ਮਹਿੰਗਾਈ: ਮਹਿਲਾ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਮੁਜ਼ਾਹਰਾ

ਮਹਿੰਗਾਈ: ਮਹਿਲਾ ਕਾਂਗਰਸ ਵੱਲੋਂ ਭਾਜਪਾ ਖ਼ਿਲਾਫ਼ ਮੁਜ਼ਾਹਰਾ

ਨਵੀਂ ਦਿੱਲੀ- ਦਿੱਲੀ ਮਹਿਲਾ ਕਾਂਗਰਸ ਵੱਲੋਂ ਦੇਸ਼ ਵਿੱਚ ਦਿਨੋਂ-ਦਿਨ ਵੱਧ ਰਹੀ ਮਹਿੰਗਾਈ ਖ਼ਿਲਾਫ਼ ਅੱਜ ਦਿੱਲੀ ਵਿੱਚ ਭਾਜਪਾ ਦੇ ਕੌਮੀ ਹੈੱਡਕੁਆਰਟਰ ’ਤੇ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਵੱਲੋਂ ਪੁਲੀਸ ਅਧਿਕਾਰੀਅਾਂ ’ਤੇ ਖਿੱਚ-ਧੂਹ ਕਰਨ ਦੇ ਦੋਸ਼ ਲਾਏ ਗਏ ਹਨ। ਜਿਉਂ ਹੀ ਔਰਤਾਂ ਹੱਥਾਂ ਵਿੱਚ ਤਖ਼ਤੀਆਂ ਫੜੀ ਭਾਜਪਾ ਦੇ ਹੈੱਡਕੁਆਰਟਰ ਵੱਲ ਵਧੀਆਂ ਤਾਂ ਪੁਲੀਸ ਨੇ ਉਨ੍ਹਾਂ ਨੂੰ ਰਾਹ ਵਿੱਚ ਹੀ ਡੱਕ ਲਿਆ ਤੇ ਉਹ ਸੜਕ ਉਪਰ ਹੀ ਧਰਨਾ ਲਾ ਕੇ ਬੈਠ ਗਈਆਂ।
ਮਹਿਲਾ ਕਾਂਗਰਸ ਦੀਆਂ ਕਾਰਕੁਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਨਾਂ ਲੈ ਕੇ ਉਨ੍ਹਾਂ ਨੂੰ ਜ਼ਮੀਨੀ ਹਕੀਕਤਾਂ ਵੱਲ ਦੇਖਦੇ ਹੋਏ ਆਮ ਲੋਕਾਂ ਨੂੰ ਮਹਿੰਗਾਈ ਦੇ ਡੰਗ ਤੋਂ ਬਚਾਉਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਔਰਤਾਂ ਨੂੰ ਉੱਚ ਸੁਰੱਖਿਆ ਖੇਤਰ ਵਿੱਚੋਂ ਹਟਾਉਣ ਲਈ ਪੁਲੀਸ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਇਸ ਦੌਰਾਨਪੁਲੀਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਥਿਤ ਧੱਕੇ ਵੀ ਮਾਰੇ। ਮਹਿਲਾ ਕਾਂਗਰਸ ਦੀਆਂ ਕਾਰਕੁਨਾਂ ਨੇ ਦਿੱਲੀ ਪੁਲੀਸ ਦੇ ਇੱਕ ਅਧਿਕਾਰੀ ’ਤੇ ਖਿੱਚ ਧੂਹ ਕਰਨ ਦੇ ਦੋਸ਼ ਲਾ ਕੇ ਮਹਿਲਾ ਮੋਰਚੇ ਦੀਆਂ ਕਾਰਕੁਨਾਂ ਨੇ ਉਸ ਪੁਲੀਸ ਮੁਲਾਜ਼ਮ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਹੈ। ਅੱਜ ਮਹਿਲਾ ਮੋਰਚੇ ਦੀਆਂ ਦਿੱਲੀ ਇਕਾਈ ਦੀਆਂ ਆਗੂ ਤੇ ਕਾਰਕੁਨਾਂ ਹੱਥਾਂ ਵਿੱਚ ਪੋਸਟਰ ਤੇ ਬੈਨਰ ਫੜ ਕੇ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਮਾਰਗ ਉਪਰ ਸਥਿਤ ਭਾਜਪਾ ਦੇ ਕੌਮੀ ਹੈੱਡਕੁਆਰਟਰ ਮੂਹਰੇ ਪਹੁੰਚੀਆਂ ਤੇ ਮੋਦੀ ਸਰਕਾਰ ਵਿਰੋਧੀ ਨਾਅਰੇ ਲਾਏ। ਪ੍ਰਦਰਸ਼ਨਕਾਰੀ ਔਰਤਾਂ ਨੇ ਦੇਸ਼ ਵਿੱਚ ਵੱਧਦੀ ਮਹਿੰਗਾਈ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਨਿਖੇਧੀ ਕੀਤੀ ਤੇ ਦੋਸ਼ ਲਾਇਆ ਕਿ ਕੁੱਝ ਖਾਸ ਮਿੱਤਰਾਂ ਨੂੰ ਲਾਹਾ ਦੇਣ ਲਈ ਦੇਸ਼ ਦੀਆਂ ਆਰਥਿਕ ਨੀਤੀਆਂ ਮਰੋੜੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਮੁਦਰਾ ਸਫੀਤੀ ਦੀ ਦਰ ਕਾਰਨ ਆਮ ਲੋਕਾਂ, ਵਿਦਿਆਰਥੀਆਂ, ਗ੍ਰਹਿਣੀਆਂ, ਵਪਾਰੀਆਂ, ਕਾਰੋਬਾਰੀਆਂ ਤੇ ਦਰਮਿਆਨੇ ਸਨਅਤਕਾਰਾਂ ਨੂੰ ਮੁਸ਼ਕਲਾਂ ਦੇ ਸਮੇਂ ਵਿੱਚੋਂ ਲੰਘਣਾ ਪੈ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਦਿੱਲੀ ਪੁਲੀਸ ਨੇ ਦੀਨ ਦਿਆਲ ਉਪਾਧਿਆਏ ਮਾਰਗ ਉਪਰੋਂ ਲੰਘਦੀ ਆਵਾਜਾਈ ਦਾ ਰੁਖ਼ ਤਬਦੀਲ ਕਰ ਦਿੱਤਾ ਜਿਸ ਕਾਰਨ ਕੁੱਝ ਦੇਰ ਲਈ ਰਾਊਜ਼ ਐਵਨਿਊ ਇਲਾਕੇ ਵਿੱਚ ਗੱਡੀਆਂ ਦੀ ਰਫ਼ਤਾਰ ਸੁਸਤ ਹੋ ਗਈ। ਲੋਕਾਂ ਨੂੰ ਆਪਣੀਆਂ ਮੰਜ਼ਿਲਾਂ ਉਪਰ ਪੁੱਜਣ ਵਿੱਚ ਦੇਰੀ ਹੋਈ।