ਮਹਾਨ ਇਨਕਲਾਬੀ ਅਜੀਤ ਸਿੰਘ ਦੀ ਯਾਦਗਾਰ

ਮਹਾਨ ਇਨਕਲਾਬੀ ਅਜੀਤ ਸਿੰਘ ਦੀ ਯਾਦਗਾਰ

ਬਲਵਿੰਦਰ ਬਾਲਮ ਗੁਰਦਾਸਪੁਰ

ਪੰਜਾਬ ਦੇ ਸ਼ਹਿਰ ਪਠਾਨਕੋਟ ਤੋਂ ਡਲਹੌਜ਼ੀ ਲਗਭਗ 90 ਕਿਲੋਮੀਟਰ ਦੂਰ ਪੈਂਦਾ ਹੈ। ਡਲਹੌਜ਼ੀ ਵਿਚ ਮੌਸਮ ਦਾ ਆਨੰਦ ਮਾਣਿਆ ਜਾਂਦਾ ਹੈ ਅਤੇ ਇਹ ਕ੍ਰਾਂਤੀਕਾਰੀਆਂ ਦਾ ਸ਼ਹਿਰ ਵੀ ਹੈ। ਸਾਡੇ ਦੇਸ਼ ਦੇ ਮਹਾਨ ਇਨਕਲਾਬੀ ਸਰਦਾਰ ਅਜੀਤ ਸਿੰਘ ਦੀ ਯਾਦਗਾਰ ਪੰਚਪੁਲੇ (ਡਲਹੌਜ਼ੀ) ਦੇ ਚੌਂਕ ਵਿਚ ਸੁਸ਼ੋਭਿਤ ਹੈ। ਇਸ ਸਥਾਨ ਉਪਰ ਲੋਕ ਜੋੜੇ (ਜੁੱਤੀਆਂ) ਉਤਾਰ ਕੇ ਮੱਥਾ ਟੇਕਦੇ ਹਨ।

ਇਸ ਸਥਾਨ ਦਾ ਨਾਂ ਪੰਚਪੁਲਾ ਇਸ ਕਰਕੇ ਪਿਆ ਕਿਉਂਕਿ ਇੱਥੇ ਪੰਜ ਪੁਲੀਆਂ ਹੁੰਦੀਆਂ ਸਨ। ਡਲਹੌਜ਼ੀ ਵਿਖੇ ਮਹਾਨ ਇਨਕਲਾਬੀ ਦੇਸ਼ਭਗਤ ਸਰਦਾਰ ਅਜੀਤ ਸਿੰਘ ਦੀ ਯਾਦਗਾਰ ਯਾਤਰੀ ਸ਼ਰਧਾ ਨਾਲ ਵੇਖਣ ਆਉਂਦੇ ਹਨ। ਇਸ ਉਪਰ ਵੱਡੇ ਆਕਾਰ ਦੀ ਇਕ ਟਿਊਬ (ਲਾਈਟ) ਲਗਾਈ ਗਈ ਹੈ ਜੋ ਰਾਤ ਨੂੰ ਜਗਦੀ ਹੈ ਤਾਂ ਅੰਗਰੇਜ਼ੀ ਦੇ ਅੱਖਰ ਏ (A) ਵਾਂਗ ਨਜ਼ਰ ਆਉਂਦੀ ਹੈ ਜੋ ਮਹਾਨ ਇਨਕਲਾਬੀ ਸ. ਅਜੀਤ ਸਿੰਘ ਦੇ ਨਾਂ ਦੀ ਯਾਦ ਦਿਵਾਉਂਦੀ ਹੈ। ਇਸ ਨੂੰ ਦੂਰੋਂ ਜਗਦੀ ਵੇਖ ਕੇ ਜਗਿਆਸਾ ਪੈਦਾ ਹੁੰਦੀ ਹੈ ਕਿ ਇਹ ਕੀ ਚੀਜ਼ ਹੈ? ਲੋਕ ਇਸ ਭੇਤ ਨੂੰ ਜਾਣਨ ਲਈ ਉੱਥੋਂ ਤਕ ਜ਼ਰੂਰ ਪਹੁੰਚਦੇ ਹਨ। ਇਹ ਜਗ੍ਹਾ ਡਲਹੌਜ਼ੀ ਤੋਂ ਕੁਝ ਦੂਰੀ ’ਤੇ ਸਥਿਤ ਹੈ।

