ਮਹਿਲਾ ਟੀ-20: ਮੇਜ਼ਬਾਨ ਨੂੰ ਹਰਾ ਕੇ ਫਾਈਨਲ ’ਚ ਪੁੱਜਿਆ ਭਾਰਤ

ਮਹਿਲਾ ਟੀ-20: ਮੇਜ਼ਬਾਨ ਨੂੰ ਹਰਾ ਕੇ ਫਾਈਨਲ ’ਚ ਪੁੱਜਿਆ ਭਾਰਤ

ਇੰਗਲੈਂਡ ਨੂੰ 4 ਦੌੜਾਂ ਨਾਲ ਦਿੱਤੀ ਮਾਤ; ਮੰਧਾਨਾ ਨੇ ਜੜਿਆ ਸਭ ਤੋਂ ਤੇਜ਼ ਨੀਮ ਸੈਂਕੜਾ

ਬਰਮਿੰਘਮ – ਆਲ ਰਾਊਂਡਰ ਸਨੇਹ ਰਾਣਾ ਦੀ ਆਖਰੀ ਓਵਰਾਂ ’ਚ ਕੀਤੀ ਗਈ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਕ੍ਰਿਕਟ ਟੀਮ ਅੱਜ ਇੱਥੇ ਮੇਜ਼ਬਾਨ ਇੰਗਲੈਂਡ ਨੂੰ ਚਾਰ ਦੌੜਾਂ ਨਾਲ ਹਰਾ ਕੇ ਫਾਈਨਲ ’ਚ ਪਹੁੰਚ ਗਈ ਹੈ।

ਜਿੱਤ ਲਈ 165 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਇੰਗਲੈਂਡ ਦੀ ਟੀਮ ਤਿੰਨ ਵਿਕਟਾਂ ’ਤੇ 132 ਦੌੜਾਂ ਬਣਾ ਕੇ ਚੰਗੀ ਸਥਿਤੀ ’ਚ ਸੀ। ਮੇਜ਼ਬਾਨ ਟੀਮ ਨੂੰ 24 ਗੇਂਦਾਂ ’ਚ ਸਿਰਫ਼ 33 ਦੌੜਾਂ ਦੀ ਲੋੜ ਸੀ ਪਰ ਆਫ ਸਪਿੰਨਰ ਰਾਣਾ (ਚਾਰ ਓਵਰਾਂ ’ਚ 28 ਦੌੜਾਂ ਦੇ ਕੇ ਦੋ ਵਿਕਟਾਂ) ਨੇ ਬਹੁਤ ਕੱਸਵੀਂ ਗੇਂਦਬਾਜ਼ੀ ਕੀਤੀ। ਉਸ ਨੇ 18ਵੇਂ ਓਵਰ ’ਚ ਸਿਰਫ਼ ਤਿੰਨ ਤੇ ਆਖਰੀ ਓਵਰ ’ਚ ਨੌਂ ਦੌੜਾਂ ਦਿੱਤੀਆਂ। ਐਕਲੇਸਟੋਨ ਦੇ ਆਖਰੀ ਗੇਂਦ ’ਚ ਜੜੇ ਛੱਕੇ ਦੇ ਬਾਵਜੂਦ ਮੇਜ਼ਬਾਨ ਟੀਮ 20 ਓਵਰਾਂ ’ਚ ਛੇ ਵਿਕਟਾਂ ਦੇ ਨੁਕਸਾਨ ’ਤੇ 160 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਹਰਮਨਪ੍ਰੀਤ ਕੌਰ ਦੀ ਟੀਮ ਨੇ ਲਾਰਡਜ਼ ਦੇ ਮੈਦਾਨ ’ਤੇ 2017 ਦੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ’ਚ ਮਿਲੀ ਹਾਰ ਦਾ ਬਦਲਾ ਲੈ ਲਿਆ ਹੈ। ਭਾਰਤ ਵੱਲੋਂ ਰਾਣਾ ਤੋਂ ਇਲਾਵਾ ਦੀਪਤੀ ਸ਼ਰਮਾ ਨੇ ਇੱਕ ਵਿਕਟ ਹਾਸਲ ਕੀਤੀ।

ਇਸ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ ਨੇ ਸਮ੍ਰਿਤੀ ਮੰਧਾਨਾ (61 ਦੌੜਾਂ) ਦੀ ਨੀਮ ਸੈਂਕੜੇ ਦੀ ਪਾਰੀ ਦੀ ਬਦੌਲਤ ਇੰਗਲੈਂਡ ਖ਼ਿਲਾਫ਼ ਪੰਜ ਵਿਕਟਾਂ ਦੇ ਨੁਕਸਾਨ ’ਤੇ 164 ਦੌੜਾਂ ਬਣਾਈਆਂ। ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਲਈ ਮੰਧਾਨਾ ਤੋਂ ਇਲਾਵਾ ਜੈਮਿਮਾ ਰੌਡਰਿਗਜ਼ ਨੇ ਨਾਬਾਦ 44 ਦੌੜਾਂ ਦਾ ਯੋਗਦਾਨ ਪਾਇਆ। ਇੰਗਲੈਂਡ ਦੀ ਫਰੇਯਾ ਕੈਂਪ ਦੋ ਵਿਕਟਾਂ ਹਾਸਲ ਕਰਨ ’ਚ ਕਾਮਯਾਬ ਰਹੀ ਜਦਕਿ ਕੈਥਰੀਨ ਬਰੰਟ ਤੇ ਨੈਟ ਸਕਿਵਰ ਨੇ 1-1 ਵਿਕਟ ਹਾਸਲ ਕੀਤੀ। ਸਮ੍ਰਿਤੀ ਮੰਧਾਨਾ ਨੇ 32 ਗੇਂਦਾਂ ਦੀ ਆਪਣੀ ਪਾਰੀ ਦੌਰਾਨ ਤਿੰਨ ਛੱਕੇ ਤੇ ਅੱਠ ਚੌਕੇ ਜੜੇ। ਮੰਧਾਨਾ ਨੇ ਇਸ ਦੌਰਾਨ ਮਹਿਲਾ ਕ੍ਰਿਕਟ ’ਚ ਟੀ-20 ਕੌਮਾਤਰੀ ’ਚ ਸਭ ਤੋਂ ਤੇਜ਼ ਨੀਮ ਸੈਂਕੜਾ ਵੀ ਜੜ ਦਿੱਤਾ ਹੈ।