ਮਹਾਰਾਣੀ ਐਲਿਜ਼ਾਬੈੱਥ ਦੇ ਤਾਬੂਤ ਨੇੜੇ ਗਿਆ ਵਿਅਕਤੀ ਗ੍ਰਿਫ਼ਤਾਰ

ਅੰਤਿਮ ਦਰਸ਼ਨਾਂ ਲਈ ਵੈਸਟਮਿੰਸਟਰ ਹਾਲ ਵਿਚ ਰੱਖਿਆ ਗਿਆ ਹੈ ਤਾਬੂਤ

ਲੰਡਨ-
ਇੱਥੇ ਵੈਸਟਮਿੰਸਟਰ ਹਾਲ ਵਿਚ ਅੰਤਿਮ ਦਰਸ਼ਨਾਂ ਲਈ ਰੱਖੇ ਗਏ ਮਰਹੂਮ ਮਹਾਰਾਣੀ ਐਲਿਜ਼ਾਬੈੱਥ ਦੀ ਦੇਹ ਵਾਲੇ ਤਾਬੂਤ ਵੱਲ ਇਕ ਵਿਅਕਤੀ ਨੇ ਸ਼ੁੱਕਰਵਾਰ ਰਾਤ ਭੱਜ ਕੇ ਜਾਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਰਾਤ ਕਰੀਬ ਦਸ ਵਜੇ ਦੀ ਹੈ। ਵਿਅਕਤੀ ਨੂੰ ਜਨਤਕ ਵਿਵਸਥਾ ਐਕਟ ਤਹਿਤ ਹਿਰਾਸਤ ਵਿਚ ਲਿਆ ਗਿਆ ਹੈ। ਇਸ ਦੌਰਾਨ ਬੀਬੀਸੀ ’ਤੇ ਵੈਸਟਮਿੰਸਟਰ ਹਾਲ ਦਾ ਸਿੱਧਾ ਪ੍ਰਸਾਰਨ ਚੱਲ ਰਿਹਾ ਹੈ, ਜਿਸ ਨੂੰ ਘਟਨਾ ਦੌਰਾਨ ਕੁਝ ਸਮੇਂ ਲਈ ਰੋਕ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਇਹ ਵਿਅਕਤੀ ਬਾਕੀ ਲੋਕਾਂ ਵਾਂਗ ਕਤਾਰ ਵਿਚ ਲੱਗਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਹਾਲ ਵਿਚ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਤੇ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ।

ਅੰਤਿਮ ਯਾਤਰਾ ਤੋਂ ਪਹਿਲਾਂ ਫੌਜ ਵੱਲੋਂ ‘ਮੁਕੰਮਲ ਰਿਹਰਸਲ’

ਲੰਡਨ:-
ਮਹਾਰਾਣੀ ਐਲਿਜ਼ਾਬੈੱਥ ਦੀ ਅੰਤਿਮ ਯਾਤਰਾ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਬਰਤਾਨੀਆ ਦੀ ਥਲ ਸੈਨਾ, ਹਵਾਈ ਸੈਨਾ ਤੇ ਜਲ ਸੈਨਾ ਦੇ ਸੈਂਕੜੇ ਜਵਾਨਾਂ ਨੇ ਅੱਜ ‘ਮੁਕੰਮਲ ਰਿਹਰਸਲ’ ਕੀਤੀ। ਅੱਜ ਤੜਕੇ ਵਿੰਡਸਰ ਕਾਸਲ ਵੱਲ ਜਾਣ ਵਾਲੇ ਰਸਤੇ ‘ਲਾਂਗ ਵਾਕ’ ’ਤੇ ਫੌਜ ਦੀਆਂ ਟੁੱਕੜੀਆਂ ਤਾਇਨਾਤ ਸਨ। ਢੋਲ ਵੱਜ ਰਹੇ ਸਨ ਅਤੇ ਮਾਰਚ ਪਾਸਟ ਅੱਗੇ ਵਧ ਰਿਹਾ ਸੀ। ਇਹ ਸਾਰੇ ਸੈਨਿਕ ਸੋਮਵਾਰ ਨੂੰ ਮਹਾਰਾਣੀ ਐਲਿਜ਼ਾਬੈੱਥ ਦੀ ਅੰਤਿਮ ਯਾਤਰਾ ਵਿੱਚ ਵੀ ਹਿੱਸਾ ਲੈਣਗੇ। ਮਹਾਰਾਣੀ ਐਲਿਜ਼ਾਬੈੱਥ ਦਾ 96 ਸਾਲ ਦੀ ਉਮਰ ਵਿੱਚ ਪਿਛਲੇ ਹਫ਼ਤੇ ਦੇਹਾਂਤ ਹੋ ਗਿਆ ਸੀ। ਉਧਰ, ਚੀਨ ਨੇ ਕਿਹਾ ਕਿ ਉਪ ਰਾਸ਼ਟਰਪਤੀ ਵਾਂਗ ਕਿਸ਼ਾਨ ਮਹਾਰਾਣੀ ਐਲਿਜ਼ਾਬੈੱਥ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ।