ਮਹਿਲਾ ਪਹਿਲਵਾਨਾਂ ਨੂੰ ਘਰ ਬੁਲਾਉਂਦਾ ਸੀ ਪ੍ਰਧਾਨ: ਬਜਰੰਗ

ਮਹਿਲਾ ਪਹਿਲਵਾਨਾਂ ਨੂੰ ਘਰ ਬੁਲਾਉਂਦਾ ਸੀ ਪ੍ਰਧਾਨ: ਬਜਰੰਗ

ਜੰਤਰ ਮੰਤਰ ’ਤੇ ਧਰਨਾ ਖ਼ਤਮ; ਸਰਕਾਰ ਤੋਂ ਇਨਸਾਫ਼ ਦੀ ਉਮੀਦ ਜਤਾਈ
ਰੋਹਤਕ- ਓਲੰਪਿਕਸ ’ਚ ਕਾਂਸੇ ਦਾ ਤਗਮਾ ਜੇਤੂ ਪਹਿਲਵਾਨ ਬਜਰੰਗ ਪੂਨੀਆ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ’ਤੇ ਦੋਸ਼ ਲਾਇਆ ਹੈ ਕਿ ਉਹ ਉਭਰਦੀਆਂ ਮਹਿਲਾ ਪਹਿਲਵਾਨਾਂ ਨੂੰ ਦਿੱਲੀ ਸਥਿਤ ਆਪਣੀ ਰਿਹਾਇਸ਼ ’ਤੇ ਸੱਦ ਕੇ ਉਨ੍ਹਾਂ ਨੂੰ ਹਰੇਕ ਸਹਾਇਤਾ ਪ੍ਰਦਾਨ ਕਰਨ ਦਾ ਭਰੋਸਾ ਦੇ ਕੇ ਛੂਹਣ ਦੀ ਕੋਸ਼ਿਸ਼ ਕਰਦਾ ਸੀ। ਦਿੱਲੀ ਦੇ ਜੰਤਰ ਮੰਤਰ ’ਤੇ ਪਹਿਲਵਾਨਾਂ ਦਾ ਧਰਨਾ ਖ਼ਤਮ ਹੋਣ ਮਗਰੋਂ ਪੂਨੀਆ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰ ’ਤੇ ਪੂਰਾ ਭਰੋਸਾ ਹੈ ਕਿ ਉਹ ਇਨਸਾਫ਼ ਦਿਵਾਏਗੀ। ਇਸ ਦੌਰਾਨ ਖੇਡ ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੂੰ ਮੁਅੱਤਲ ਕਰ ਦਿੱਤਾ ਹੈ। ਬਜਰੰਗ ਨੇ ਫੋਨ ’ਤੇ ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕਿਹਾ,‘‘ਅਜਿਹੀਆਂ ਕਈ ਲੜਕੀਆਂ ਹਨ ਜਿਨ੍ਹਾਂ ਨੂੰ ਦੁਰਵਿਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਉਹ ਸਾਹਮਣੇ ਨਹੀਂ ਆਉਣਾ ਚਾਹੁੰਦੀਆਂ ਹਨ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਕੁਸ਼ਤੀ ਫੈਡਰੇਸ਼ਨ ਦਾ ਪ੍ਰਧਾਨ ਤਾਕਤਵਰ ਵਿਅਕਤੀ ਹੈ। ਕੈਪਾਂ ਦੌਰਾਨ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਕਈ ਮਹਿਲਾ ਪਹਿਲਵਾਨਾਂ ਨੇ ਮੈਨੂੰ ਦੱਸਿਆ ਹੈ ਕਿ ਕੁਝ ਕੋਚ ਵੀ ਅਜਿਹੀਆਂ ਨੀਚ ਹਰਕਤਾਂ ’ਚ ਸ਼ਾਮਲ ਹਨ।’’ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਕੌਮਾਂਤਰੀ ਟੂਰਨਾਮੈਂਟਾਂ ਲਈ ਚੋਣ ਸਮੇਂ ਵੀ ਧੱਕੇਸ਼ਾਹੀ ਕੀਤੀ ਜਾਂਦੀ ਹੈ। ਅਜਿਹੀ ਇਕ ਘਟਨਾ ਸਾਂਝਾ ਕਰਦਿਆਂ ਬਜਰੰਗ ਨੇ ਦੱਸਿਆ ਕਿ ਇਕ ਮਹਿਲਾ ਪਹਿਲਵਾਨ ਨੂੰ ਪਿਛਲੇ ਸਾਲ ਕੌਮਾਂਤਰੀ ਟੂਰਨਾਮੈਂਟ ਲਈ ਦੋ ਵਾਰ ਟਰਾਇਲ ’ਚ ਹਿੱਸਾ ਲੈਣਾ ਪਿਆ ਸੀ। ‘ਉਹ ਪਹਿਲਾ ਟਰਾਇਲ ਜਿੱਤ ਗਈ ਸੀ ਪਰ ਅਗਲੇ ਦਿਨ ਉਸ ਨੂੰ ਦੂਜਾ ਟਰਾਇਲ ਦੇਣ ਲਈ ਮਜਬੂਰ ਕੀਤਾ ਗਿਆ ਜੋ ਉਹ ਹਾਰ ਗਈ ਅਤੇ ਉਸ ਦੀ ਥਾਂ ’ਤੇ ਕਿਸੇ ਹੋਰ ਨੂੰ ਕੌਮਾਂਤਰੀ ਚੈਂਪੀਅਨਸ਼ਿਪ ਲਈ ਭੇਜ ਦਿੱਤਾ ਗਿਆ।’ ਉਨ੍ਹਾਂ ਕਿਹਾ ਕਿ ਭਾਰਤੀ ਕੁਸ਼ਤੀ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਸੀ ਜਦੋਂ ਦੋ ਵਾਰ ਟਰਾਇਲ ਲਏ ਗਏ। ਉਨ੍ਹਾਂ ਦਾਅਵਾ ਕੀਤਾ ਕਿ ਇਕ ਟਰਾਇਲ ਦੇ ਆਧਾਰ ’ਤੇ ਹੀ ਚੋਣ ਕਰ ਲਈ ਜਾਂਦੀ ਹੈ ਪਰ ਜਿੱਤਣ ਵਾਲੇ ਭਲਵਾਨ ਨੂੰ ਇਕ ਹੋਰ ਟਰਾਇਲ ਦੇਣ ਲਈ ਮਜਬੂਰ ਕੀਤਾ ਗਿਆ।