ਮਹਿਲਾ ਸਹਾਇਕ ਪ੍ਰੋਫੈਸਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ

ਮਹਿਲਾ ਸਹਾਇਕ ਪ੍ਰੋਫੈਸਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ

ਰੂਪਨਗਰ : ਇੱਥੇ ਸ਼ਹਿਰ ਦੀ ਵਸਨੀਕ 35 ਸਾਲਾ ਮਹਿਲਾ ਨੇ ਸਰਹਿੰਦ ਨਹਿਰ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮ੍ਰਿਤਕਾ ਦੀ ਸ਼ਨਾਖਤ ਬਲਵਿੰਦਰ ਕੌਰ ਵਜੋਂ ਹੋਈ ਹੈ। ਉਹ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਗੰਭੀਰਪੁਰ ਪਿੰਡ ਵਿੱਚ ਸਥਿਤ ਰਿਹਾਇਸ਼ ਨੇੜੇ ਦੋ ਮਹੀਨੇ ਤੋਂ ਧਰਨਾ ਦੇ ਰਹੇ 1158 ਸਹਾਇਕ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਦੇ 483 ਮੈਂਬਰਾਂ ਵਿੱਚ ਸ਼ਾਮਲ ਸੀ। ਪੀੜਤ ਬਲਵਿੰਦਰ ਕੌਰ ਦਾ ਖ਼ੁਦਕੁਸ਼ੀ ਪੱਤਰ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਦੋਸ਼ ਲਗਾਇਆ ਹੈ ਕਿ ਸਿੱਖਿਆ ਮੰਤਰੀ ਉਸ ਦੀ ਮੌਤ ਲਈ ਜ਼ਿੰਮੇਵਾਰ ਹੈ। ਉਹ 3 ਦਸੰਬਰ 2021 ਨੂੰ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਣ ਤੋਂ ਬਾਅਦ ਲਗਾਤਾਰ ਔਕੜਾਂ ਦਾ ਸਾਹਮਣਾ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਅਕਤੂਬਰ 2021 ਵਿੱਚ 1158 ਪ੍ਰੋਫੈਸਰਾਂ ਅਤੇ ਲਾਇਬ੍ਰੇਰੀਅਨਾਂ ਦੀ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਦਸੰਬਰ ਵਿੱਚ ਇਨ੍ਹਾਂ ਵਿੱਚੋਂ 607 ਨੂੰ ਨਿਯੁਕਤੀ ਪੱਤਰ ਮਿਲ ਗਏ ਸਨ ਜਨਿ?ਹਾਂ ਵਿੱਚੋਂ 124 ਨੇ ਆਪਣੀ ਡਿਊਟੀ ਜੁਆਇਨ ਕਰ ਲਈ ਸੀ। ਬਾਕੀ 483 ਨੂੰ ਹੈੱਡਕੁਆਰਟਰ ਵਿੱਚ ਜੁਆਇਨ ਕਰਵਾਉਣ ਦੇ ਬਾਵਜੂਦ ਕੰਮ ਨਹੀਂ ਸੀ ਦਿੱਤਾ ਗਿਆ ਕਿਉਂਕਿ ਭਰਤੀ ਵਿਰੁੱਧ ਅਦਾਲਤ ਵਿੱਚ ਵੱਡੀ ਗਿਣਤੀ ਪਟੀਸ਼ਨਾਂ ਦਾਇਰ ਹੋ ਗਈਆਂ ਸਨ। ਉੱਧਰ, ਪੁਲਿਸ ਨੇ ਮ੍ਰਿਤਕਾ ਦੇ ਭਰਾ ਹਰਦੇਵ ਸਿੰਘ ਦੇ ਬਿਆਨਾਂ ’ਤੇ ਉਸ ਦੇ ਪਤੀ ਸੁਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਬਾਗ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਐੱਸਐੱਚਓ ਸਿਟੀ ਪਵਨ ਕੁਮਾਰ ਨੇ ਦੱਸਿਆ ਕਿ ਹਰਦੇਵ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਭੈਣ ਵੱਲੋਂ ਪੰਜ ਸਾਲ ਪਹਿਲਾਂ ਲੜਕੀ ਨੂੰ ਜਨਮ ਦਿੱਤੇ ਜਾਣ ਦੇ ਬਾਅਦ ਤੋਂ ਉਸ ਦਾ ਪਤੀ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਸੁਪ੍ਰੀਤ ਸਿੰਘ ਕਾਰਨ ਉਸ ਦੀ ਭੈਣ ਨੂੰ ਦੋ ਵਾਰ ਗਰਭਪਾਤ ਵੀ ਕਰਵਾਉਣਾ ਪਿਆ ਸੀ। ਐੱਸਐੱਸਪੀ ਰੂਪਨਗਰ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੁਪ੍ਰੀਤ ਸਿੰਘ ਵੱਲੋਂ ਪੁਲੀਸ ਨੂੰ ਸੌਂਪੇ ਗਏ ਖ਼ੁਦਕੁਸ਼ੀ ਪੱਤਰ ਵਿੱਚ ਮ੍ਰਿਤਕਾ ਨੇ ਮੰਤਰੀ ਦਾ ਨਾਂ ਲਿਖਿਆ ਹੈ। ਇਸ ਸਬੰਧੀ ਜਾਂਚ ਵੀ ਕੀਤੀ ਜਾ ਰਹੀ ਹੈ।

ਮਹਿਲਾ ਪ੍ਰੋਫੈਸਰ ਵਲੋਂ ਖੁਦਕੁਸ਼ੀ ਕਰਨਾ ਮੰਦਭਾਗਾ : ਸੁਖਬੀਰ
ਚੰਡੀਗੜ੍ਹ : ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਦੇ ਆਪਣੇ ਹਲਕੇ ਰੂਪਨਗਰ ਦੇ ਪਿੰਡ ਗੰਭੀਰਪੁਰ ਵਿਖੇ ਸਹਾਇਕ ਪ੍ਰੋਫੈਸਰਾਂ ਵਲੋਂ ਲਗਾਏ ਜਾ ਰਹੇ ਰੋਸ ਧਰਨੇ ’ਚ ਸ਼ਾਮਲ ਇਕ ਮਹਿਲਾ ਪ੍ਰੋ. ਬਲਵਿੰਦਰ ਕੌਰ ਵਲੋਂ ਖੁਦਕੁਸ਼ੀ ਨੋਟ ਮਿਲਣ ’ਤੇ ਸੁਖਬੀਰ ਸਿੰਘ ਬਾਦਲ ਨੇ ਟਵੀਟ ਰਾਹੀਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਅਤੇ ਦੁਖਦ ਘਟਨਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਖੁਦਕੁਸ਼ੀ ਨੋਟ ’ਚ ਸਿੱਖਿਆ ਮੰਤਰੀ ਬੈਂਸ ਦਾ ਨਾਂਅ ਲਿਖਿਆ ਹੋਇਆ ਹੈ ਜਿਸ ਕਾਰਨ ਸਿੱਖਿਆ ਮੰਤਰੀ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ।

ਮ੍ਰਿਤਕਾ ਨਾਲ ਕੋਈ ਸਿੱਧਾ ਸੰਪਰਕ ਨਹੀਂ: ਹਰਜੋਤ ਬੈਂਸ
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਪੰਜਾਬ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਉਨ੍ਹਾਂ ਵੱਲੋਂ ਪ੍ਰਦਰਸ਼ਨਕਾਰੀਆਂ ਨਾਲ ਕਈ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕਾ ਨਾਲ ਉਨ੍ਹਾਂ ਦਾ ਕੋਈ ਸਿੱਧਾ ਸੰਪਰਕ ਨਹੀਂ, ਇਸ ਕਰ ਕੇ ਮ੍ਰਿਤਕਾ ਵੱਲੋਂ ਚੁੱਕੇ ਗਏ ਕਦਮ ਬਾਰੇ ਕੋਈ ਟਿੱਪਣੀ ਕਰਨਾ ਠੀਕ ਨਹੀਂ ਹੈ।

ਸਿੱਖਿਆ ਮੰਤਰੀ ਖ਼ਿਲਾਫ਼ ਦਰਜ ਹੋਵੇ ਕੇਸ: ਮਜੀਠੀਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੀ ਮੈਂਬਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਮਜੀਠੀਆ ਨੇ ਮੰਗ ਕੀਤੀ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਖ਼ੁਦਕੁਸ਼ੀ ਪੱਤਰ ਵਿੱਚ ਸਿੱਖਿਆ ਮੰਤਰੀ ਦਾ ਨਾਂ ਸਪਸ਼ਟ ਤੌਰ ’ਤੇ ਲਿਖਿਆ ਹੈ। ਸ੍ਰੀ ਮਜੀਠੀਆ ਨੇ ਕਿਹਾ ਕਿ ਇਹ ਉਮੀਦਵਾਰ ਸਹਾਇਕ ਪ੍ਰੋਫੈਸਰਾਂ ਦੀ ਨਿਯੁਕਤੀ ਪ੍ਰਕਿਰਿਆ ਰੱਦ ਕਰਨ ਕਰ ਕੇ ਪਿਛਲੇ ਦੋ ਸਾਲਾਂ ਤੋਂ ਤਣਾਅ ਵਿੱਚ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਸਰਕਾਰ ਨਾ ਤਾਂ ਅਦਾਲਤ ’ਚ ਉਨ੍ਹਾਂ ਦੀ ਸਹੀ ਢੰਗ ਨਾਲ ਨੁਮਾਇੰਦਗੀ ਕਰ ਰਹੀ ਹੈ ਤੇ ਨਾ ਹੀ ਮਸਲੇ ਨੂੰ ਹੱਲ ਕਰਵਾਉਣ ਵਾਸਤੇ ਕੰਮ ਕਰ ਰਹੀ ਹੈ।