ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ…

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ…

ਜੋਗਿੰਦਰ ਕੌਰ ਅਗਨੀਹੋਤਰੀ

ਵਿਆਹ ਸ਼ਾਦੀ ਜਾਂ ਹੋਰ ਕਿਸੇ ਖੁਸ਼ੀ ਦੇ ਮੌਕੇ ’ਤੇ ਔਰਤਾਂ ਤੇ ਕੁੜੀਆਂ ਵੱਲੋਂ ਮਹਿੰਦੀ ਲਾਈ ਜਾਂਦੀ ਹੈ। ਮਹਿੰਦੀ ਕੁਦਰਤ ਦੀ ਦੇਣ ਹੈ। ਮਹਿੰਦੀ ਦੇ ਬੂਟੇ ਬਾਗ਼ਾਂ ਅਤੇ ਹੋਰ ਸਾਂਝੀਆਂ ਥਾਵਾਂ ’ਤੇ ਲਾਏ ਜਾਂਦੇ ਹਨ। ਮਹਿੰਦੀ ਦੇ ਸੁੱਕੇ ਪੱਤਿਆਂ ਨੂੰ ਪੀਸ ਕੇ ਮਹਿੰਦੀ ਤਿਆਰ ਕੀਤੀ ਜਾਂਦੀ ਹੈ। ਇਸ ਨੂੰ ਲਾਉਣ ਤੋਂ ਪਹਿਲਾਂ ਭਿਉਂ ਕੇ ਰੱਖਿਆ ਜਾਂਦਾ ਹੈ। ਇੱਕ ਵੇਲਾ ਇਹ ਵੀ ਸੀ ਜਦੋਂ ਤਾਜ਼ੇ ਪੱਤਿਆਂ ਨੂੰ ਤੋੜ ਕੇ ਉਨ੍ਹਾਂ ਨੂੰ ਕੂੰਡੇ ਘੋਟਣੇ ਨਾਲ ਰਗੜਿਆ ਜਾਂਦਾ ਸੀ। ਜਦੋਂ ਮਹਿੰਦੀ ਪੂਰੀ ਤਰ੍ਹਾਂ ਮੁਲਾਇਮ ਹੋ ਜਾਂਦੀ ਤਾਂ ਇਸ ਨੂੰ ਹੱਥਾਂ ’ਤੇ ਲਾਇਆ ਜਾਂਦਾ।

ਘਰੇਲੂ ਸਮੱਸਿਆਵਾਂ ਕਦੇ ਵੀ ਨਹੀਂ ਸੁਲਝਦੀਆਂ। ਜੇ ਇੱਕ ਸੁਲਝ ਜਾਂਦੀ ਹੈ ਤਾਂ ਕੋਈ ਹੋਰ ਖੜ੍ਹੀ ਹੋ ਜਾਂਦੀ ਹੈ। ਕਹਿੰਦੇ ਨੇ ਵਸਣ ਸ਼ਰੀਕੇ ਦਾ ਨਾਭੇ ਦੀ ਸਰਦਾਰੀ। ਭਾਵ ਸ਼ਰੀਕੇ ਕਬੀਲੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਔਕੜਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਤਰ੍ਹਾਂ ਜਦੋਂ ਘਰ ਵਿੱਚ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ ਤਾਂ ਔਰਤ ਉਨ੍ਹਾਂ ਨੂੰ ਸਹਾਰਦੀ ਹੋਈ ਵੀ ਡੋਲਦੀ ਨਹੀਂ, ਪਰ ਆਪਣੇ ਮਨ ਦੀ ਵੇਦਨਾ ਨੂੰ ਪ੍ਰਗਟ ਕਰਦੀ ਹੋਈ ਕਹਿੰਦੀ ਹੈ:

