ਮਹਿਲਾ ਟੀ-20 ਵਿਸ਼ਵ ਕੱਪ – ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ

ਮਹਿਲਾ ਟੀ-20 ਵਿਸ਼ਵ ਕੱਪ – ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ

ਕੇਪਟਾਊਨ-ਭਾਰਤ ਨੇ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਆਪਣੇ ਪਲੇਠੇ ਮੁਕਾਬਲੇ ਵਿੱਚ ਅੱਜ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ ਪਾਕਿਸਤਾਨ ਵੱਲੋਂ ਜਿੱਤ ਲਈ ਦਿੱਤੇ 150 ਦੌੜਾਂ ਦੇ ਟੀਚੇ ਨੂੰ 19 ਓਵਰਾਂ ਵਿੱਚ 151/3 ਦੇ ਸਕੋਰ ਨਾਲ ਪੂਰਾ ਕਰ ਲਿਆ। ਭਾਰਤ ਲਈ ਜੈਮੀਮਾ ਰੌਡਰਿਗਜ਼ ਨੇ ਨਾਬਾਦ 53 ਦੌੜਾਂ ਬਣਾਈਆਂ ਤੇ ਉਸ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ। ਰੌਡਰਿਗਜ਼ ਨੇ 38 ਗੇਂਦਾਂ ਦੀ ਪਾਰੀ ਵਿੱਚ ਅੱਠ ਚੌਕੇ ਜੜੇ। ਰਿਚਾ ਘੋਸ਼ 31 ਦੌੜਾਂ ਨਾਲ ਨਾਬਾਦ ਰਹੀ। ਸ਼ਫਾਲੀ ਵਰਮਾ ਨੇ 33, ਯਸਤਿਕਾ ਭਾਟੀਆ 17 ਤੇ ਕਪਤਾਨ ਹਰਮਨਪ੍ਰੀਤ ਕੌਰ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਪਾਕਿਸਤਾਨ ਲਈ ਨਸ਼ਰਾ ਸੰਧੂ ਨੇ 15 ਦੌੜਾਂ ਬਦਲੇ 2 ਤੇ ਸਾਦੀਆ ਇਕਬਾਲ ਨੇ 25 ਦੌੜਾਂ ਬਦਲੇ ਇਕ ਵਿਕਟ ਲਈ। ਭਾਰਤ ਆਪਣਾ ਦੂਜਾ ਮੁਕਾਬਲਾ 15 ਫਰਵਰੀ ਨੂੰ ਵੈਸਟ ਇੰਡੀਜ਼ ਖਿਲਾਫ਼ ਖੇਡੇਗਾ।

ਇਸ ਤੋਂ ਪਹਿਲਾਂ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਲਈ ਕਪਤਾਨ ਬਿਸਮਾਹ ਮਾਰੂਫ਼ ਨੇ ਨਾਬਾਦ 68 ਦੌੜਾਂ ਦੀ ਪਾਰੀ ਖੇਡੀ। ਮਾਰੂਫ਼ ਨੇ 55 ਗੇਂਦਾਂ ਦੀ ਆਪਣੀ ਪਾਰੀ ਵਿੱਚ 7 ਚੌਕੇ ਲਾੲੇ। ਆਇਸ਼ਾ ਨਸੀਮ ਨੇ ਨਾਬਾਦ 43 ਦੌੜਾਂ ਨਾਲ ਕਪਤਾਨ ਦਾ ਚੰਗਾ ਸਾਥ ਦਿੱਤਾ। ਵਿਕਟਕੀਪਰ ਬੱਲੇਬਾਜ਼ ਮੁਨੀਬਾ ਅਲੀ ਨੇ 12, ਜਾਵੇਰੀਆ ਖ਼ਾਨ 8 ਤੇ ਸਿਦਰਾ ਅਮੀਨ ਨੇ 11 ਦੌੜਾਂ ਬਣਾਈਆਂ। ਨਿਦਾ ਡਾਰ ਖਾਤਾ ਖੋਲ੍ਹਣ ਵਿੱਚ ਵੀ ਨਾਕਾਮ ਰਹੀ। ਪਾਕਿਸਤਾਨੀ ਟੀਮ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 149 ਦੌੜਾਂ ਦਾ ਸਕੋਰ ਬਣਾਇਆ। ਭਾਰਤ ਲਈ ਰਾਧਾ ਯਾਦਵ ਨੇ ਚਾਰ ਓਵਰਾਂ ਵਿੱਚ 21 ਦੌੜਾਂ ਦੇ ਕੇ 2 ਵਿਕਟਾਂ ਲਈਆਂ ਜਦੋਂਕਿ ਇਕ ਇਕ ਵਿਕਟ ਦੀਪਤੀ ਸ਼ਰਮਾ ਤੇ ਪੂਜਾ ਵਸਤਰਾਕਰ ਦੇ ਹਿੱਸੇ ਆਈ। ਦੀਪਤੀ ਸ਼ਰਮਾ ਆਪਣੇ ਕੋਟੇ ਦੇ ਚਾਰ ਓਵਰਾਂ ਵਿੱਚ 39 ਦੌੜਾਂ ਦੇ ਕੇ ਸਭ ਤੋਂ ਮਹਿੰਗੀ ਸਾਬਤ ਹੋਈ।