ਮਹਾਂ ਨਾਇਕ-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਮਹਾਂ ਨਾਇਕ-ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

ਡਾ. ਇਕਬਾਲ ਸਿੰਘ ਸਕਰੌਦੀ
08427685020

ਪੰਜਾਬ ਦੀ ਧਰਤੀ ਨੂੰ ਇਹ ਵਰ ਹੈ ਜਾਂ ਸਰਾਪ ਕਿ ਇਸ ਨੂੰ ਵਾਰ-ਵਾਰ ਲਹੂ ਵਿੱਚ ਭਿੱਜਣਾ ਪਿਆ ਹੈ। ਇੱਥੋਂ ਦੇ ਮਸਤ ਵਗਦੇ ਦਰਿਆਵਾਂ ਦੀ ਰਵਾਨੀ ਵਿੱਚ, ਅੱਗ ਵਾਂਗ ਬਲਦੀਆਂ ਜੇਠ ਹਾੜ੍ਹ ਦੀਆਂ ਲੋਆਂ ਵਿੱਚ, ਪੋਹ ਮਾਘ ਦੀਆਂ ਕੱਕਰ ਜੰਮੀਆਂ ਰਾਤਾਂ ਦੀਆਂ ਬਰਫ਼ੀਲੀਆਂ ਹਵਾਵਾਂ ਵਿੱਚ ਕੋਈ ਅਜਿਹੀ ਤਾਸੀਰ ਹੈ, ਜੋ ਪੰਜਾਬੀਆਂ ਦੇ ਸੁਭਾਅ ਨੂੰ ਸਖ਼ਤ ਜਾਨ, ਖੁੱਲ੍ਹਾ ਖੁਲਾਸਾ ਅਤੇ ਮੌਤ ਤੋਂ ਬੇਪਰਵਾਹ ਬਣਾਉਂਦੀ ਰਹੀ ਹੈ।
ਭਾਰਤ ਉੱਤੇ ਹਮਲਾ ਕਰਨ ਲਈ ਥਲ ਰਸਤੇ ਰਾਹੀਂ ਵਾਰ-ਵਾਰ ਆਏ ਬਿਦੇਸ਼ੀ ਹਮਲਾਵਰਾਂ ਦਾ ਸਭ ਤੋਂ ਪਹਿਲਾਂ ਪੰਜਾਬੀਆਂ ਨਾਲ ਹੀ ਟਾਕਰਾ ਹੋਇਆ। ਮੁੱਢ ਤੋਂ ਹੀ ਪੰਜਾਬ ਦੀ ਆਰਥਿਕ ਖ਼ੁਸ਼ਹਾਲੀ ਬਿਦੇਸ਼ੀ ਹਮਲਾਵਰਾਂ ਨੂੰ ਹਮਲਾ ਕਰਨ ਲਈ ਸੈਨਤਾਂ ਮਾਰਦੀ ਰਹੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੁਰਾਤਨ ਪੰਜਾਂ ਦਰਿਆਵਾਂ ਦੇ ਪੰਜਾਬੀ ਬਹੁਤ ਬਹਾਦਰ ਅਤੇ ਲੜਾਕੂ ਤਾਂ ਸਨ। ਪਰੰਤੂ ਉਹ ਬਹੁਤੀ ਵਾਰੀ ਬਿਦੇਸ਼ੀ ਹਮਲਾਵਰਾਂ ਨੂੰ ਪਛਾੜ ਨਾ ਸਕੇ। ਹਮਲਾਵਰ ਭਾਵੇਂ ਆਰੀਆ ਸਨ, ਭਾਵੇਂ ਯੂਨਾਨੀ, ਅਰਬੀ, ਤੁਰਕੀ, ਈਰਾਨੀ, ਅਫ਼ਗਾਨੀ, ਮੁਗ਼ਲ ਜਾਂ ਅੰਗਰੇਜ਼ ਸਨ।
