ਮਹਾਰਾਸ਼ਟਰ ਦੇ ਰਾਜਪਾਲ ਵਜੋਂ ਕੈਪਟਨ ਦੇ ਨਾਂ ਦੇ ਚਰਚੇ

ਮਹਾਰਾਸ਼ਟਰ ਦੇ ਰਾਜਪਾਲ ਵਜੋਂ ਕੈਪਟਨ ਦੇ ਨਾਂ ਦੇ ਚਰਚੇ

ਨਵੀਂ ਦਿੱਲੀ- ਭਗਤ ਸਿੰਘ ਕੋਸ਼ਿਆਰੀ ਵੱਲੋਂ ਮਹਾਰਾਸ਼ਟਰ ਦੇ ਰਾਜਪਾਲ ਦਾ ਅਹੁਦਾ ਛੱਡਣ ਦੀ ਜਤਾਈ ਇੱਛਾ ਮਗਰੋਂ ਉਨ੍ਹਾਂ ਦੇ ਸੰਭਾਵੀ ਜਾਨਸ਼ੀਨ ਵਜੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਲੋਕ ਸਭਾ ਦੇ ਸਾਬਕਾ ਸਪੀਕਰ ਸੁਮਿੱਤਰਾ ਮਹਾਜਨ ਦੇ ਨਾਵਾਂ ਦੀ ਚਰਚਾ ਹੋਣ ਲੱਗੀ ਹੈ। ਸੂਤਰਾਂ ਨੇ ਕਿਹਾ ਕਿ ਹਾਲ ਦੀ ਘੜੀ ਇਸ ਬਾਰੇ ਯਕੀਨੀ ਤੌਰ ’ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ, ਕਿਉਂਕਿ ਸਿਖਰਲੀ ਲੀਡਰਸ਼ਿਪ ਇਸ ਅਹੁਦੇ ਲਈ ਕਈ ਨਾਵਾਂ ’ਤੇ ਵਿਚਾਰ ਕਰ ਰਹੀ ਹੈ। ਉਂਜ ਸੂਤਰਾਂ ਨੇ ਮੰਨਿਆ ਕਿ ਸਿੰਘ ਤੇ ਮਹਾਜਨ ਦੀ ਉਮਰ ਤੇ ਸਿਆਸੀ ਤਜਰਬੇ ਨੂੰ ਵੇਖਦਿਆਂ, ਉਹ ਇਸ ਅਹੁਦੇ ਦੇ ਯੋਗ ਹਨ। ਕੈਪਟਨ ਅਮਰਿੰਦਰ ਸਿੰਘ, ਜਿਨ੍ਹਾਂ 2021 ਵਿੱਚ ਗੈਰ-ਰਸਮੀ ਤਰੀਕੇ ਨਾਲ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਮਗਰੋਂ ਕਾਂਗਰਸ ਛੱਡ ਦਿੱਤੀ ਸੀ, ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾਈ ਸੀ, ਜਿਸ ਦਾ ਬਾਅਦ ਵਿੱਚ ਭਾਜਪਾ ’ਚ ਰਲੇਵਾਂ ਹੋ ਗਿਆ ਸੀ। ਭਾਜਪਾ ਨੇ ਕੈਪਟਨ ਨੂੰ ਅਜੇ ਪਿੱਛੇ ਜਿਹੇ ਆਪਣੀ ਕੌਮੀ ਕਾਰਜਕਾਰਨੀ ਦਾ ਮੈਂਬਰ ਨਿਯੁਕਤ ਕੀਤਾ ਹੈ।