ਮਹਿਰੌਲੀ ਹੱਤਿਆ ਕਾਂਡ: ਆਫਤਾਬ ਦੇ ਪੁਲੀਸ ਰਿਮਾਂਡ ’ਚ ਵਾਧਾ

ਮਹਿਰੌਲੀ ਹੱਤਿਆ ਕਾਂਡ: ਆਫਤਾਬ ਦੇ ਪੁਲੀਸ ਰਿਮਾਂਡ ’ਚ ਵਾਧਾ

ਅਦਾਲਤ ਵੱਲੋਂ ਮੁਲਜ਼ਮ ਦਾ ਨਾਰਕੋ ਟੈਸਟ ਕਰਵਾਉਣ ਦੀ ਮਨਜ਼ੂਰੀ
ਨਵੀਂ ਦਿੱਲੀ-ਦਿੱਲੀ ਦੀ ਇਕ ਅਦਾਲਤ ਨੇ ਅੱਜ ਸ਼ਹਿਰ ਦੀ ਪੁਲੀਸ ਨੂੰ ਮਹਿਰੌਲੀ ਹੱਤਿਆ ਕਾਂਡ ਦੇ ਮੁਲਜ਼ਮ ਆਫਤਾਬ ਅਮੀਨ ਪੂਨਾਵਾਲਾ ਕੋਲੋਂ ਪੰਜ ਦਿਨ ਹੋਰ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦੇ ਦਿੱਤੀ। ਅਦਾਲਤ ਨੇ ਮਾਮਲੇ ਦਾ ਖੁਲਾਸਾ ਕਰਨ ਲਈ ਉਸ ਦਾ ਨਾਰਕੋ ਟੈਸਟ ਕਰਵਾਉਣ ਦੀ ਇਜਾਜ਼ਤ ਵੀ ਦੇ ਦਿੱਤੀ ਹੈ। ਮੈਟਰੋਪੋਲਿਟਨ ਮੈਜਿਸਟਰੇਟ ਅਵਿਰਾਲ ਸ਼ੁਕਲਾ ਨੇ ਮਾਮਲੇ ਵਿੱਚ ਪੁਲੀਸ ਦੀ ਅਰਜ਼ੀ ਨੂੰ ਮਨਜ਼ੂਰ ਕਰਦੇ ਹੋਏ ਇਹ ਆਦੇਸ਼ ਜਾਰੀ ਕੀਤਾ।

ਪੁਲੀਸ ਅਨੁਸਾਰ 28 ਸਾਲਾ ਪੂਨਾਵਾਲਾ ਨੇ ਸ਼ਰਧਾ ਵਾਲਕਰ (27) ਦੀ ਲੰਘੀ 18 ਮਈ ਦੀ ਸ਼ਾਮ ਨੂੰ ਕਥਿਤ ਤੌਰ ’ਤੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ ਜਿਨ੍ਹਾਂ ਨੂੰ ਉਸ ਨੇ ਦੱਖਣੀ ਦਿੱਲੀ ਦੇ ਮਹਿਰੌਲੀ ਵਿੱਚ ਸਥਿਤ ਆਪਣੀ ਰਿਹਾਇਸ਼ ’ਚ ਕਰੀਬ ਤਿੰਨ ਹਫਤਿਆਂ ਤੱਕ ਇਕ 300 ਲਿਟਰ ਦੇ ਫਰਿੱਜ ਵਿੱਚ ਰੱਖੀ ਰੱਖਿਆ ਅਤੇ ਕਈ ਦਿਨਾਂ ਤੱਕ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸੁੱਟਦਾ ਰਿਹਾ।

ਪੁਲੀਸ ਦਾ ਕਹਿਣਾ ਹੈ ਕਿ ਦੋਹਾਂ ਦੀ ਪੈਸਿਆਂ ਦੇ ਮੁੱਦੇ ’ਤੇ ਅਕਸਰ ਬਹਿਸ ਹੁੰਦੀ ਰਹਿੰਦੀ ਸੀ ਅਤੇ ਸ਼ੱਕ ਹੈ ਕਿ 18 ਮਈ ਨੂੰ ਵੀ ਇਸੇ ਤਰ੍ਹਾਂ ਦੋਹਾਂ ਵਿਚਾਲੇ ਲੜਾਈ ਹੋਈ ਹੋਵੇਗੀ ਜਿਸ ਕਾਰਨ ਪੂਨਾਵਾਲਾ ਨੇ 27 ਸਾਲਾ ਸ਼ਰਧਾ ਦੀ ਹੱਤਿਆ ਕਰ ਦਿੱਤੀ।