ਇਸ ਰਹੱਸ ਦਾ ਮੂਲ ਕਾਰਨ ਇਹ ਰਿਹਾ ਹੈ ਕਿ ਪੰਜਾਬ ਦੇ ਬਹਾਦਰ ਲੋਕਾਂ ਕੋਲ ਨਿਯਮਬੱਧ ਰਾਜਨੀਤਕ ਚੇਤਨਾ ਦੀ ਘਾਟ ਰਹੀ। ਪੰਜਾਬੀਆਂ ਨੂੰ ਇਸ ਰਾਜਨੀਤਕ ਚੇਤਨਾ ਦੀ ਜਾਗ ਸਭ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਲਗਾਈ। ਉਨ੍ਹਾਂ ਨੇ ਪੰਜਾਬ ਦੀ ਧਰਤੀ ਦੇ ਜਾਇਆਂ ਨੂੰ ਝੰਜੋੜਨ ਲਈ ਆਪਣੀ ਰਚਨਾ ਵਿੱਚ ਦਰਜ ਕੀਤਾ –
ਜੇ ਜੀਵਹਿ ਪਤ ਲੱਥੀ ਜਾਇ।
ਜੇਤਾ ਹਰਾਮ ਤੇਤਾ ਸਭਿ ਖਾਹਿ।।
ਇਸ ਬੀਜ ਤੋਂ ਉਗਮੇ ਬੂਟੇ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਦੇ ਜਲ ਨੇ ਹਰਾ ਭਰਾ ਰੱਖਿਆ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਖ਼ਾਲਸਾ ਪੰਥ ਦੀ ਸਾਜਨਾ ਨਾਲ ਇਸ ਨੂੰ ਫੁੱਲ ਲੱਗੇ। ਖ਼ਾਲਸਾ ਰਾਜ ਦੀ ਸਥਾਪਨਾ ਦੇ ਸਮੇਂ ਇਸ ਨੂੰ ਫ਼ਲ ਪਿਆ। ਮਾਧੋ ਦਾਸ ਬੈਰਾਗੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰੇਰਨਾ ਅਤੇ ਸ਼ਕਤੀ ਨਾਲ ਪੰਜਾਬ ਵਿੱਚ ਜ਼ੁਲਮ ਕਰਨ ਵਾਲਿਆਂ ਨੂੰ ਸੋਧਿਆ। ਫ਼ਿਰ ਪਹਿਲੀ ਵਾਰੀ ਸਿੱਖ ਰਾਜ ਦੀ ਸਥਾਪਨਾ ਕੀਤੀ। ਇਹ ਇਸ ਰਾਜਨੀਤਕ ਚੇਤਨਾ ਦਾ ਹੀ ਪ੍ਰਭਾਵ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਬਾਹਰਲੇ ਹਮਲਾਵਰਾਂ ਨੂੰ ਪੰਜਾਬ ਦੀ ਆਪਣੀ ਅੰਦਰਲੀ ਸ਼ਕਤੀ ਨਾਲ ਰੋਕਿਆ। ਚੇਤੰਨ ਰੂਪ ਵਿੱਚ ਪਹਿਲੀ ਵਾਰ ਪੰਜਾਬੀਆਂ ਦਾ ਆਪਣਾ ਰਾਜ ਸਥਾਪਤ ਹੋਇਆ।
ਪੰਡਿਤ ਦੌਲਤ ਰਾਮ ਨੇ ਫ਼ਾਰਸੀ ਭਾਸ਼ਾ ਵਿੱਚ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਦੁੱਤੀ ਸ਼ਖ਼ਸੀਅਤ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਹੈ, ‘ਈਸ਼ਵਰ ਦੀ ਜਦੋਂ ਸਾਰੀ ਸਿਆਣਪ ਇਕੱਠੀ ਹੋਈ। ਈਸ਼ਵਰ ਦੀ ਜਦੋਂ ਸਾਰੀ ਸ਼ਕਤੀ ਇਕੱਠੀ ਹੋਈ। ਈਸ਼ਵਰ ਦਾ ਜਦੋਂ ਸਾਰਾ ਸੁਹੱਪਣ ਇਕੱਠਾ ਹੋਇਆ। ਈਸ਼ਵਰ ਦੇ ਜਦੋਂ ਸਾਰੇ ਰਸ ਇਕੱਠੇ ਹੋਏ। ਈਸ਼ਵਰ ਦੀ ਜਦੋਂ ਸਾਰੀ ਕਲਾ ਇਕੱਠੀ ਹੋਈ ਤਾਂ ਇੱਕ ਮੁਜੱਸਮਾ ਪੈਦਾ ਹੋਇਆ। ਉਸ ਮੁਜੱਸਮੇ ਦਾ ਨਾਂ ਸੀ – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।’
ਆਪ ਜੀ ਦਾ ਜਨਮ ਸ਼੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਸੁਲੱਖਣੀ ਕੁੱਖੋਂ 22 ਦਸੰਬਰ 1666 ਈਸਵੀ ਨੂੰ ਪਟਨੇ ਸ਼ਹਿਰ ਵਿੱਚ ਹੋਇਆ। ਉਸ ਸਮੇਂ ਗੁਰੂ ਤੇਗ਼ ਬਹਾਦਰ ਜੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੰਗਾਲ ਅਤੇ ਆਸਾਮ ਵਾਲੇ ਪਾਸੇ ਗਏ ਹੋਏ ਸਨ। ਉਨ੍ਹਾਂ ਵੱਲੋਂ ਭੇਜੇ ਹੁਕਮਨਾਮੇ ਅਨੁਸਾਰ ਆਪ ਜੀ ਦਾ ਨਾਂ ਗੋਬਿੰਦ ਰਾਇ ਰੱਖਿਆ ਗਿਆ।
ਆਪ ਜੀ ਦੇ ਦਰਸ਼ਨ ਦੀਦਾਰੇ ਕਰਨ ਲਈ ਇੱਕ ਪਹੁੰਚੇ ਹੋਏ ਮੁਸਲਮਾਨ ਸੂਫ਼ੀ ਫ਼ਕੀਰ ਭੀਖਣ ਸ਼ਾਹ ਜੀ ਬਹੁਤ ਦੂਰੋਂ ਚੱਲ ਕੇ ਆਏ। ਦਰਸ਼ਨ ਕਰਨ ਉਪਰੰਤ ਫ਼ਕੀਰ ਸਾਂਈਂ ਨੇ ਆਖਿਆ ਸੀ, ‘ਇਹ ਬਾਲਕ ਹਿੰਦੂ ਸਿੱਖ ਅਤੇ ਮੁਸਲਮਾਨਾਂ ਦਾ ਸਾਂਝਾ ਅਲਾਹੀ ਨੂਰ ਅਤੇ ਪੀਰ ਹੋਵੇਗਾ।’
ਬਾਲਕ ਗੋਬਿੰਦ ਰਾਇ ਜੀ ਆਪਣੀ ਬਾਲਪਨ ਅਵਸਥਾ ਤੋਂ ਹੀ ਬਾਕੀ ਬੱਚਿਆਂ ਨਾਲੋਂ ਬਿਲਕੁਲ ਅਲੱਗ ਪ੍ਰਵਿਰਤੀ ਦੇ ਮਾਲਕ ਸਨ। ਲਗਪਗ ਪੰਜ ਸਾਲ ਦੀ ਉਮਰ ਤੋਂ ਹੀ ਉਹ ਆਪਣੇ ਸਾਥੀ ਬਾਲਾਂ ਸੰਗ ਤੀਰ ਕਮਾਨ, ਨੇਜ਼ਾ ਬਾਜ਼ੀ ਅਤੇ ਤਲਵਾਰਬਾਜ਼ੀ ਦਾ ਅਭਿਆਸ ਕਰਨ ਲੱਗ ਪਏ ਸਨ। ਤੀਰ ਕਮਾਨ ਅਤੇ ਗੁਲੇਲ ਨਾਲ ਨਿਸ਼ਾਨੇ ਲਾਉਣੇ, ਗੰਗਾ ਵਿੱਚ ਕਿਸ਼ਤੀ ਚਲਾਉਣਾ, ਜੰਗੀ ਮਸ਼ਕਾਂ ਕਰਨੀਆਂ, ਉਨ੍ਹਾਂ ਬਾਰੇ ਆਪਣੇ ਬਾਲ ਦੋਸਤਾਂ ਸੰਗ ਬਹਿਸ ਕਰਨੀ ਆਦਿ ਉਨ੍ਹਾਂ ਦੇ ਰੋਜ਼ਾਨਾ ਜੀਵਨ ਦੇ ਸ਼ੁਗਲ ਸਨ।
ਪੰਡਿਤ ਸ਼ਿਵ ਦਾਸ, ਨਵਾਬ ਕਰੀਮ, ਨਵਾਬ ਰਹੀਮ ਜਿਹੀਆਂ ਪਿਆਰੀਆਂ ਅਤੇ ਪ੍ਰਭੂ ਪ੍ਰੇਮ ਵਿੱਚ ਰੰਗੀਆਂ ਸੁਹਿਰਦ ਹਸਤੀਆਂ ਨੂੰ ਮੁੱਢ ਤੋਂ ਹੀ ਉਨ੍ਹਾਂ ਦੇ ਚਿਹਰੇ ਵਿੱਚੋਂ ਰੱਬੀ ਨੂਰ ਝਲਕਦਾ ਵਿਖਾਈ ਦਿੰਦਾ ਸੀ।
ਰਾਜਾ ਫ਼ਤਹਿ ਚੰਦ ਅਤੇ ਉਸ ਦੀ ਰਾਣੀ ਬਾਲ ਗੋਬਿੰਦ ਰਾਇ ਨੂੰ ਇੰਨਾਂ ਜ਼ਿਆਦਾ ਪਿਆਰ ਕਰਦੇ ਸਨ ਕਿ ਇਹ ਛੋਟੇ ਬਾਲਾਂ ਸੰਗ ਉਨ੍ਹਾਂ ਦੇ ਮਹਿਲਾਂ ਵਿੱਚ ਹੀ ਖੇਡਦੇ ਰਹਿੰਦੇ ਸਨ। ਉਨ੍ਹਾਂ ਦੇ ਘਰ ਕੋਈ ਔਲਾਦ ਨਾ ਹੋਣ ਕਾਰਨ ਰਾਣੀ ਇੱਕ ਦਿਨ ਅਚਾਨਕ ਆਪਣੇ ਪੁੱਤਰ ਦੀ ਕਾਮਨਾ ਕਰਦੀ ਹੋਈ ਧਿਆਨ ਵਿੱਚ ਜੁੜ ਗਈ। ਸਬੱਬੀਂ ਉਸੇ ਵੇਲੇ ਬਾਲ ਗੋਬਿੰਦ ਰਾਇ ਉਨ੍ਹਾਂ ਦੀ ਗੋਦੀ ਵਿੱਚ ਆਣ ਬੈਠੇ। ਫ਼?ਰ ਉਹ ਬਹੁਤ ਹੀ ਮਾਸੂਮੀਅਤ ਅਤੇ ਪਿਆਰ ਸਹਿਤ ਰਾਣੀ ਨੂੰ ਬੋਲੇ,
‘ਮਾਂ, ਅੱਖਾਂ ਖੋਲ੍ਹੋ। ਮੈਂ ਤੁਹਾਡਾ ਪੁੱਤਰ ਆ ਗਿਆ ਹਾਂ।’ ਰਾਣੀ ਨੇ ਅੱਖਾਂ ਖੋਲ੍ਹ ਕੇ ਗੋਬਿੰਦ ਰਾਇ ਦੀਆਂ ਅੱਖਾਂ ਵਿੱਚ ਤੱਕਿਆ। ਉਸ ਨੂੰ ਬਾਲ ਦੀਆਂ ਅੱਖਾਂ ਵਿੱਚ ਆਪਣਾ ਪਰਛਾਵਾਂ ਨਜ਼ਰੀਂ ਆਇਆ। ਉਸੇ ਪਲ ਤੋਂ ਉਹ ਗੋਬਿੰਦ ਰਾਇ ਨੂੰ ਆਪਣਾ ਪੁੱਤਰ ਸਮਝਣ ਲੱਗ ਪਈ ਸੀ।
