ਮਹਾਤਮਾ ਗਾਂਧੀ ਤੇ ਸ਼ਾਸਤਰੀ ਨੂੰ ਕੀਤਾ ਯਾਦ

ਮਹਾਤਮਾ ਗਾਂਧੀ ਤੇ ਸ਼ਾਸਤਰੀ ਨੂੰ ਕੀਤਾ ਯਾਦ

ਨਵੀਂ ਦਿੱਲੀ- ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 154ਵੀਂ ਜੈਯੰਤੀ ਮੌਕੇ ਅੱਜ ਦੇਸ਼ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਆਜ਼ਾਦੀ ’ਚ ਪਾਏ ਯੋਗਦਾਨ ਲਈ ਯਾਦ ਕੀਤਾ। ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੂੰ ਵੀ ਉਨ੍ਹਾਂ ਦੀ ਜੈਯੰਤੀ ਮੌਕੇ ਯਾਦ ਕੀਤਾ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਰਤ ਦੇ ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਮਹਾਰਾਸ਼ਟਰ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਲੰਡਨ ’ਚ ਗਾਂਧੀ ਜੈਯੰਤੀ ਦੇ ਸਮਾਗਮ ’ਚ ਹਿੱਸਾ ਲਿਆ। ਪਰਵਾਸੀ ਭਾਰਤੀਆਂ ਨੇ ਲੰਡਨ ਦੇ ਟੈਵੀਸਟਾਕ ਸਕੁਏਅਰ ’ਚ ਗਾਂਧੀ ਦੇ ਬੁੱਤ ਨੇੜੇ ਇਕੱਠੇ ਹੋ ਕੇ ‘ਬਾਪੂ’ ਨੂੰ ਯਾਦ ਕੀਤਾ। ਮੁਰਮੂ ਅਤੇ ਧਨਖੜ ਨੇ ਗਾਂਧੀ ਸਮ੍ਰਿਤੀ ਮਿਊਜ਼ੀਅਮ ਦਾ ਦੌਰਾ ਕਰਕੇ ਭਜਨ ਸੰਧਿਆ ’ਚ ਸ਼ਿਰਕਤ ਕੀਤੀ। ਇਸ ਮੌਕੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਟੇਰੇਜ਼ ਵੱਲੋਂ ਭੇਜੇ ਗਏ ਸੁਨੇਹੇ ਨੂੰ ਪੜ੍ਹ ਕੇ ਸੁਣਾਇਆ ਗਿਆ। ਗੁਟੇਰੇਜ਼ ਨੇ ਆਪਣੇ ਸੁਨੇਹੇ ’ਚ ਕਿਹਾ ਕਿ ਕੌਮਾਂਤਰੀ ਅਹਿੰਸਾ ਦਵਿਸ ਮੌਕੇ ਅਸੀਂ ਨਾ ਸਿਰਫ਼ ਮਹਾਤਮਾ ਗਾਂਧੀ ਦੀ ਜੈਯੰਤੀ ਮਨਾਉਂਦੇ ਹਾਂ ਸਗੋਂ ਉਨ੍ਹਾਂ ਵੱਲੋਂ ਆਪਸੀ ਸਤਿਕਾਰ, ਇਨਸਾਫ਼ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਦੀ ਤਾਕਤ ਜਿਹੀਆਂ ਸਿੱਖਿਆਵਾਂ ’ਤੇ ਚੱਲਣ ਦਾ ਵੀ ਪ੍ਰਣ ਲੈਂਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕਈ ਕੇਂਦਰੀ ਮੰਤਰੀ ਅਤੇ ਅਫ਼ਸਰਸ਼ਾਹ ਵੀ ਰਾਜਘਾਟ ’ਤੇ ਮੌਜੂਦ ਸਨ। ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਯਾਦਗਾਰ ਵਿਜੈ ਘਾਟ ’ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ। ਜੰਮੂ ਕਸ਼ਮੀਰ ’ਚ ਲੈਫ਼ਟੀਨੈਂਟ ਗਵਰਨਰ ਮਨੋਜ ਸਨਿਹਾ ਨੇ ਸ੍ਰੀਨਗਰ ਦੇ ਸਵਿਲ ਸਕੱਤਰੇਤ ’ਚ ਗਾਂਧੀ ਦਾ ਬੁੱਤ ਅਤੇ ਚਰਖਾ ਸਥਾਪਿਤ ਕੀਤੇ।