ਮਹਿਲਾ ਫੁਟਬਾਲ ਵਿਸ਼ਵ ਕੱਪ: ਜਰਮਨੀ ਨੇ ਮੋਰੱਕੋ ਨੂੰ 6-0 ਨਾਲ ਦਰੜਿਆ

ਮਹਿਲਾ ਫੁਟਬਾਲ ਵਿਸ਼ਵ ਕੱਪ: ਜਰਮਨੀ ਨੇ ਮੋਰੱਕੋ ਨੂੰ 6-0 ਨਾਲ ਦਰੜਿਆ

ਅਲੈਕਜ਼ੈਂਡਰਾ ਪੋਪ ਨੇ ਦਾਗ਼ੇ ਦੋ ਗੋਲ; ਮੌਜੂਦਾ ਟੂਰਨਾਮੈਂਟ ’ਚ ਜਰਮਨੀ ਦੀ ਸਭ ਤੋਂ ਵੱਡੀ ਜਿੱਤ
ਮੈਲਬਰਨ- ਅਲੈਕਜ਼ੈਂਡਰਾ ਪੋਪ ਦੇ ਦੋ ਗੋਲਾਂ ਦੀ ਬਦੌਲਤ ਜਰਮਨੀ ਨੇ ਅੱਜ ਫੀਫਾ ਮਹਿਲਾ ਵਿਸ਼ਵ ਕੱਪ-2023 ਦੇ ਆਪਣੇ ਸ਼ੁਰੂਆਤੀ ਮੈਚ ਵਿੱਚ ਮੋਰੱਕੋ ਨੂੰ 6-0 ਨਾਲ ਕਰਾਰੀ ਹਾਰ ਦਿੱਤੀ। ਪੋਪ ਨੇ ਦੋਵੇਂ ਗੋਲ ਮੈਚ ਦੇ ਪਹਿਲੇ ਹਾਫ਼ ਵਿੱਚ ਦਾਗ਼ੇ, ਜਦਕਿ ਟੀਮ ਨੇ ਦੂਜੇ ਹਾਫ ਵਿੱਚ ਚਾਰ ਹੋਰ ਗੋਲ ਕੀਤੇ। ਇਨ੍ਹਾਂ ਵਿੱਚ ਮੋਰੱਕੋ ਦੀਆਂ ਖਿਡਾਰਨਾਂ ਦੇ ਦੋ ਆਤਮਘਾਤੀ ਗੋਲ ਵੀ ਸ਼ਾਮਲ ਹਨ। ਮੌਜੂਦਾ ਟੂਰਨਾਮੈਂਟ ਵਿੱਚ ਇਹ ਕਿਸੇ ਵੀ ਟੀਮ ਲਈ ਸਭ ਤੋਂ ਵੱਡੀ ਜਿੱਤ ਹੈ। ਜਰਮਨੀ ਦੋ ਵਾਰ ਵਿਸ਼ਵ ਕੱਪ ਚੈਂਪੀਅਨ ਰਿਹਾ ਹੈ, ਜਦਕਿ ਮੋਰੱਕੋ ਪਹਿਲੀ ਵਾਰ ਇਸ ਵਿੱਚ ਹਿੱਸਾ ਲੈ ਰਿਹਾ। ਪੋਪ ਨੇ ਮੈਚ ਦੇ 11ਵੇਂ ਅਤੇ 39ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ 2-0 ਦੀ ਲੀਡ ਦਿਵਾਈ। ਪੋਪ ਦੇ ਕੌਮਾਂਤਰੀ ਕਰੀਅਰ ਦਾ ਇਹ 63ਵਾਂ ਤੇ 64ਵਾਂ ਗੋਲ ਸੀ। ਉਹ ਜਰਮਨੀ ਲਈ ਸਭ ਤੋਂ ਵੱਧ ਗੋਲ ਕਰਨ ਵਾਲੀਆਂ ਖਿਡਾਰਨਾਂ ਦੀ ਸੂਚੀ ਵਿੱਚ ਤੀਸਰੇ ਸਥਾਨ ’ਤੇ ਹੈ। ਜਰਮਨੀ ਲਈ ਕਲਾਰਾ ਬੁਹਲ ਨੇ 46ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਮਗਰੋਂ ਹਨਾਨੇ ਐਤ ਇਲ ਹਜ ਅਤੇ ਯਸਮੀਨ ਮਰਾਬੇਤ ਨੇ ਦੋ ਆਤਮਘਾਤੀ ਗੋਲਾਂ ਨਾਲ ਜਰਮਨੀ ਦੀ ਲੀਡ 5-0 ਕਰ ਦਿੱਤੀ। ਲੀ ਸਕਲਰ ਨੇ 90ਵੇਂ ਮਿੰਟ ਵਿੱਚ ਟੀਮ ਲਈ ਛੇਵਾਂ ਗੋਲ ਦਾਗ਼ਿਆ।