ਮਹਿਲਾਵਾਂ ਦੇ ਮੁੱਦੇ ’ਤੇ ਇਰਾਨੀ ਨੂੰ ਗੁੱਸਾ ਕਿਉਂ ਨਹੀਂ ਆਇਆ: ਮਾਲੀਵਾਲ

ਮਹਿਲਾਵਾਂ ਦੇ ਮੁੱਦੇ ’ਤੇ ਇਰਾਨੀ ਨੂੰ ਗੁੱਸਾ ਕਿਉਂ ਨਹੀਂ ਆਇਆ: ਮਾਲੀਵਾਲ

ਨਵੀਂ ਦਿੱਲੀ: ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਬਿਲਕੀਸ ਬਾਨੋ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਕਰਨ ਅਤੇ ਮਨੀਪੁਰ ਵਿੱਚ ਮਹਿਲਾਵਾਂ ਦੀ ਨਗਨ ਪਰੇਡ ਦੇ ਮਾਮਲੇ ’ਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਦੀ ਚੁੱਪ ਦੀ ਨਿਖੇਧੀ ਕੀਤੀ ਹੈ। ਮਾਲੀਵਾਲ ਨੇ ਕਿਹਾ ਕਿ ਸਮ੍ਰਿਤੀ ਇਰਾਨੀ ਨੂੰ ਨਾ ਤਾਂ ਜਬਰ-ਜਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂੁਸ਼ਨ ਸ਼ਰਨ ਸਿੰਘ ਖ਼ਿਲਾਫ਼ ਅਤੇ ਨਾ ਹੀ ਜਬਰ-ਜਨਾਹ ਅਤੇ ਹੱਤਿਆ ਦੇ ਦੋਸ਼ ਹੇਠ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਖ਼ਿਲਾਫ਼ ਗੁੱਸਾ ਆਇਆ ਹੈ। ਫਲਾਇੰਗ ਕਿਸ ਵਿਵਾਦ ਮਗਰੋਂ ਮਾਲੀਵਾਲ ਨੇ ਟਵਿੱਟਰ ’ਤੇ ਦੋ ਮਿੰਟ ਲੰਬੀ ਵੀਡੀਓ ਸਾਂਝੀ ਕਰਦਿਆਂ ਕਿਹਾ, ‘‘ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਬਹੁਤ ਗੁੱਸੇ ਹਨ। ਪਰ ਮੈਂ ਸਮਝ ਨਹੀਂ ਪਾ ਰਹੀ ਕਿ ਉਦੋਂ ਇਹ ਗੁੱਸਾ ਕਿੱਥੇ ਗਿਆ ਸੀ, ਜਦੋਂ (ਸੰਸਦ ਵਿੱਚ) ਉਨ੍ਹਾਂ ਤੋਂ ਦੋ ਕਤਾਰਾਂ ਪਿੱਛੇ ਬ੍ਰਿਜ ਭੂਸ਼ਨ ਨਾਂ ਦਾ ਵਿਅਕਤੀ ਬੈਠਾ ਸੀ।’’ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਨੇ ਕਿਹਾ ਕਿ ਕੇਂਦਰੀ ਮੰਤਰੀ ਨੂੰ ਬ੍ਰਿਜ ਭੂਸ਼ਨ ’ਤੇ ਗੁੱਸਾ ਨਹੀਂ ਆਇਆ, ਜਿਸ ’ਤੇ ਓਲੰਪੀਅਨ ਪਹਿਲਵਾਨਾਂ ਵੱਲੋਂ ਜਬਰ-ਜਨਾਹ ਦੇ ਦੋਸ਼ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ਮੰਤਰੀ ਨੂੰ ਉਦੋਂ ਵੀ ਗੁੱਸਾ ਨਹੀਂ ਆਇਆ, ਜਦੋਂ ਮਨੀਪੁਰ ਵਿੱਚ ਮਹਿਲਾਵਾਂ ਦੀ ਨਗਨ ਪਰੇਡ ਕੱਢੀ ਗਈ, ਜ਼ਲੀਲ ਕੀਤਾ ਗਿਆ ਅਤੇ ਸਮੂਹਿਕ ਜਬਰ-ਜਨਾਹ ਹੋਏ। ਮਾਲੀਵਾਲ ਨੇ ਕਿਹਾ ਕਿ ਸਮ੍ਰਿਤੀ ਨੂੰ ਬਿਲਕੀਸ ਬਾਨੋ ਜਬਰ-ਜਨਾਹ ਮਾਮਲੇ ਦੇ ਦੋਸ਼ੀਆਂ ਨੂੰ ਰਿਹਾਅ ਕਰਨ ’ਤੇ ਵੀ ਗੁੱਸਾ ਨਹੀਂ ਆਇਆ ਪਰ ਹੈਰਾਨੀ ਦੀ ਗੱਲ ਹੈ ਕਿ ਰਾਹੁਲ ਗਾਂਧੀ ਦੀ ਫਲਾਇੰਗ ਕਿਸ ਨੇ ਉਨ੍ਹਾਂ ਨੂੰ ਗੁੱਸਾ ਦੁਆਇਆ।