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ

ਮਹਿੰਦੀ ਬਾਗ਼ ਵਿੱਚ ਰਹਿੰਦੀ

ਰਗੜ ਰਗੜ ਕੇ ਹੱਥਾਂ ’ਤੇ ਲਾਉਂਦੇ

ਭੋਰੜ ਬਣ ਬਣ ਲਹਿੰਦੀ

ਬੋਲ ਸ਼ਰੀਕਾਂ ਦੇ

ਮੈਂ ਨਾ ਬਾਬਲਾ ਸਹਿੰਦੀ।

ਸ਼ਰੀਕ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਦੇ। ਮਜਬੂਰੀ ਵੱਸ ਤਾਅਨੇ ਝੱਲਣੇ ਪੈਂਦੇ ਹਨ। ਅਜਿਹੇ ਮੌਕੇ ਔਰਤ ਸਬਰ ਸੰਤੋਖ ਦਾ ਸਹਾਰਾ ਲੈ ਕੇ ਕਹਿੰਦੀ ਹੈ:

ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ

ਮਹਿੰਦੀ ਬਾਗ਼ ਵਿੱਚ ਰਹਿੰਦੀ

ਰਗੜ ਰਗੜ ਕੇ ਹੱਥਾਂ ’ਤੇ ਲਾਉਂਦੇ

ਬੱਤੀਆਂ ਬਣ ਬਣ ਲਹਿੰਦੀ

ਬੋਲ ਸ਼ਰੀਕਾਂ ਦੇ

ਵਖ਼ਤ ਪਏ ਤੋਂ ਸਹਿੰਦੀ।

ਮਹਿੰਦੀ ਹੱਥਾਂ ’ਤੇ ਲਾਉਣ ਨਾਲ ਹੱਥਾਂ ਦੀ ਸੁੰਦਰਤਾ ਵਧਦੀ ਹੈ। ਵਿਆਂਦੜ ਦੇ ਮਹਿੰਦੀ ਲਾਉਣੀ ਸ਼ਗਨ ਮੰਨਿਆ ਜਾਂਦਾ ਹੈ। ਉਂਜ ਤਾਂ ਵਿਆਹ ਸ਼ਾਦੀ ਦੇ ਮੌਕੇ ਔਰਤਾਂ ਮਹਿੰਦੀ ਲਾਉਂਦੀਆਂ ਹਨ, ਪਰ ਸਭ ਤੋਂ ਪਹਿਲਾਂ ਵਿਆਹ ਵਾਲੀ ਕੁੜੀ ਦੇ ਮਹਿੰਦੀ ਲਾਈ ਜਾਂਦੀ ਹੈ। ਇਹ ਮਹਿੰਦੀ ਸੁੱਘੜ ਸਿਆਣੀ ਹੀ ਲਾਉਂਦੀ ਸੀ ਜਿਸ ਨੂੰ ਮਹਿੰਦੀ ਲਾਉਣ ਦੀ ਜਾਚ ਹੁੰਦੀ ਸੀ। ਅੱਜਕੱਲ੍ਹ ਮਹਿੰਦੀ ਵਾਲੇ ਕਾਰਜ ਨੂੰ ਬਿਊਟੀ ਪਾਰਲਰ ਤੋਂ ਹੀ ਕਰਵਾ ਲਿਆ ਜਾਂਦਾ ਹੈ। ਲਾੜੇ ਦੇ ਮਹਿੰਦੀ ਲਾਉਣ ਦਾ ਹੱਕ ਭਰਜਾਈ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਦੇ ਬਦਲੇ ਭਰਜਾਈ ਨੂੰ ਉਹ ਸ਼ਗਨ ਵਜੋਂ ਕੁਝ ਰੁਪਏ ਦਿੰਦਾ ਹੈ। ਇੱਕ ਸਮਾਂ ਉਹ ਵੀ ਸੀ ਜਦੋਂ ਬਰਾਤ ਦੋ ਜਾਂ ਤਿੰਨ ਦਿਨ ਰਹਿੰਦੀ ਸੀ, ਉਸ ਸਮੇਂ ਲਾੜੇ ਦੇ ਮਹਿੰਦੀ ਉਸ ਦੀਆਂ ਸਾਲੀਆਂ ਲਾਉਂਦੀਆਂ ਸਨ। ਉਸ ਸਮੇਂ ਲਾੜਾ ਉਨ੍ਹਾਂ ਨੂੰ ਸ਼ਗਨ ਵਜੋਂ ਕੁਝ ਰੁਪਏ ਦਿੰਦਾ ਸੀ।