ਡਲਹੌਜ਼ੀ ਦੇ ਬੁੱਧੀਜੀਵੀਆਂ ਦੀ ਤਮੰਨਾ ਹੈ ਕਿ

ਇਸ ਸ਼ਹਿਰ ਦਾ ਨਾਂ ਬਦਲ ਕੇ ਅਜੀਤ ਸਿੰਘ ਨਗਰ ਰੱਖਿਆ ਜਾਵੇ ਤਾਂ ਜੋ ਇਸ ਮਹਾਨ ਇਨਕਲਾਬੀ ਅਜੀਤ ਸਿੰਘ ਦੀ ਯਾਦ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚਦੀ ਰਹੇ।

ਪੰਚਪੁਲਾ ਵਿਖੇ ਅਜੀਤ ਸਿੰਘ ਦੀ ਯਾਦਗਾਰ ਨੇੜੇ ਇਕ ਛੋਟਾ ਜਿਹਾ ਬਾਜ਼ਾਰ ਹੈ। ਚਾਰੇ ਪਾਸੇ ਉੱਚੇ ਹਰੇ ਭਰੇ ਪਹਾੜ ਤੇ ਪਿਛਲੇ ਪਾਸੇ ਡੂੰਘੀ ਖੱਡ। ਮੈਦਾਨਾਂ ਵਿਚ ਅਤਿ ਦੀ ਗਰਮੀ ਸਮੇਂ ਵੀ ਇੱਥੇ ਮੌਸਮ ਠੰਢਾ ਤੇ ਸੁਹਾਵਣਾ ਲੁਭਾਵਣਾ ਹੁੰਦਾ ਹੈ। ਡਲਹੌਜ਼ੀ ਨਾਲੋਂ ਕਿਤੇ ਬਿਹਤਰ ਹੈ ਪੰਚਪੁਲਾ ਦਾ ਚੌਂਕ। ਇੱਥੇ ਹਿਮਾਚਲ ਟੂਰਿਜ਼ਮ ਦਾ ਕੈਫੇਟੇਰੀਆ ਵੀ ਹੈ। ਬਨੀਖੇਤ ਅਤੇ ਡਲਹੌਜ਼ੀ ਇਲਾਕੇ ਲਈ ਪਾਣੀ ਦੀ ਸਪਲਾਈ ਇੱਥੋਂ ਹੀ ਹੁੰਦੀ ਹੈ। ਸ. ਅਜੀਤ ਸਿੰਘ ਦੀ ਯਾਦਗਾਰ ਸੰਗਮਰਮਰ ਦੀ ਬਣੀ ਹੋਈ ਹੈ। ਇਹ ਸਥਾਨ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ।

