ਮਹਾਰਾਸ਼ਟਰ ਘਟਨਾ ਦੀ ਜਾਂਚ ਲਈ ਵਫਦ ਭੇਜੇ ਸ਼੍ਰੋਮਣੀ ਕਮੇਟੀ: ਜਥੇਦਾਰ

ਮਹਾਰਾਸ਼ਟਰ ਘਟਨਾ ਦੀ ਜਾਂਚ ਲਈ ਵਫਦ ਭੇਜੇ ਸ਼੍ਰੋਮਣੀ ਕਮੇਟੀ: ਜਥੇਦਾਰ

ਅੰਮ੍ਰਿਤਸਰ- ਮਹਾਰਾਸ਼ਟਰ ਦੇ ਜ਼ਿਲ੍ਹਾ ਪਰਭਣੀ ਸਥਿਤ ਪਿੰਡ ਉਖਲਾਦ ਵਿੱਚ 3 ਸਿੱਖ ਨੌਜਵਾਨਾਂ ਦੀ ਕੁੱਟਮਾਰ ਕੀਤੇ ਜਾਣ ਤੇ ਇਨ੍ਹਾਂ ਵਿੱਚੋਂ ਇੱਕ ਦੀ ਮੌਤ ਹੋਣ ਦੇ ਮਾਮਲੇ ਵਿੱਚ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਘੱਟ ਗਿਣਤੀਆ ਖ਼ਿਲਾਫ਼ ਵੱਧ ਰਹੇ ਹਿੰਸਕ ਮਾਮਲਿਆਂ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਘੱਟ ਗਿਣਤੀ ਸਿੱਖਾ ਦੀ ਜਾਨ-ਮਾਲ ਤੇ ਹੱਕਾਂ ਦੀ ਰਾਖੀ ਯਕੀਨੀ ਬਣਾਈ ਜਾਵੇ। ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਉਹ ਸਿੱਖ ਸੰਸਥਾ ਦੇ ਨੁੰਮਮਾਇੰਦਿਆਂ ਦਾ ਇਕ ਵਫ਼ਦ ਪ੍ਰਭਾਵਿਤ ਇਲਾਕੇ ਵਿੱਚ ਭੇਜੇ ਤਾ ਜੋ ਸਾਰੇ ਘਟਨਾਕ੍ਰਮ ਦਾ ਪਤਾ ਲਗਾਇਆ ਜਾਵੇ। ਜਥੇਦਾਰ ਨੇ ਸੋਸ਼ਲ ਮੀਡੀਆ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਬੀਤੇ ਦਿਨ ਵਾਪਰੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਘੱਟ ਗਿਣਤੀਆਂ ਦੀ ਰਾਖੀ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਮਹਾਰਾਸ਼ਟਰ ਸਰਕਾਰ ਨੂੰ ਕਿਹਾ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

ਜ਼ਿਕਰਯੋਗ ਹੈ ਕਿ ਇਹ ਮਾਮਲੇ ਸ਼ਿਕਲੀਗਰ ਸਿੱਖਾਂ ਦੇ ਇੱਕ ਪਰਿਵਾਰ ਵੱਲੋਂ ਪਾਲੇ ਸੂਰਾਂ ਦੇ ਕਿਸੇ ਹੋਰ ਦੇ ਵਾੜੇ ਵਿੱਚ ਵੜ ਜਾਣ ਕਾਰਨ ਖੜ੍ਹਾ ਹੋਇਆ, ਜਿਸ ਮਗਰੋਂ ਤਿੰਨ ਸਿੱਖ ਨੌਜਵਾਨਾਂ ਦੀ ਕੀਤੀ ਗਈ ਕੁੱਟਮਾਰ ਵਿੱਚ ਇੱਕ ਦੀ ਜਾਨ ਚਲੀ ਗਈ ਹੈ। ਦੂਜੇ ਦੋਵੇਂ ਜ਼ਖ਼ਮੀ ਨੌਜਵਾਨ ਇਸ ਵੇਲੇ ਜ਼ੇਰੇ ਇਲਾਜ ਹਨ।