ਮਹਿਲਾ ਪੱਤਰਕਾਰ ਭਾਵਨਾ ਕਿਸ਼ੋਰ ਦੀ ਅੰਤ੍ਰਿਮ ਜ਼ਮਾਨਤ ਵਧਾਈ

ਮਹਿਲਾ ਪੱਤਰਕਾਰ ਭਾਵਨਾ ਕਿਸ਼ੋਰ ਦੀ ਅੰਤ੍ਰਿਮ ਜ਼ਮਾਨਤ ਵਧਾਈ

ਚੰਡੀਗੜ੍ਹ- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਮਹਿਲਾ ਪੱਤਰਕਾਰ ਭਾਵਨਾ ਕਿਸ਼ੋਰ ਦੀ ਅੰਤ੍ਰਿਮ ਜ਼ਮਾਨਤ ਵਿੱਚ ਵਾਧਾ ਕਰਦਿਆਂ ਉਸ ਦੇ ਕੈਮਰਾਮੈਨ ਅਤੇ ਡਰਾਈਵਰ ਨੂੰ ਵੀ 23 ਮਈ ਤੱਕ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਪੁਲੀਸ ਨੇ ਲੰਘੇ ਸ਼ੁੱਕਰਵਾਰ ਤਿੰਨੇ ਜਣਿਆਂ ਨੂੰ ਇੱਕ ਔਰਤ ਨੂੰ ਵਾਹਨ ਦੀ ਟੱਕਰ ਮਾਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਸੀ। ਸ਼ਿਕਾਇਤਕਰਤਾ ਨੇ ਉਕਤ ਤਿੰਨੇ ਜਣਿਆਂ ’ਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੇ ਦੋਸ਼ ਵੀ ਲਾਏ ਸਨ। ਫਿਰ ਅਗਲੇ ਦਿਨ ਸ਼ਨਿਚਰਵਾਰ ਨੂੰ ਕਿਸ਼ੋਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ, ਜਿਥੇ ਉਸ ਨੂੰ ਅਦਾਲਤ ਨੇ 8 ਮਈ ਤੱਕ ਅੰਤ੍ਰਿਮ ਜ਼ਮਾਨਤ ਦੇ ਦਿੱਤੀ ਸੀ। ਅੱਜ ਜਸਟਿਸ ਅਗਸਟੀਨ ਜਾਰਜ ਮਸੀਹ ਦੀ ਅਦਾਲਤ ਨੇ ਕੈਮਰਾਮੈਨ ਮ੍ਰਿਤਯੂੰਜੇ ਕੁਮਾਰ ਅਤੇ ਡਰਾਈਵਰ ਪਰਮਿੰਦਰ ਸਿੰਘ ਨੂੰ ਵੀ ਅੰਤ੍ਰਿਮ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 22 ਮਈ ਨੂੰ ਹੋਵੇਗੀ। ਅਦਾਰਾ ‘ਟਾਈਮਜ਼ ਨਾਓ ਨਵਭਾਰਤ’ ਨੇ ਇੱਕ ਬਿਆਨ ਰਾਹੀਂ ਆਖਿਆ ਕਿ ਅਦਾਲਤੀ ਹੁਕਮ ਚੈਨਲ ਸਮੇਤ ਪੱਤਰਕਾਰ ਤੇ ਸਾਥੀਆਂ ਲਈ ਵੱਡੀ ਰਾਹਤ ਹਨ, ਜਿਨ੍ਹਾਂ ਨੇ ਮਾਨਸਿਕ ਤਸ਼ੱਦਦ ਝੱਲਿਆ ਹੈ। ਪੱਤਰਕਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਨੇ ਮਹਿਲਾ ਪੱਤਰਕਾਰ ਤੇ ਸਾਥੀਆਂ ਖ਼ਿਲਾਫ਼ ਪੁਲੀਸ ਕਾਰਵਾਈ ਅਤੇ ਐਸਸੀ/ਐਸਟੀ ਐਕਟ ਤਹਿਤ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਸੀ। ਇਸ ਦੌਰਾਨ ਪੱਤਰਕਾਰ ਤੇ ਸਾਥੀਆਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕਰਕੇ ਉਨ੍ਹਾਂ ਖਿਲਾਫ਼ ਦਰਜ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਸੀ। ਟੀਵੀ ਚੈਨਲ ਨੇ ਇੱਕ ਬਿਆਨ ਜਾਰੀ ਕਰਦਿਆਂ ਆਖਿਆ ਸੀ ਕਿ ਉਨ੍ਹਾਂ ਟੀਮ ਨੂੰ ਲੁਧਿਆਣਾ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਪ੍ਰੋਗਰਾਮ ਦੀ ਕਵਰੇਜ ਕਰਨ ਲਈ ਸੱਦਿਆ ਗਿਆ ਸੀ।