ਦੇਸ਼ ਦੀ ਵੰਡ ਤੋਂ ਪਹਿਲਾਂ (ਲਗਭਗ 1915) ਅਜੀਤ ਸਿੰਘ ਨੂੰ ਕ੍ਰਾਂਤੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ। ਉਨ੍ਹਾਂ ਸਹੁੰ ਖਾਧੀ ਸੀ ਕਿ ਉਹ ਅੰਗਰੇਜ਼ਾਂ ਦੇ ਹੱਥ ਨਹੀਂ ਆਉਣਗੇ। ਅੰਗਰੇਜ਼ ਸਰਕਾਰ ਨੇ ਅਜੀਤ ਸਿੰਘ ਨੂੰ ਜ਼ਿੰਦਾ ਜਾਂ ਮੁਰਦਾ ਫੜਨ ਲਈ ਹਜ਼ਾਰਾਂ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਉਹ ਭੇਸ ਬਦਲਣ ਵਿਚ ਬੜੇ ਮਾਹਿਰ ਅਤੇ ਤੀਖਣ ਬੁੱਧੀ ਦੇ ਮਾਲਿਕ ਸਨ। ਮੌਕੇ ’ਤੇ ਫ਼ੈਸਲਾ ਲੈਣ ਵਾਲੇ ਨਿਡਰ ਇਨਕਲਾਬੀ ਸਨ। ਉਹ ਮੁਸਲਮਾਨ ਦਾ ਭੇਸ ਬਣਾ ਕੇ ਅੰਗਰੇਜ਼ ਕਰਨਲ ਨੂੰ ਕਾਫ਼ੀ ਚਿਰ ਉਰਦੂ ਪੜ੍ਹਾਉਂਦੇ ਰਹੇ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਇਨਕਲਾਬੀ ਸੂਫ਼ੀ ਅੰਬਾ ਪ੍ਰਸਾਦ ਨਾਲ ਹੋਈ। ਸੂਫ਼ੀ ਦਾ ਸੱਜਾ ਹੱਥ ਨਹੀਂ ਸੀ। ਦੋਵਾਂ ਦੀ ਦੋਸਤੀ ਕਾਫ਼ੀ ਗੂੜ੍ਹੀ ਹੋ ਗਈ। ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕਈ-ਕਈ ਰਾਤਾਂ ਸੌਂਦੇ ਹੀ ਨਾ, ਸਕੀਮਾਂ, ਵਿਉਂਤਾਂ ਬਣਾਉਂਦੇ ਰਹਿੰਦੇ। ਇਕ ਦਿਨ ਦੋਵੇਂ ਰੂਪੋਸ਼ (ਅੰਡਰਗਰਾਊਂਡ) ਹੋ ਗਏ ਅਤੇ ਇਰਾਨ ਚਲੇ ਗਏ। ਇਰਾਨ ਜਾ ਕੇ ਉਹ ਇਕ ਸਰਾਂ ਵਿਚ ਠਹਿਰੇ ਜਿੱਥੇ ਕੱਪੜੇ ਦੇ ਵਪਾਰੀ ਵੀ ਠਹਿਰੇ ਹੋਏ ਸਨ। ਇਕ ਦਿਨ ਰੌਲਾ ਪੈ ਗਿਆ ਤੇ ਪੁਲਿਸ ਨੇ ਸਰਾਂ ਨੂੰ ਘੇਰਾ ਪਾ ਲਿਆ ਕਿਉਂਕਿ ਅਜੀਤ ਸਿੰਘ ਹੋਰਾਂ ਦੇ ਇੱਥੇ ਠਹਿਰਨ ਦਾ ਪੁਲੀਸ ਨੂੰ ਸ਼ੱਕ ਪੈ ਗਿਆ ਸੀ। ਪੁਲੀਸ ਨੂੰ ਵੇਖ ਕੇ ਸੂਫ਼ੀ ਅਤੇ ਅਜੀਤ ਸਿੰਘ ਕੁਝ ਘਬਰਾਏ ਪਰ ਹੌਸਲਾ ਨਾ ਛੱਡਿਆ। ਇਸ ਸਰਾਂ ਵਿਚ ਇਕ ਮੁਸਲਮਾਨ ਪਠਾਣ ਵੀ ਠਹਿਰਿਆ ਹੋਇਆ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਮਹਾਨ ਇਨਕਲਾਬੀ ਅਜੀਤ ਸਿੰਘ ਅਤੇ ਸੂਫ਼ੀ ਅੰਬਾ ਪ੍ਰਸਾਦ ਇੱਥੇ ਠਹਿਰੇ ਹੋਏ ਹਨ ਤੇ ਪੁਲੀਸ ਉਨ੍ਹਾਂ ਨੂੰ ਲੱਭ ਰਹੀ ਹੈ ਤਾਂ ਪਠਾਣ ਨੇ ਉਨ੍ਹਾਂ ਦੋਵਾਂ ਨੂੰ ਕਿਹਾ, ‘‘ਤੁਸੀਂ ਚਿੰਤਾ ਨਾ ਕਰੋ। ਪਠਾਣ ਮਰ ਜਾਏਗਾ ਪਰ ਤੁਹਾਨੂੰ ਹੱਥ ਨਹੀਂ ਲੱਗਣ ਦੇਵੇਗਾ। ਦੇਸ਼ ਨੂੰ ਤੁਹਾਡੀ ਜ਼ਰੂਰਤ ਹੈ। ਮੈਂ ਹਰ ਹਾਲ ਵਿਚ ਤੁਹਾਨੂੰ ਬਚਾਵਾਂਗਾ।’’ ਪਠਾਣ ਨੇ ਦੋੋਵਾਂ ਨੂੰ ਕੱਪੜਿਆਂ ਵਾਲੇ ਟਰੰਕ ਵਿਚ ਬੰਦ ਕਰ ਦਿੱਤਾ। ਪੁਲੀਸ ਨੂੰ ਸਰਾਂ ’ਚੋਂ ਕੁਝ ਨਾ ਲੱਭਾ, ਆਖ਼ਰ ਕਾਫ਼ੀ ਤਲਾਸ਼ੀ ਲੈਣ ਤੋਂ ਬਾਅਦ ਪੁਲੀਸ ਵਾਪਸ ਚਲੀ ਗਈ।

