ਮਹਿਲਾਵਾਂ ਦੀ ਅਗਵਾਈ ਹੇਠ ਮੁਲਕ ਨੇ ਵਿਕਾਸ ਵੱਲ ਵਧਾਏ ਕਦਮ: ਮੋਦੀ

ਮਹਿਲਾਵਾਂ ਦੀ ਅਗਵਾਈ ਹੇਠ ਮੁਲਕ ਨੇ ਵਿਕਾਸ ਵੱਲ ਵਧਾਏ ਕਦਮ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾਵਾਂ ਦੇ ਸਵੈ-ਸਹਾਇਤਾ ਗਰੁੱਪਾਂ ’ਚ ਯੂਨੀਕੌਰਨ ਬਣਾਉਣ ’ਤੇ ਜ਼ੋਰ ਦਿੰਦਿਆ ਕਿਹਾ ਕਿ ਭਾਰਤ ਨੇ ਪਿਛਲੇ ਨੌਂ ਸਾਲਾਂ ’ਚ ‘ਮਹਿਲਾ ਵਿਕਾਸ’ ਤੋਂ ‘ਮਹਿਲਾਵਾਂ ਦੀ ਅਗਵਾਈ ਵਾਲੇ ਵਿਕਾਸ’ ਵੱਲ ਕਦਮ ਵਧਾਏ ਹਨ। ਮਹਿਲਾ ਸ਼ਕਤੀਕਰਨ ’ਤੇ ਬਜਟ ਮਗਰੋਂ ਇਕ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਸ ਗੱਲ ਨੂੰ ਉਭਾਰਿਆ ਕਿ ਅੱਜ ਭਾਰਤ ’ਚ ਇੰਜਨੀਅਰਿੰਗ, ਸਾਇੰਸ ਅਤੇ ਤਕਨਾਲੋਜੀ ਦੇ ਖੇਤਰ ’ਚ ਮਹਿਲਾਵਾਂ ਦੇ ਦਾਖ਼ਲੇ ਦਾ ਅੰਕੜਾ 43 ਫ਼ੀਸਦ ਹੈ ਜੋ ਅਮਰੀਕਾ, ਬ੍ਰਿਟੇਨ ਅਤੇ ਜਰਮਨੀ ਜਿਹੇ ਵਿਕਸਤ ਮੁਲਕਾਂ ਦੇ ਮੁਕਾਬਲੇ ’ਚ ਕਿਤੇ ਵੱਧ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਦਾ ਖੇਤਰ ਹੋਵੇ ਜਾਂ ਖੇਡ ਦਾ ਮੈਦਾਨ, ਕਾਰੋਬਾਰ ਹੋਵੇ ਜਾਂ ਸਿਆਸਤ, ਭਾਰਤ ’ਚ ਮਹਿਲਾਵਾਂ ਦੀ ਸਿਰਫ਼ ਹਿੱਸੇਦਾਰੀ ਹੀ ਨਹੀਂ ਵਧੀ ਸਗੋਂ ਉਹ ਹਰ ਖੇਤਰ ’ਚ ਅੱਗੇ ਆ ਕੇ ਅਗਵਾਈ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕਰੋੜਾਂ ਲੋਕਾਂ ਨੂੰ ਮੁਦਰਾ ਲੋਨ ਦਿੱਤੇ ਗਏ, ਉਨ੍ਹਾਂ ’ਚੋਂ ਕਰੀਬ 70 ਫ਼ੀਸਦੀ ਲਾਭਪਾਤਰੀ ਮਹਿਲਾਵਾਂ ਹਨ ਅਤੇ ਉਹ ਪਰਿਵਾਰ ਦੀ ਆਮਦਨ ਵਧਾਉਣ ਦੇ ਨਾਲ ਨਾਲ ਅਰਥਚਾਰੇ ਦੇ ਨਵੇਂ ਰਾਹ ਵੀ ਖੋਲ੍ਹ ਰਹੀਆਂ ਹਨ। ਉਨ੍ਹਾਂ ਕਿਹਾ,‘‘ਕੀ ਅਸੀਂ ਸਵੈ-ਸਹਾਇਤਾ ਗਰੁੱਪਾਂ ’ਚ ਵੀ ਯੂਨੀਕੌਰਨ ਬਣਾ ਸਕਦੇ ਹਾਂ? ਅਸੀਂ ਇਸ ਸਾਲ ਦੇ ਬਜਟ ’ਚ ਇਹ ਨਜ਼ਰੀਆ ਵੀ ਪੇਸ਼ ਕੀਤਾ ਹੈ।’’ ਯੂਨੀਕੌਰਨ ਅਜਿਹੀਆਂ ਕੰਪਨੀਆਂ ਹੁੰਦੀਆਂ ਹਨ ਜੋ ਸ਼ੇਅਰ ਬਾਜ਼ਾਰ ’ਚ ਸੂਚੀਬੱਧ ਹੋਏ ਬਿਨਾਂ ਇਕ ਅਰਬ ਅਮਰੀਕੀ ਡਾਲਰ ਤੱਕ ਦਾ ਕਾਰੋਬਾਰ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ 9-10 ਸਾਲਾਂ ’ਚ ਹਾਈ ਸਕੂਲ ਜਾਂ ਉਸ ਤੋਂ ਅੱਗੇ ਪੜ੍ਹਾਈ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਤਿੰਨ ਗੁਣਾ ਵਧੀ ਹੈ।