ਮਹਿਲਾ ਵਿਸ਼ਵ ਕੱਪ ਫੁੱਟਬਾਲ: ਇਟਲੀ ਨੂੰ ਹਰਾ ਕੇ ਨਾਕਆਊਟ ’ਚ ਪੁੱਜਾ ਸਵੀਡਨ

ਮਹਿਲਾ ਵਿਸ਼ਵ ਕੱਪ ਫੁੱਟਬਾਲ: ਇਟਲੀ ਨੂੰ ਹਰਾ ਕੇ ਨਾਕਆਊਟ ’ਚ ਪੁੱਜਾ ਸਵੀਡਨ

ਵੈਲਿੰਗਟਨ-
ਦੱਖਣੀ ਅਫਰੀਕਾ ਖ਼ਿਲਾਫ਼ ਆਖਰੀ ਮਿੰਟ ’ਚ ਦਾਗੇ ਗੋਲ ਦੇ ਦਮ ’ਤੇ ਜਿੱਤ ਦਰਜ ਕਰਨ ਵਾਲੇ ਸਵੀਡਨ ਨੇ ਇਟਲੀ ਖ਼ਿਲਾਫ਼ ਕੋਈ ਮੌਕਾ ਨਹੀਂ ਗੁਆਇਆ ਤੇ ਅੱਜ ਇੱਥੇ 5-0 ਨਾਲ ਵੱਡੀ ਜਿੱਤ ਦਰਜ ਕਰਕੇ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾਕਆਊਟ ਗੇੜ ’ਚ ਥਾਂ ਬਣਾ ਲਈ ਹੈ। ਸਵੀਡਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਅਮਾਂਡਾ ਇਲੈਸਟੇਡ ਦੇ 90ਵੇਂ ਮਿੰਟ ’ਚ ਕੀਤੇ ਗਏ ਗੋਲ ਦੀ ਬਦੌਲਤ 2-1 ਨਾਲ ਜਿੱਤ ਦਰਜ ਕੀਤੀ ਸੀ। ਇਲੈਸਟੇਡ ਨੇ ਇਟਲੀ ਖ਼ਿਲਾਫ਼ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਦੋ ਗੋਲ ਦਾਗੇ। ਸਵੀਡਨ ਨੇ ਸ਼ੁਰੂਆਤ ਵਿੱਚ ਗੋਲ ਕਰਨ ’ਚ ਨਾਕਾਮ ਰਹਿਣ ਮਗਰੋਂ 11 ਮਿੰਟ ਅੰਦਰ ਚਾਰ ਗੋਲ ਕਰਕੇ ਇਟਲੀ ਨੂੰ ਪਛਾੜ ਦਿੱਤਾ। ਇਲੈਸਟੇਡ ਨੇ ਆਪਣਾ ਪਹਿਲਾ ਗੋਲ 39ਵੇਂ ਅਤੇ ਦੂਜਾ ਗੋਲ 50ਵੇਂ ਮਿੰਟ ’ਚ ਕੀਤਾ। ਇਸੇ ਵਿਚਾਲੇ ਫ੍ਰਿਡੋਲਿਨਾ ਰੋਲਫੋ ਨੇ 44ਵੇਂ ਮਿੰਟ ’ਚ ਗੋਲ ਕੀਤਾ ਜੋ ਉਸ ਦਾ ਟੂਰਨਾਮੈਂਟ ਵਿਚਲਾ ਦੂਜਾ ਗੋਲ ਹੈ। ਇਸ ਤੋਂ ਕੁਝ ਦੇਰ ਬਾਅਦ ਪਹਿਲੇ ਹਾਫ ਦੇ ਇੰਜਰੀ ਟਾਈਮ ’ਚ ਸਟਿਨਾ ਬਲੈਕਸਟੇਨੀਅਸ ਨੇ ਗੋਲ ਕਰਕੇ ਸਵੀਡਨ ਨੂੰ ਹਾਫ ਟਾਈਮ ਤੋਂ ਪਹਿਲਾਂ 3-0 ਨਾਲ ਅੱਗੇ ਕਰ ਦਿੱਤਾ। ਸਵੀਡਨ ਵੱਲੋਂ ਪੰਜਵਾਂ ਗੋਲ ਰੈਬੇਕਾ ਬਲੋਮਕਵਿਸਟ ਨੇ ਦੂਜੇ ਹਾਫ ਦੇ ਇੰਜਰੀ ਟਾਈਮ ਵਿੱਚ ਕੀਤਾ। ਇਸ ਨਾਲ ਸਵੀਡਨ ਅਗਲੇ ਦੌਰ ’ਚ ਪਹੁੰਚਣ ’ਚ ਕਾਮਯਾਬ ਰਿਹਾ।