ਮਹਾਤਮਾ ਗਾਂਧੀ ਤੇ ਸ਼ਾਸਤਰੀ ਨੂੰ ਜੈਅੰਤੀ ਮੌਕੇ ਸ਼ਰਧਾਂਜਲੀਆਂ ਭੇਟ

ਮੋਦੀ ਨੇ ਲੋਕਾਂ ਨੂੰ ਖਾਦੀ ਦੀਆਂ ਵਸਤਾਂ ਖ਼ਰੀਦਣ ਲਈ ਕਿਹਾ

ਨਵੀਂ ਦਿੱਲੀ – ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੀ ਜੈਅੰਤੀ ਮੌਕੇ ਅੱਜ ਵੱਖ ਵੱਖ ਸਿਆਸੀ ਹਸਤੀਆਂ ਅਤੇ ਆਮ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਸਮੇਤ ਹੋਰਾਂ ਨੇ ਦੋਵੇਂ ਹਸਤੀਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸਰਬ ਧਰਮ ਪ੍ਰਾਰਥਨਾ ਸਭਾ ’ਚ ਵੀ ਹਾਜ਼ਰੀ ਲਵਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਅਤੇ ਵਿਜੈ ਘਾਟ ਸਥਿਤ ਸਮਾਧਾਂ ’ਤੇ ਜਾ ਕੇ ਕ੍ਰਮਵਾਰ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸਤਰੀ ਨੂੰ ਸ਼ਰਧਾਂਜਲੀ ਭੇਟ ਕੀਤੀ।
ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੰਦਿਆਂ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ,‘‘ਇਸ ਵਾਰ ਗਾਂਧੀ ਜੈਅੰਤੀ ਵਧੇਰੇ ਖਾਸ ਹੈ ਕਿਉਂਕਿ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾ ਰਿਹਾ ਹੈ। ਸਾਨੂੰ ਬਾਪੂ ਦੇ ਆਦਰਸ਼ਾਂ ’ਤੇ ਹਮੇਸ਼ਾ ਚਲਣ ਦਾ ਬਲ ਮਿਲੇ। ਮੈਂ ਸਾਰੇ ਲੋਕਾਂ ਨੂੰ ਬੇਨਤੀ ਕਰਦਾ ਹਾਂ ਕਿ ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਲਈ ਤੁਸੀਂ ਖਾਦੀ ਅਤੇ ਦਸਤਕਾਰੀ ਵਾਲੀਆਂ ਵਸਤਾਂ ਖਰੀਦੋ।’’ ਸ਼ਾਸਤਰੀ ਨੂੰ ਸ਼ਰਧਾਂਜਲੀ ਦਿੰਦਿਆਂ ਉਨ੍ਹਾਂ ਕਿਹਾ ਕਿ ਲਾਲ ਬਹਾਦਰ ਸ਼ਾਸਤਰੀ ਜੀ ਦੀ ਸਾਦਗੀ ਅਤੇ ਫ਼ੈਸਲੇ ਲੈਣ ਦੀ ਸ਼ਕਤੀ ਦੀ ਪੂਰੇ ਭਾਰਤ ’ਚ ਪ੍ਰਸ਼ੰਸਾ ਹੁੰਦੀ ਹੈ। ‘ਸਾਡੇ ਇਤਿਹਾਸ ਦੇ ਅਹਿਮ ਸਮੇਂ ’ਤੇ ਉਨ੍ਹਾਂ ਵੱਲੋਂ ਲਏ ਸਖ਼ਤ ਫ਼ੈਸਲੇ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’ ਸ੍ਰੀ ਮੋਦੀ ਨੇ ਦਿੱਲੀ ’ਚ ਪ੍ਰਧਾਨ ਮੰਤਰੀ ਸੰਗ੍ਰਿਹਆਲਯ ਦੀ ਗੈਲਰੀ ਦੇ ਕੁਝ ਦ੍ਰਿਸ਼ ਵੀ ਸਾਂਝੇ ਕੀਤੇ। ਇਸ ਮੌਕੇ ਸੰਸਦ ਭਵਨ ਦੇ ਕੇਂਦਰੀ ਹਾਲ ’ਚ ਵੀ ਵਿਸ਼ੇਸ਼ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਗਿਆ ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਰੱਖਿਆ ਮੰਤਰੀ ਰਾਜਨਾਥ ਸਿੰਘ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਰਾਜ ਸਭਾ ’ਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਸਮੇਤ ਹੋਰ ਆਗੂਆਂ ਨੇ ਵੀ ਹਾਜ਼ਰੀ ਭਰੀ।