ਪੁਲੀਸ ਨੇ ਫੇਰ ਛਾਪਾ ਮਾਰਿਆ। ਸੂਫ਼ੀ ਅਤੇ ਅਜੀਤ ਸਿੰਘ ਨੂੰ ਪਠਾਣ ਨੇ ਜ਼ਨਾਨਾ ਕੱਪੜੇ (ਬੁਰਕਾ) ਪੁਆ ਕੇ ਜ਼ਨਾਨਾ ਕਮਰੇ ਵਿਚ ਬਿਠਾ ਦਿੱਤਾ। ਉਨ੍ਹਾਂ ਦਿਨਾਂ ਵਿਚ ਜ਼ਨਾਨਾ ਕਮਰਿਆਂ ਵਿਚ ਪੁਲੀਸ ਘੱਟ ਹੀ ਜਾਂਦੀ ਸੀ, ਜੇ ਜਾਂਦੀ ਸੀ ਤਾਂ ਬੁਰਕਾ ਚੁੱਕ ਕੇ ਨਹੀਂ ਸਨ ਵੇਖਦੇ। ਕੁਝ ਦਿਨਾਂ ਬਾਅਦ ਪੁਲੀਸ ਨਾਲ ਆਹਮਣਾ-ਸਾਹਮਣਾ ਹੋ ਗਿਆ। ਇਨ੍ਹਾਂ ਲੁਕ ਕੇ ਗੋਲੀਆਂ ਚਲਾਈਆਂ। ਸੂਫ਼ੀ ਅੰਬਾ ਪ੍ਰਸਾਦ ਦਾ ਹੱਥ ਨਹੀਂ ਸੀ। ਉਹ ਪੈਰ ਨਾਲ ਪਿਸਤੌਲ ਚਲਾਉਂਦੇ ਸਨ। ਉਹ ਜ਼ਖ਼ਮੀ ਹੋ ਗਏ। ਉਨ੍ਹਾਂ ਨੇ ਸ. ਅਜੀਤ ਸਿੰਘ ਨੂੰ ਕਿਹਾ, ‘‘ਤੂੰ ਦੌੜ ਜਾ, ਤੇਰੀ ਦੇਸ਼ ਨੂੰ ਅਜੇ ਬੜੀ ਜ਼ਰੂਰਤ ਏ।’’ ਪਰ ਅਜੀਤ ਸਿੰਘ ਨਾ ਮੰਨੇ। ਆਖ਼ਰ ਸੂਫੀ ਜੀ ਨੇ ਕਿਹਾ, ‘‘ਵੇਖ, ਮੈਂ ਤੇਰੇ ਨਾਲੋਂ ਵੱਡਾ ਹਾਂ। ਤੈਨੂੰ ਮੇਰਾ ਕਹਿਣਾ ਮੰਨਣਾ ਚਾਹੀਦਾ ਹੈ।’’ ਇਹ ਗੱਲ ਮੰਨ ਕੇ ਅਜੀਤ ਸਿੰਘ ਉੱਥੋਂ ਛੁਪਦੇ-ਛੁਪਾਉਂਦੇ ਚਲੇ ਗਏ। ਸੂਫ਼ੀ ਨੂੰ ਪੁਲੀਸ ਨੇ ਫੜ ਲਿਆ ਅਤੇ ਅਜੀਤ ਸਿੰਘ ਬ੍ਰਾਜ਼ੀਲ ਚਲੇ ਗਏ।

