ਮਹਾਰਾਸ਼ਟਰ: ਬੱਸ ਨੂੰ ਅੱਗ ਲੱਗਣ ਕਾਰਨ 25 ਮੁਸਾਫਰਾਂ ਦੀ ਮੌਤ

ਮਹਾਰਾਸ਼ਟਰ: ਬੱਸ ਨੂੰ ਅੱਗ ਲੱਗਣ ਕਾਰਨ 25 ਮੁਸਾਫਰਾਂ ਦੀ ਮੌਤ

ਜ਼ਖਮੀ ਹੋਏ ਅੱਠ ਮੁਸਾਫਰ ਹਸਪਤਾਲ ਦਾਖਲ; ਮੁਰਮੂ, ਮੋਦੀ, ਸ਼ਾਹ ਤੇ ਹੋਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ
ਨਾਗਪੁਰ- ਮਹਾਰਾਸ਼ਟਰ ਦੇ ਬੁਲਧਾਨਾ ਜ਼ਿਲ੍ਹੇ ’ਚ ਸਮ੍ਰਿੱਧੀ ਐਕਸਪ੍ਰੈੱਸ-ਵੇਅ ’ਤੇ ਇੱਕ ਬੱਸ ਨੂੰ ਅੱਗ ਲੱਗਣ ਕਾਰਨ ਇਸ ’ਚ ਸਵਾਰ 25 ਵਿਅਕਤੀਆਂ ਦੀ ਸਡ਼ਨ ਕਾਰਨ ਮੌਤ ਹੋ ਗਈ ਜਦਕਿ ਅੱਜ ਹੋਰ ਜ਼ਖ਼ਮੀ ਸਵਾਰੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲੀਸ ਨੇ ਇਸ ਹਾਦਸੇ ’ਚ ਸਬੰਧ ਵਿੱਚ ਬੱਸ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਨੇ ਦੱਸਿਆ ਕਿ ਇੱਕ ਨਿੱਜੀ ਟਰੈਵਲ ਕੰਪਨੀ ਦੀ ਬੱਸ ਨਾਗਪੁਰ ਤੋਂ ਪੁਣੇ ਜਾ ਰਹੀ ਸੀ। ਰਸਤੇ ਵਿੱਚ ਬੁਲਧਾਨਾ ਜ਼ਿਲ੍ਹੇ ਦੇ ਸਿੰਦਖੇਡ਼ਰਾਜਾ ਨੇਡ਼ੇ ਲੰਘੀ ਦੇਰ ਰਾਤ ਕਰੀਬ ਡੇਢ ਵਜੇ ਬੱਸ ਡਿਵਾਈਡਰ ਨਾਲ ਟਕਰਾ ਗਈ ਤੇ ਇਸ ਨੂੰ ਅੱਗ ਲੱਗ ਗਈ। ਪੁਲੀਸ ਨੇ ਦੱਸਿਆ ਕਿ ਡਰਾਈਵਰ ਤੇ ਕਲੀਨਰ ਸਮੇਤ ਅੱਠ ਵਿਅਕਤੀ ਬੱਸ ਦੀਆਂ ਖਿਡ਼ਕੀਆਂ ਤੋਡ਼ ਕੇ ਬਾਹਰ ਆਉਣ ’ਚ ਸਫਲ ਰਹੇ। ਉਨ੍ਹਾਂ ਕਿਹਾ ਕਿ ਡਰਾਈਵਰ ਤੋਂ ਪੁੱਛ ਪਡ਼ਤਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਉੱਪ ਮੁੱਖ ਮੰਤਰੀ ਦੇਵੇਂਦਰ ਫਡ਼ਨਵੀਸ ਨੇ ਕਿਹਾ ਕਿ ਲਾਸ਼ਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਪਛਾਣ ਨਾ ਹੋਣ ਦੀ ਸਥਿਤੀ ਲਾਸ਼ਾਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇਗਾ। ਰਾਸ਼ਟਰਪਤੀ ਦਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ੳੂਧਵ ਠਾਕਰੇ ਤੇ ਹੋਰ ਆਗੂਆਂ ਨੇ ਹਾਦਸੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਠਾਕਰੇ ਨੇ ਸਰਕਾਰ ’ਤੇ ਦੋਸ਼ ਲਾਇਆ ਉਸ ਨੇ ਸਮ੍ਰਿਧੀ ਅੈਕਸਪ੍ਰੈੱਸਵੇਅ ’ਤੇ ਹਾਦਸੇ ਰੋਕਣ ਲਈ ਕੁਝ ਨਹੀਂ ਕੀਤਾ। ਪੁਲੀਸ ਨੂੰ ਸ਼ੱਕ ਹੈ ਕਿ ਇਹ ਹਾਦਸਾ ਬੱਸ ਡਰਾਈਵਰ ਦੇ ਨਸ਼ੇ ’ਚ ਹੋਣ ਕਾਰਨ ਵਾਪਰਿਆ ਹੈ।