ਮਹਿਲਾ ਹਾਕੀ: ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ

ਮਹਿਲਾ ਹਾਕੀ: ਜਰਮਨੀ ਨੇ ਭਾਰਤ ਨੂੰ 4-1 ਨਾਲ ਹਰਾਇਆ

ਵੀਜ਼ਬਾਡਨ (ਜਰਮਨੀ)- ਭਾਰਤੀ ਮਹਿਲਾ ਹਾਕੀ ਟੀਮ ਨੂੰ ਅੱਜ ਇੱਥੇ ਮੇਜ਼ਬਾਨ ਜਰਮਨੀ ਖ਼ਿਲਾਫ਼ ਪਹਿਲੇ ਮੈਚ ਵਿੱਚ 1-4 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਇਸ ਦੌਰੇ ’ਤੇ ਜਰਮਨੀ ਖ਼ਿਲਾਫ਼ ਦੂਸਰਾ ਮੁਕਾਬਲਾ ਭਲਕੇ ਬੁੱਧਵਾਰ ਨੂੰ ਖੇਡੇਗੀ।
ਮੁਟਿਆਰ ਵੈਸ਼ਨਵੀ ਵਿੱਟਲ ਫਾਲਕੇ ਨੇ 29ਵੇਂ ਮਿੰਟ ਵਿੱਚ ਭਾਰਤ ਲਈ ਇਕਲੌਤਾ ਗੋਲ ਦਾਗ਼ਿਆ। ਜਰਮਨੀ ਵੱਲੋਂ ਨਾਈਕੀ ਲੋਰੇਂਜ਼ (ਛੇਵੇਂ ਤੇ 59ਵੇਂ ਮਿੰਟ) ਅਤੇ ਜੈਟੀ ਫਲੈਸ਼ਟਜ਼ (14ਵੇਂ ਤੇ 43ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ। ਜਰਮਨੀ ਨੇ ਹਮਲਾਵਰ ਅੰਦਾਜ਼ ਵਿੱਚ ਮੈਚ ਸ਼ੁਰੂ ਕਰ ਕੇ ਭਾਰਤੀ ਟੀਮ ’ਤੇ ਦਬਾਅ ਬਣਾਇਆ। ਟੀਮ ਨੇ ਇਸ ਦੌਰਾਨ ਭਾਰਤੀ ਡਿਫੈਂਸ ’ਚ ਸੰਨ੍ਹ ਲਾਉਂਦਿਆਂ ਦੋ ਗੋਲ ਦਾਗ਼ੇ। ਨਾਈਕੀ ਨੇ ਛੇਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ, ਜਦੋਂਕਿ ਜੈਟੀ ਨੇ ਪੈਨਲਟੀ ਸਟਰੋਕ ਨੂੰ ਗੋਲਾਂ ਵਿੱਚ ਬਦਲਿਆ। ਇਸ ਦੌਰਾਨ ਭਾਰਤੀ ਟੀਮ ਨੂੰ ਵੀ 11ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਮਿਲਿਆ, ਪਰ ਉਹ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। ਭਾਰਤੀ ਟੀਮ ਨੇ ਦੂਸਰੇ ਕੁਆਰਟਰ ਵਿੱਚ ਚੰਗੀ ਵਾਪਸੀ ਕੀਤੀ। ਇਸ ਦੌਰਾਨ ਖਿਡਾਰੀਆਂ ਦਰਮਿਆਨ ਚੰਗਾ ਤਾਲਮੇਲ ਦਿਖਾਈ ਦਿੱਤਾ। ਟੀਮ ਨੇ ਇਸ ਕੁਆਰਟਰ ਵਿੱਚ ਜਰਮਨੀ ਨੂੰ ਗੋਲ ਕਰਨ ਦਾ ਮੌਕਾ ਨਹੀਂ ਦਿੱਤਾ। ਵੈਸ਼ਨਵੀ ਨੇ 29ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤੀ ਟੀਮ ’ਤੇ ਦਬਾਅ ਘੱਟ ਕੀਤਾ।