ਸੂਫ਼ੀ ਅੰਬਾ ਪ੍ਰਸਾਦ ਨੂੰ ਫਾਂਸੀ ਦਾ ਹੁਕਮ ਹੋ ਗਿਆ। ਜਿਸ ਦਿਨ ਉਨ੍ਹਾਂ ਨੂੰ ਫਾਂਸੀ ਦਿੱਤੀ ਜਾਣੀ ਸੀ, ਉਸ ਦਿਨ ਉਹ ਨਹਾਤੇ, ਤਿਆਰ ਹੋਏ ਅਤੇ ਗੀਤਾ ਪੜ੍ਹਣੀ ਸ਼ੁਰੂ ਕਰ ਦਿੱਤੀ। ਜਦੋਂ ਪੁਲੀਸ ਉਨ੍ਹਾਂ ਨੂੰ ਲੈਣ ਵਾਸਤੇ ਆਈ ਤਾਂ ਉਹ ਇਸ ਫ਼ਾਨੀ ਦੁਨੀਆਂ ਤੋਂ ਦੂਰ ਜਾ ਚੁੱਕੇ ਸਨ। ਸੂਫ਼ੀ ਦੀ ਲਾਸ਼ ਲੋਕਾਂ ਨੂੰ ਦੇ ਦਿੱਤੀ ਗਈ।

ਉਨ੍ਹਾਂ ਦੇ ਜਨਾਜ਼ੇ ਨਾਲ ਬਹੁਤ ਦੁਨੀਆਂ ਸੀ। ਇਰਾਨ ਵਿਚ ਅੱਜ ਵੀ ਉਨ੍ਹਾਂ ਦੀ ਕਬਰ ਮੌਜੂਦ ਹੈ। ਕਬਰ ਉਪਰ ਲਿਖਿਆ ਹੋਇਆ ਹੈ ‘ਆਕਾ ਮਾਲਿਕ’। ਇਰਾਨ ਵਿਚ ਇਸ ਕਬਰ ਉਪਰ ਹਰ ਸਾਲ ਮੇਲਾ ਲੱਗਦਾ ਹੈ। ਇੱਥੇ ਔਰਤਾਂ ਦੀਵੇ ਜਗਾਉਂਦੀਆਂ ਹਨ ਤੇ ਸੁੱਖਾਂ ਸੁਖਦੀਆਂ ਹਨ। ਜਿਸ ਆਦਮੀ ਨੂੰ ਆਪਣੇ ਮੁਲਕ ਵਿਚ ਗ਼ੁਲਾਮੀ ਕਾਰਨ ਆਪਣਿਆਂ ਦਾ ਪਿਆਰ ਨਾ ਮਿਲ ਸਕਿਆ, ਉਸ ਨੇ ਦੂਜੇ ਮੁਲਕ ’ਚ ਦਿਲਾਂ ’ਤੇ ਰਾਜ ਕੀਤਾ।