ਮਹਿੰਦੀ ਲਾਉਣ ਦਾ ਰਿਵਾਜ ਭਾਵੇਂ ਅਲੱਗ-ਅਲੱਗ ਹੈ, ਪਰ ਇਸ ਨੂੰ ਸਭ ਧਰਮਾਂ ਦੇ ਲੋਕ ਲਾਉਂਦੇ ਹਨ। ਉਂਜ ਤਾਂ ਮਹਿੰਦੀ ਲਾਉਣਾ ਖ਼ੁਸ਼ੀ ਦੀ ਨਿਸ਼ਾਨੀ ਹੈ, ਪਰ ਘਰ ਵਿੱਚ ਕਿਸੇ ਦੀ ਮੌਤ ਹੋ ਜਾਣ ’ਤੇ ਸੋਗ ਹੋ ਜਾਂਦਾ ਹੈ ਤਾਂ ਖ਼ੁਸ਼ੀ ਦਾ ਕੋਈ ਕਾਰਜ ਨਹੀਂ ਕੀਤਾ ਜਾਂਦਾ। ਜੇਕਰ ਕਿਸੇ ਔਰਤ ਦੇ ਪਤੀ ਦੀ ਮੌਤ ਹੋ ਜਾਵੇ ਤਾਂ ਸੋਗ ਖ਼ਤਮ ਕਰਵਾਉਣ ਲਈ ਉਸ ਦੇ ਪੇਕਿਆਂ ਵੱਲੋਂ ਮਹਿੰਦੀ, ਚੂੜੀਆਂ, ਡੋਰੀ ਭਾਵ ਪਰਾਂਦੀ ਦਿੱਤੀ ਜਾਂਦੀ ਹੈ ਕਿਉਂਕਿ ਸੋਗ ਗ੍ਰਸਤ ਔਰਤ ਆਪਣੇ ਵਾਲ ਖੁੱਲ੍ਹੇ ਰੱਖਦੀ ਹੈ। ਇਸ ਲਈ ਵਿਆਹ ਸ਼ਾਦੀ ਵਰਗੇ ਕਾਰਜ ਕਰਨ ਲਈ ਸੋਗ ਵਧਾਉਣ ਜਾਂ ਖਤਮ ਕੀਤਾ ਜਾਂਦਾ ਹੈ। ਮੌਤ ਭਾਵੇਂ ਕਹਿਰ ਦੀ ਹੋਵੇ, ਸੋਗ ਵਧਾਉਣ (ਖਤਮ) ਲਈ ਇਹ ਰਸਮ ਜ਼ਰੂਰ ਕੀਤੀ ਜਾਂਦੀ ਹੈ।

ਸਾਉਣ ਦਾ ਮਹੀਨਾ ਚੜ੍ਹਦਿਆਂ ਹੀ ਔਰਤਾਂ ਅਤੇ ਕੁੜੀਆਂ ਦੇ ਚਿਹਰਿਆਂ ’ਤੇ ਰੌਣਕ ਆ ਜਾਂਦੀ ਹੈ ਕਿਉਂਕਿ ਸਾਉਣ ਦਾ ਮਹੀਨਾ ਖ਼ੁਸ਼ੀਆਂ ਦਾ ਮਹੀਨਾ ਹੈ। ਮੀਂਹ ਪੈਣ ’ਤੇ ਪਸ਼ੂ ਅਤੇ ਮਨੁੱਖ ਸਭ ਖ਼ੁਸ਼ ਹੋ ਜਾਂਦੇ ਹਨ ਕਿਉਂਕਿ ਹਾੜ੍ਹ ਮਹੀਨੇ ਦੀ ਤਪਸ਼ ਤੋਂ ਬਾਅਦ ਮੌਸਮ ਵਿੱਚ ਤਬਦੀਲੀ ਆਉਂਦੀ ਹੈ। ਖਾਣ-ਪੀਣ ਵਿੱਚ ਵੀ ਬਦਲਾਅ ਆ ਜਾਂਦਾ ਹੈ। ਠੰਢੇ ਮੌਸਮ ਵਿੱਚ ਖਾਧੀਆਂ ਚੀਜ਼ਾਂ ਨੁਕਸਾਨ ਨਹੀਂ ਕਰਦੀਆਂ ਜਦਕਿ ਗਰਮੀ ਵਿੱਚ ਬਣਾਉਣੀਆਂ ਵੀ ਔਖੀਆਂ ਤੇ ਖਾ ਕੇ ਹਜ਼ਮ ਕਰਨੀਆਂ ਵੀ ਔਖੀਆਂ ਹੁੰਦੀਆਂ ਹਨ। ਸੋ ਸਾਉਣ ਮਹੀਨੇ ਵਿੱਚ ਤੀਆਂ ਲੱਗਦੀਆਂ ਹਨ। ਕੁੜੀਆਂ ਤੇ ਵਹੁਟੀਆਂ ਤੀਆਂ ਵਿੱਚ ਜਾ ਕੇ ਖ਼ੁਸ਼ੀ ਮਨਾਉਂਦੀਆਂ ਹਨ। ਪੀਂਘਾਂ ਝੂਟਦੀਆਂ ਅਤੇ ਮਨ ਦੇ ਭਾਵਾਂ ਨੂੰ ਬੋਲੀਆਂ ਰਾਹੀਂ ਪ੍ਰਗਟ ਕਰਦੀਆਂ ਹਨ। ਸੋ ਸਾਉਣ ਮਹੀਨੇ ਦੇ ਚਾਨਣੇ ਪੱਖ ਦੀ ਦੂਜ ਨੂੰ ਮਹਿੰਦੀ ਲਾਈ ਜਾਂਦੀ ਹੈ ਤੇ ਤੀਜ ਨੂੰ ਤੀਆਂ ਲੱਗਦੀਆਂ ਹਨ। ਸਾਉਣ ਦੇ ਮਹੀਨੇ ਵਿੱਚ ਵਿਆਹੀਆਂ ਕੁੜੀਆਂ ਨੂੰ ਪੇਕੇ ਤੀਆਂ ਮਨਾਉਣ ਲਈ ਲਿਆਂਦਾ ਜਾਂਦਾ ਹੈ ਤਾਂ ਹੀ ਕਿਹਾ ਜਾਂਦਾ ਹੈ:

ਸਾਉਣ ਵੀਰ ’ਕੱਠੀਆਂ ਕਰੇ

ਭਾਦੋਂ ਚੰਦਰੀ ਵਿਛੋੜੇ ਪਾਵੇ।

ਇਸ ਤਰ੍ਹਾਂ ਇਸ ਤਿਉਹਾਰ ਨੂੰ ਮਨਾਉਣ ਲਈ ਦੂਜ ਵਾਲੇ ਦਿਨ ਜਦੋਂ ਮਹਿੰਦੀ ਲਾਈ ਜਾਂਦੀ ਹੈ ਤਾਂ ਕੁੜੀਆਂ ਇੱਕ ਦੂਜੀ ਦੇ ਮਹਿੰਦੀ ਲਾਉਂਦੀਆਂ ਸਨ। ਸੁੱਕੀ ਮਹਿੰਦੀ ਹੱਟੀ ਤੋਂ ਜਾਂ ਦੁਕਾਨ ਤੋਂ ਮੁੱਲ ਲਿਆਂਦੀ ਜਾਂਦੀ, ਪਰ ਹਰੀ ਮਹਿੰਦੀ ਬਾਗ਼ ਵਿੱਚੋਂ ਤੋੜ ਕੇ ਲਿਆਉਂਦੇ। ਅਜਿਹੇ ਕਾਰਜ ਘਰ ਦੇ ਮਰਦ ਮੈਂਬਰ ਵੀ ਖ਼ੁਸ਼ੀ ਨਾਲ ਪੂਰੇ ਕਰਦੇ ਹਨ। ਉਨ੍ਹਾਂ ਅੰਦਰ ਆਪਣੇ ਪਰਿਵਾਰ ਦੀਆਂ ਨੂੰਹਾਂ ਤੇ ਧੀਆਂ ਦੇ ਚਾਵਾਂ ਨੂੰ ਪੂਰਾ ਕਰਨ ਦਾ ਇੱਕ ਵਧੀਆ ਮੌਕਾ ਹੁੰਦਾ ਸੀ। ਕੁਝ ਮਰਦ ਤਾਂ ਮਹਿੰਦੀ ਰਗੜਨ ਵਿੱਚ ਵੀ ਹੱਥ ਵਟਾਉਂਦੇ ਸਨ। ਪਰਿਵਾਰ ਦੇ ਮੈਂਬਰ ਦੇ ਸਹਿਯੋਗ ਸਦਕਾ ਉਨ੍ਹਾਂ ਦੀ ਖ਼ੁਸ਼ੀ ਹੋਰ ਵੀ ਵਧ ਜਾਂਦੀ। ਗਿੱਧੇ ਵਿੱਚ ਮਹਿੰਦੀ ਵਾਲੇ ਹੱਥਾਂ ਦੀਆਂ ਸਿਫਤਾਂ ਕਰਦੇ ਹੋਏ ਇਹ ਬੋਲੀ ਪਾਈ ਜਾਂਦੀ:

