਕੁਰਬਾਨ ਕਰਨਾ ਪੈਂਦਾ ਹੈ। ਇਹ ਸਮਾਂ ਹੈ ਵਿਚਾਰ ਕਰਨ ਦਾ ਕਿ ਅਸੀਂ ਗੁਰੂ ਦੇ ਸਨਮੁੱਖ ਹੋਣਾ ਹੈ ਜਾਂ ਬੇਮੁੱਖ ਹੋ ਗੁਰੂ ਦੀ ਰਹਿਮਤ-ਬਖਸ਼ਿਸ਼ ਤੋਂ ਦੂਰ ਹੋਣਾ ਹੈ?