1942 ਵਿਚ ਅਜੀਤ ਸਿੰਘ ਨੂੰ ਜਰਮਨ ਸਰਕਾਰ ਨੇ ਦਿੱਲੀ ਭੇਜ ਦਿੱਤਾ। 1946 ਦੇ ਅਖ਼ਰੀਲੇ ਦਿਨਾਂ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਨੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ। ਉਸ ਸਮੇਂ ਅਜੀਤ ਸਿੰਘ ਦੀ ਉਮਰ 77 ਸਾਲਾਂ ਦੇ ਕਰੀਬ ਸੀ। ਉਹ ਹੱਡੀਆਂ ਦੀ ਮੁੱਠ ਬਣ ਚੁੱਕੇ ਸਨ। 1947 ਵਿਚ ਉਹ ਇਕ ਵਾਰੀ ਫਿਰ ਉਸੇ ਕੋਠੀ ਵਿਚ ਰਹੇ ਜਿੱਥੇ 40 ਸਾਲ ਪਹਿਲਾਂ ਰਹੇ ਸਨ। ਸਰਦਾਰ ਅਜੀਤ ਸਿੰਘ ਦੇਸ਼ਭਗਤ ਸ. ਭਗਤ ਸਿੰਘ ਦੇ ਚਾਚਾ ਸਨ। 14 ਅਗਸਤ 1947 ਦੀ ਰਾਤ ਨੂੰ ਡਲਹੌਜ਼ੀ ਦੇ ਲੋਕਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਦਾ ਆਜ਼ਾਦੀ ਦਾ ਸੁਪਨਾ ਪੂਰਾ ਹੋ ਗਿਆ ਹੈ। ਪਰ ਉਨ੍ਹਾਂ ਨੇ ਹੱਸ ਕੇ ਕਿਹਾ, ‘‘ਮੇਰੇ ਭਰਾਓ, ਅਸਾਂ ਕਦੀ ਵੀ ਇਸ ਤਰ੍ਹਾਂ ਦੀ ਆਜ਼ਾਦੀ ਨਹੀਂ ਮੰਗੀ। ਇਹ ਤਾਂ ਖ਼ੁਸ਼ ਹੋਣ ਦੀ ਨਹੀਂ, ਦੁਖੀ ਹੋਣ ਵਾਲੀ ਗੱਲ ਹੈ ਕਿ ਸਾਡੀ ਮਾਂ ਦੇ ਟੁਕੜੇ ਕਰ ਦਿੱਤੇ ਗਏ ਹਨ।’’ ਇਸ ਲਈ ਉਨ੍ਹਾਂ ਨੇ ਆਜ਼ਾਦੀ ਦਾ ਪਹਿਲਾ ਝੰਡਾ ਲਹਿਰਾਉਣ ਤੋਂ ਵੀ ਇਨਕਾਰ ਕਰ ਦਿੱਤਾ। ਰਾਤੀਂ ਬਾਰ੍ਹਾਂ ਵਜੇ ਉਨ੍ਹਾਂ ਨੇ ਆਜ਼ਾਦੀ ਦਾ ਐਲਾਨ ਸੁਣਿਆ। ਸਵੇਰੇ ਪੰਜ ਵਜੇ ਉਹ ਉੱਠੇ, ਜੰਗਲ ਪਾਣੀ ਗਏ ਅਤੇ ਵਾਪਸ ਆਣ ਕੇ ਆਪਣੀ ਪਤਨੀ ਨੂੰ ਬੁਲਾ ਕੇ ਆਖਿਆ, ‘‘ਰਾਮ ਕੌਰੇ, ਆ ਮੇਰੇ ਕੋਲ ਬੈਠ ਜਾ, ਮੈਂ ਅੱਜ ਕੁਝ ਗੱਲਾਂ ਤੇਰੇ ਨਾਲ ਕਰਨੀਆਂ ਨੇ।’’ ਉਨ੍ਹਾਂ ਦੇ ਬੈਠਣ ’ਤੇ ਅਜੀਤ ਸਿੰਘ ਨੇ ਕਿਹਾ, ‘‘ਮੈਨੂੰ ਥੋੜ੍ਹਾ ਦੁੱਖ ਵੀ ਏ ਕਿ ਮੈਂ ਇਕ ਕੌਮ ਦੇ ਨਾਂਅ ’ਤੇ ਆਪਣੀ ਡਿਊਟੀ ਨਹੀਂ ਕਰ ਸਕਿਆ।’’ ਵਿਚਾਰੀ ਰਾਮ ਕੌਰ ਸਿੱਧੀ ਸਾਦੀ ਸੀ, ਕਹਿਣ ਲੱਗੀ, ‘‘ਕੀ ਕਹਿੰਦੇ ਹੋ ਤੁਸੀਂ! ਮੇਰਾ ਖ਼ਿਆਲ ਏ ਤੁਹਾਡੀ ਤਬੀਅਤ ਸੁਧਰ ਜਾਏ।’’ ਇਹ ਸੁਣ ਕੇ ਹੱਸ ਪਏ ਤੇ ਕਹਿਣ ਲੱਗੇ, ‘‘ਭੋਲੀਏ, ਇਹ ਵੇਲਾ ਤੈਨੂੰ ਫੇਰ ਨਹੀਂ ਮਿਲਣਾ। ਮੇਰੀ ਗੱਲ ਸੁਣ ਲੈ।’’ ਪਰ ਉਹ ਨਾ ਸਮਝ ਸਕੀ। ਦੁੱਧ ਲੈਣ ਚਲੀ ਗਈ। ਪੰਜ ਸੱਤ ਮਿੰਟਾਂ ਬਾਅਦ ਉਹ ਦੁੱਧ ਲੈ ਕੇ ਪਰਤੀ ਤਾਂ ਇਹ ਮਹਾਨ ਦੇਸ਼ਭਗਤ ਉਸ ਸਮੇਂ ਸੁਆਸ ਤਿਆਗ ਚੁੱਕਾ ਸੀ।

ਸੰਪਰਕ: 98156-25409