ਲਾ ਕੇ ਗੋਰਿਆਂ ਹੱਥਾਂ ਉੱਤੇ ਮਹਿੰਦੀ

ਗਿੱਧੇ ਦੇ ਵਿੱਚ ਨੱਚਦੀ ਫਿਰੇ।

ਵਿਆਹ ਵੇਲੇ ਜਦੋਂ ਲਾੜੇ ਦੇ ਮਹਿੰਦੀ ਲਾਈ ਜਾਂਦੀ ਹੈ ਤਾਂ ਉਸ ਸਮੇਂ ਇਹ ਗੀਤ ਗਾਇਆ ਜਾਂਦਾ ਹੈ ਕਿਉਂਕਿ ਵਿਆਹ ਦੇ ਹਰ ਕਾਰਜ ਨੂੰ ਗੀਤ ਗਾ ਕੇ ਹੀ ਸ਼ੁਰੂ ਕੀਤਾ ਜਾਂਦਾ ਹੈ:

ਆ ਵੇ ਬੰਨਾ, ਲਾ ਸ਼ਗਨਾਂ ਦੀ ਮਹਿੰਦੀ

ਮਹਿੰਦੀ ਦਾ ਰੰਗ ਸੂਹਾ ਲਾਲ।

ਸਾਉਣ ਮਹੀਨੇ ਤੋਂ ਬਾਅਦ ਕਰਵਾ ਚੌਥ ਦੇ ਵਰਤ ਮੌਕੇ ਵੀ ਔਰਤਾਂ ਆਪਣੇ ਹੱਥਾਂ ਨੂੰ ਮਹਿੰਦੀ ਲਾ ਕੇ ਸ਼ਿੰਗਾਰਦੀਆਂ ਹਨ। ਘਰ ਵਿੱਚ ਮਹਿੰਦੀ ਲਾਉਣ ਦਾ ਰਿਵਾਜ ਭਾਵੇਂ ਘੱਟ ਹੋ ਗਿਆ ਅਤੇ ਬਾਹਰ ਜਾ ਕੇ ਲਵਾਉਣ ਦਾ ਰਿਵਾਜ ਵਧ ਗਿਆ ਹੈ। ਇਹੋ ਜਿਹੇ ਮਹਿੰਦੀ ਵਾਲੇ ਹੱਥਾਂ ਦੀ ਚਰਚਾ ਦੂਰ-ਦੂਰ ਤੱਕ ਹੁੰਦੀ ਹੈ। ਲੋਕ-ਗੀਤਾਂ ਵਿੱਚ ਇਸ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ:

ਮਹਿੰਦੀ ਵਾਲੇ ਹੱਥਾਂ ਵਿੱਚ ਛੱਲੇ ਮੁੰਦੀਆਂ

ਤੇਰੀਆਂ ਨੀਂ ਗੱਲਾਂ ਮੇਲਿਆਂ ’ਚ ਹੁੰਦੀਆਂ।

ਸੋ ਇਹ ਮਹਿੰਦੀ ਦੇਖਣ ਅਤੇ ਸੁਣਨ ਵਿੱਚ ਸਿਰਫ਼ ਰਿਵਾਜ ਹੈ, ਪਰ ਇਸ ਦੀ ਮਹਾਨਤਾ ਇਹੀ ਹੈ ਕਿ ਇਸ ਦੀ ਵਰਤੋਂ ਯੋਗ ਸਮੇਂ ਕਰਨਾ ਸੱਭਿਆਚਾਰ ਦੀ ਪਛਾਣ ਹੈ।

ਸੰਪਰਕ: 94178-40323