ਮਹਿਲਾ ਹਾਕੀ: ਆਸਟਰੇਲੀਆ ਨੇ ਪਹਿਲੇ ਮੈਚ ’ਚ ਭਾਰਤ ਨੂੰ 4-2 ਨਾਲ ਹਰਾਇਆ

ਮਹਿਲਾ ਹਾਕੀ: ਆਸਟਰੇਲੀਆ ਨੇ ਪਹਿਲੇ ਮੈਚ ’ਚ ਭਾਰਤ ਨੂੰ 4-2 ਨਾਲ ਹਰਾਇਆ

ਐਡੀਲੇਡ – ਭਾਰਤੀ ਮਹਿਲਾ ਹਾਕੀ ਟੀਮ ਦੇ ਆਸਟਰੇਲੀਆ ਦੌਰੇ ਦੀ ਸ਼ੁਰੂਆਤ ਨਮੋਸ਼ੀਜਨਕ ਰਹੀ। ਮੇਜ਼ਬਾਨ ਟੀਮ ਨੇ ਅੱਜ ਇੱਥੇ ਮੇਟ ਸਟੇਡੀਅਮ ਵਿੱਚ ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੂੰ 4-2 ਗੋਲਾਂ ਨਾਲ ਹਰਾ ਦਿੱਤਾ। ਪਹਿਲੇ ਕੁਆਰਟਰ ਵਿੱਚ ਦੋਵੇਂ ਟੀਮਾਂ ਗੋਲ ਕਰਨ ਵਿੱਚ ਨਾਕਾਮ ਰਹੀਆਂ, ਜਿਸ ਤੋਂ ਬਾਅਦ ਦੁਨੀਆ ਦੀ ਤੀਜੇ ਨੰਬਰ ਦੀ ਟੀਮ ਆਸਟਰੇਲੀਆ ਨੇ ਦੂਜੇ ਕੁਆਰਟਰ ਵਿੱਚ ਦੋ ਗੋਲਾਂ ਦੀ ਲੀਡ ਬਣਾਈ। ਇਸ ਦੌਰਾਨ ਪਲੇਠਾ ਮੈਚ ਖੇਡ ਰਹੀ ਐਸਲਿੰਗ ਯੂਟਰੀ (21ਵੇਂ ਮਿੰਟ) ਅਤੇ ਮੈਡੀ ਫਿੱਟਜ਼ਪੈਟ੍ਰਿਕ (27ਵੇਂ ਮਿੰਟ) ਨੇ ਇੱਕ-ਇੱਕ ਗੋਲ ਕੀਤਾ। ਤੀਜੇ ਕੁਆਰਟਰ ਵਿੱਚ ਐਲਿਸ ਆਰਨੋਟ ਨੇ 32ਵੇਂ ਮਿੰਟ ਅਤੇ ਕਰਟਨੀ ਸ਼ੋਨੇਲ ਨੇ 35ਵੇਂ ਮਿੰਟ ਵਿੱਚ ਗੋਲ ਕੀਤੇ।

ਦੁਨੀਆ ਦੀ ਅੱਠਵੇਂ ਨੰਬਰ ਦੀ ਟੀਮ ਭਾਰਤ ਵੱਲੋਂ ਸੰਗੀਤਾ ਕੁਮਾਰੀ (29ਵੇਂ ਮਿੰਟ) ਅਤੇ ਸ਼ਰਮੀਲਾ ਦੇਵੀ (40ਵੇਂ ਮਿੰਟ) ਨੇ ਗੋਲ ਦਾਗ਼ੇ। ਲੜੀ ਦਾ ਦੂਜਾ ਮੈਚ ਇਸੇ ਸਥਾਨ ’ਤੇ ਸ਼ਨਿੱਚਰਵਾਰ ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਦੌਰੇ ਦੌਰਾਨ ਆਸਟਰੇਲੀਆ ‘ਏ’ ਖ਼ਿਲਾਫ਼ ਦੋ ਮੈਚ ਖੇਡੇਗੀ। ਇਸ ਦੌਰੇ ਨਾਲ ਭਾਰਤੀ ਮਹਿਲਾ ਹਾਕੀ ਟੀਮ ਦੀ ਹਾਂਗਝੋਊ ਏਸ਼ਿਆਈ ਖੇਡਾਂ ਲਈ ਤਿਆਰੀ ਸ਼ੁਰੂ ਹੋਵੇਗੀ। ਆਸਟਰੇਲੀਆ ਨੇ ਮੈਚ ਵਿੱਚ ਹਮਲਾਵਰ ਸ਼ੁਰੂਆਤ ਕੀਤੀ।

ਟੀਮ ਨੂੰ ਸ਼ੁਰੂ ਵਿੱਚ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ, ਪਰ ਦੋਵਾਂ ਮੌਕਿਆਂ ’ਤੇ ਭਾਰਤੀ ਕਪਤਾਨ ਤੇ ਗੋਲਕੀਪਰ ਸਵਿਤਾ ਨੇ ਵਿਰੋਧੀ ਟੀਮ ਦੇ ਯਤਨ ਨਾਕਾਮ ਕਰ ਦਿੱਤੇ।

ਭਾਰਤ ਨੂੰ ਵੀ ਦੋ ਪੈਨਲਟੀ ਕਾਰਨਰ ਮਿਲੇ, ਪਰ ਮਹਿਮਾਨ ਟੀਮ ਵੀ ਇਸ ਦਾ ਫ਼ਾਇਦਾ ਨਹੀਂ ਉਠਾ ਸਕੀ। ਇਸ ਤਰ੍ਹਾਂ ਪਹਿਲੇ ਕੁਆਰਟਰ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਆਸਟਰੇਲੀਆ ਨੂੰ ਦੂਸਰੇ ਕੁਆਰਟਰ ਦੇ ਸ਼ੁਰੂ ਵਿੱਚ ਵੀ ਦੋ ਪੈਨਲਟੀ ਕਾਰਨਰ ਮਿਲੇ, ਜਿਸ ਨੂੰ ਸਵਿਤਾ ਨੇ ਬੂਰ ਨਹੀਂ ਪੈਣ ਦਿੱਤਾ।

ਐੈਸਲਿੰਗ ਯੂਟਰੀ ਨੇ ਹਾਲਾਂਕਿ 21ਵੇਂ ਮਿੰਟ ਵਿੱਚ ਮਿਲੇ ਕ੍ਰਾਸ ਉਤੇ ਸਵਿਤਾ ਕੁਮਾਰੀ ਨੂੰ ਚਕਮਾ ਦੇ ਕੇ ਆਸਟਰੇਲੀਆ ਨੂੰ ਲੀਡ ਦਿਵਾਈ। ਹਾਲਾਂਕਿ, ਸ਼ਰਮੀਲਾ ਦੇਵੀ ਨੇ 40ਵੇਂ ਮਿੰਟ ਵਿੱਚ ਗੋਲ ਕੀਤਾ, ਪਰ ਇਸ ਨਾਲ ਹਾਰ ਦਾ ਫ਼ਰਕ ਹੀ ਘੱਟ ਹੋਇਆ।