ਸ਼ਾਸਤਰੀ ਦੇ ਪੁੱਤਰ ਨੇ ਪਿਤਾ ਦੇ ਆਖਰੀ ਜਨਮ ਦਿਨ ਨੂੰ ਕੀਤਾ ਯਾਦ

ਲਖਨਊ: ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਪੁੱਤਰ ਅਨਿਲ ਸ਼ਾਸਤਰੀ ਨੇ ਪਿਤਾ ਦੇ ਆਖਰੀ ਜਨਮ ਦਿਨ ਨੂੰ ਉਚੇਚੇ ਤੌਰ ’ਤੇ ਯਾਦ ਕੀਤਾ। ਉਸ ਮੌਕੇ ਪੈਟਨ ਟੈਂਕ ਦੀ ਸ਼ਕਲ ਵਾਲੇ ਕੇਕ ਨੂੰ ਖਾਸ ਤੌਰ ’ਤੇ ਕੱਟਿਆ ਗਿਆ ਸੀ ਜੋ ਭਾਰਤ-ਪਾਕਿ ਜੰਗ ਸਮੇਂ ਪਾਕਿਸਤਾਨੀ ਫ਼ੌਜ ਤੋਂ ਖੋਹੇ ਗਏ ਸਨ। ਉਨ੍ਹਾਂ ਕਿਹਾ ਕਿ 2 ਅਕਤੂਬਰ, 1965 ਦਾ ਦਿਨ ਹੋਰ ਜਨਮ ਦਿਨਾਂ ਦੇ ਮੁਕਾਬਲੇ ’ਚ ਵੱਖਰਾ ਸੀ ਕਿਉਂਕਿ ਲਾਲ ਬਹਾਦਰ ਸ਼ਾਸਤਰੀ ਜੰਗ ਮਗਰੋਂ ਨਾਇਕ ਬਣ ਕੇ ਉਭਰੇ ਸਨ। ਸ਼ਾਸਤਰੀ ਦੇ ਆਖਰੀ ਜਨਮ ਦਿਨ ਨੂੰ ਯਾਦ ਕਰਦਿਆਂ ਅਨਿਲ ਨੇ ਦੱਸਿਆ,‘‘ਹਜ਼ਾਰਾਂ ਲੋਕ ਉਸ ਦਿਨ 10 ਜਨਪਥ (ਤਤਕਾਲੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼)’ਤੇ ਇਕੱਠੇ ਹੋਏ ਸਨ ਤਾਂ ਜੋ ਪਿਤਾ ਨੂੰ ਨਮਨ ਕੀਤਾ ਜਾ ਸਕੇ। ਉਸ ਸਮੇਂ ਇਕ ਕਾਂਗਰਸੀ ਆਗੂ ਪੈਟਨ ਟੈਂਕ ਵਰਗਾ ਕੇਕ ਲੈ ਕੇ ਆਇਆ ਸੀ। ਮੇਰੀ ਮਾਂ ਲਲਿਤਾ ਸ਼ਾਸਤਰੀ ਨੇ ਕਿਹਾ ਸੀ ਕਿ ਕੇਕ ਕੱਟਣਾ ਸ਼ੁਭ ਨਹੀਂ ਮੰਨਿਆ ਜਾਂਦਾ ਹੈ। ਪਰ ਜਦੋਂ ਲੋਕਾਂ ਨੇ ਪੈਟਨ ਟੈਂਕ ਹੋਣ ਦਾ ਹਵਾਲਾ ਦਿੱਤਾ ਤਾਂ ਸ਼ਾਸਤਰੀ ਜੀ ਨੇ ਕੇਕ ਕੱਟਿਆ ਸੀ।’’ਉਨ੍ਹਾਂ ਦੱਸਿਆ, ‘‘ਮੈਨੂੰ ਸਰਕਾਰੀ ਕਾਰ ਸ਼ੈਵਰਲੇ ਇੰਪਾਲਾ ਦੀ ਵਰਤੋਂ ਕਰਨ ’ਤੇ ਝਾੜ ਵੀ ਪਈ ਸੀ ਅਤੇ ਪਿਤਾ ਜੀ ਜੀ ਨੇ ਸਫ਼ਰ ਲਈ ਮੇਰੀ ਮਾਂ ਤੋਂ ਪੈਸੇ ਵਸੂਲਣ ਦੇ ਹੁਕਮ ਦਿੱਤੇ ਸਨ।’