ਇਸ ਘਟਨਾ ਉਪਰੰਤ ਫ਼ਤਹਿ ਚੰਦ ਅਤੇ ਉਹਦੀ ਰਾਣੀ ਗੋਬਿੰਦ ਰਾਇ ਨੂੰ ਇੰਨਾਂ ਜ਼ਿਆਦਾ ਪਿਆਰ ਕਰਨ ਲੱਗ ਪਈ ਸੀ ਕਿ ਉਨ੍ਹਾਂ ਦੇ ਮਹਿਲਾਂ ਵਿੱਚ ਰੋਜ਼ਾਨਾ ਖ਼ੀਰ, ਕੜਾਹ, ਛੋਲੇ ਪੂੜੀਆਂ ਦਾ ਲੰਗਰ ਤਿਆਰ ਹੋਣ ਲੱਗ ਪਿਆ ਸੀ। ਜਿਸ ਨੂੰ ਗੋਬਿੰਦ ਰਾਇ ਅਤੇ ਉਸਦੇ ਬਾਲ ਸਾਥੀ ਬੜੀ ਰੀਝ ਅਤੇ ਪਿਆਰ ਨਾਲ ਛਕਦੇ ਸਨ।
ਪਟਨੇ ਰਹਿੰਦਿਆਂ ਹੀ ਗੋਬਿੰਦ ਰਾਇ ਦੇ ਮਾਮਾ ਕ੍ਰਿਪਾਲ ਚੰਦ ਨੇ ਉਨ੍ਹਾਂ ਲਈ ਬ੍ਰਿਜ, ਗੁਰਮੁਖੀ, ਹਿੰਦੀ, ਫ਼ਾਰਸੀ ਦੀ ਪੜ੍ਹਾਈ ਦਾ ਪ੍ਰਬੰਧ ਪੰਡਿਤ ਮੁਨਸ਼ੀ ਰਾਮ, ਮੌਲਵੀ ਪੀਰ ਮੁਹੰਮਦ ਅਤੇ ਗੁਰੂਘਰ ਦੇ ਭਾਈ ਜੀ ਕੋਲ ਕੀਤਾ ਗਿਆ। ਬੇਸ਼ੱਕ ਤੀਰ ਅੰਦਾਜ਼ੀ ਉਨ੍ਹਾਂ ਪਟਨਾ ਰਹਿੰਦਿਆਂ ਹੀ ਸਿੱਖ ਲਈ ਸੀ। ਪਰੰਤੂ ਆਨੰਦਪੁਰ ਸਾਹਿਬ ਆ ਕੇ ਉਨ੍ਹਾਂ ਸ਼ਸਤਰ ਵਿੱਦਿਆ, ਤੀਰ ਅੰਦਾਜ਼ੀ, ਤਲਵਾਰ ਅਤੇ ਨੇਜ਼ਾ ਚਲਾਉਣਾ, ਬੰਦੂਕ ਚਲਾਉਣਾ ਅਤੇ ਘੋੜ ਸਵਾਰੀ ਦੀ ਸਿਖ਼ਲਾਈ ਵਿੱਚ ਹੋਰ ਵੀ ਜ਼ਿਆਦਾ ਨਿਪੁੰਨਤਾ ਹਾਸਲ ਕੀਤੀ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਮੇਂ ਦੇ ਮਹਾਨ ਕਵੀ ਅਤੇ ਯੁੱਗ ਪੁਰਸ਼ ਹੋਏ ਹਨ। ਆਪ ਸਿੱਖ ਧਰਮ ਦੇ ਦਸਵੇਂ ਅਤੇ ਅੰਤਿਮ ਗੁਰੂ ਸਨ। ਆਪ ਬੜੇ ਦੂਰ ਦ੍ਰਿਸ਼ਟੀ ਰੱਖਣ ਵਾਲੇ ਅਤੇ ਤੀਖਣ ਬੁੱਧੀ ਦੇ ਮਾਲਕ ਸਨ। ਆਪ ਇੱਕ ਬਹਾਦਰ ਯੋਧੇ, ਮਹਾਨ ਤਪੱਸਵੀ, ਅਦੁੱਤੀ ਤਿਆਗੀ ਅਤੇ ਉੱਚ ਕੋਟੀ ਦੇ ਵਿਦਵਾਨ ਸਨ।
ਆਪ ਦਾ ਸਮੁੱਚਾ ਜੀਵਨ ਕਰਮ, ਧਰਮ, ਨਿਡਰਤਾ, ਪਰਉਪਕਾਰ ਦੇ ਪੱਖ ਤੋਂ ਬੇਮਿਸਾਲ ਸੀ। ਆਪ ਕੁਰਬਾਨੀ ਦੇ ਮਹਾਨ ਪੁੰਜ ਸਨ। ਗੁਰੂ ਜੀ ਨੇ ਆਪਣੇ ਨਿੱਜੀ ਹਿੱਤਾਂ ਦਾ ਹਮੇਸ਼ਾ ਤਿਆਗ ਕਰਕੇ ਦੇਸ਼, ਕੌਮ, ਧਰਮ, ਸਮਾਜ, ਮਨੁੱਖਤਾ ਲਈ ਕੇਵਲ ਆਪਣਾ ਆਪਾ ਹੀ ਨਹੀਂ, ਸਗੋਂ ਸਮੁੱਚਾ ਸਰਬੰਸ ਹੀ ਵਾਰ ਦਿੱਤਾ। ਪੰਜਾਬੀ ਦੇ ਗਾਇਕ ਗੁਰਦਾਸ ਮਾਨ ਨੇ ਆਪ ਜੀ ਦੀ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਲਿਖਿਆ ਹੈ –
ਕੋਈ ਇੱਕ ਵਾਰੇ, ਕੋਈ ਦੋ ਵਾਰੇ,
ਤੂੰ ਦੇਸ਼ ਕੌਮ ਤੋਂ ਸੱਤ ਵਾਰੇ।
ਸੱਤ ਵਾਰ ਕੇ ਕਹਿਣੈ,
ਭਾਣਾ ਮੀਠਾ ਲਾਗੇ ਤੇਰਾ।
ਸਰਬੰਸ ਦਾਨੀਆਂ ਵੇ,
ਦੇਣਾ ਕੌਣ ਦੇਊਗਾ ਤੇਰਾ।
ਚਾਰ ਪੁੱਤ ਵਾਰੇ,
ਪੰਜਵੀਂ ਮਾਂ ਵਾਰੀ।
ਛੇਵਾਂ ਬਾਪ ਵਾਰਿਆ,
ਸੱਤਵਾਂ ਆਪ ਵਾਰਿਆ।
ਸੱਤ ਵਾਰ ਕੇ ਕਹਿਣੈ
ਭਾਣਾ ਮੀਠਾ ਲਾਗੇ ਤੇਰਾ।
ਸਰਬੰਸ ਦਾਨੀਆਂ ਵੇ ਦੇਣਾ
ਕੌਣ ਦੇਊਗਾ ਤੇਰਾ।
ਗੁਰੂ ਗੋਬਿੰਦ ਸਿੰਘ ਜੀ ਇਨਕਲਾਬੀ ਰੂਹਾਨੀ ਸੂਰਬੀਰ ਯੋਧੇ ਅਤੇ ਸੰਤ ਸਿਪਾਹੀ ਸਨ। ਉਨ੍ਹਾਂ ਭਗਤੀ ਅਤੇ ਸ਼ਕਤੀ ਨੂੰ ਇਕੱਠੇ ਰੱਖਦੇ ਹੋਏ ਮਨੁੱਖਾਂ ਨੂੰ ਸੁਚੱਜਾ ਜੀਵਨ ਜਿਊਣ ਦਾ ਰਾਹ ਦਰਸਾ ਕੇ ਸਦੀਆਂ ਤੋਂ ਚਲੇ ਆ ਰਹੇ ਗ਼ੁਲਾਮੀ ਅਤੇ ਜ਼ੁਲਮ ਦੇ ਇਤਿਹਾਸ ਨੂੰ ਬਦਲਿਆ। ਆਪ ਨੇ ਗ਼ੁਲਾਮੀ ਦੇ ਜੂਲੇ ਨੂੰ ਗਲੋਂ ਲਾਹ ਸੁੱਟਣ ਲਈ ਤੱਕੜੀ ਤੋਲਣ ਵਾਲਿਆਂ, ਚਿੜੀਆਂ ਤੋਂ ਡਰ ਜਾਣ ਵਾਲਿਆਂ, ਕੰਮੀਆਂ ਕਿਰਤੀਆਂ ਕਿਸਾਨਾਂ ਮਜ਼ਦੂਰਾਂ ਦੇ ਹੱਥਾਂ ਵਿੱਚ ਸ਼ਸਤਰ ਅਤੇ ਹਿਰਦਿਆਂ ਵਿੱਚ ਨਿਰਭੈਤਾ ਅਤੇ ਦਲੇਰੀ ਭਰਨ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਦੱਸਿਆ ਕਿ ਇਨ੍ਹਾਂ ਦੀ ਵਰਤੋਂ ਕਦੋਂ, ਕਿਵੇਂ ਅਤੇ ਕਿੱਥੇ ਕਰਨੀ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਦਰਸ਼ਕ ਸਮਾਜ ਦੀ ਸਿਰਜਣਾ ਦੇ ਰਾਹ ਵਿੱਚ ਆਉਣ ਵਾਲਿੀਆਂ ਸਾਰੀਆਂ ਰੁਕਾਵਟਾਂ ਜਾਤ ਪਾਤ, ਵਰਣ ਵੰਡ, ਪਾਖੰਡਾਂ, ਮਜ਼੍ਹਬਾਂ ਦੀਆਂ ਵੰਡੀਆਂ ਨੂੰ ਜੜ੍ਹੋਂ ਪੁੱਟ ਸੁੱਟਿਆ। ਫ਼ਿਰ ‘ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ’ ਦਾ ਗੁਰੂ ਨਾਨਕ ਦੇਵ ਜੀ ਵਾਲਾ ਅਲੌਕਿਕ ਸੰਦੇਸ਼ ਸਮਾਜ ਨੂੰ ਦਿੱਤਾ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਮੜ੍ਹੀਆਂ, ਮਸਾਣਾਂ, ਗੋਰਾਂ, ਮੱਟਾਂ, ਜੰਡਾਂ, ਅੱਗ, ਪਾਣੀ, ਦੀ ਥਾਂ ਸ੍ਰਿਸ਼ਟੀ ਦੇ ਰਚਨਹਾਰ ਦੀ ਉਸਤਤਿ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਝੂਠੇ ਅਡੰਬਰਾਂ ਅਤੇ ਦਿਖਾਵੇ ਦੇ ਕਰਮ ਕਾਂਡਾਂ ਦਾ ਤਿਆਗ ਕਰਕੇ ਨਾਮ ਜਪਣ, ਚੰਗਿਆਈ, ਮਿਹਨਤ ਕਰਕੇ ਪ੍ਰਭੂ ਪ੍ਰੇਮ ਨਾਲ ਮਨੁੱਖਾ ਜੀਵਨ ਬਤੀਤ ਕਰਨ ਦਾ ਇੱਕ ਰੂਹਾਨੀ ਰਾਹ ਬਣਾ ਦਿੱਤਾ।
ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਦਾ ਪੁੱਤਰ, ਸ਼ਹੀਦਾਂ ਦਾ ਪਿਤਾ, ਖੰਡੇ ਦੀ ਪਾਹੁਲ ਦਾ ਦਾਤਾ, ਕਲਗ਼ੀਆਂ ਵਾਲਾ, ਬਾਜ਼ਾਂ ਵਾਲਾ, ਨੀਲੇ ਘੋੜੇ ਦਾ ਸ਼ਾਹ ਅਸਵਾਰ, ਅੰਮ੍ਰਿਤ ਦਾ ਦਾਤਾ, ਮਾਂ ਗੁਜਰੀ ਦਾ ਪਿਆਰਾ, ਪਟਨੇ ਦਾ ਚੰਨ, ਆਪੇ ਗੁਰ ਚੇਲਾ ਆਦਿ ਹੋਰ ਅਨੇਕਾਂ ਤਖੱਲਸਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ।
ਪੰਜਾਬ ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਦਾ ਘਰ ਹੈ। ‘ਪੰਜਾਬ ਨਾ ਹਿੰਦੂ, ਨਾ ਮੁਸਲਮਾਨ, ਪੰਜਾਬ ਜੀਂਦਾ ਗੁਰਾਂ ਦੇ ਨਾਮ ’ਤੇ।’ ਪੰਜਾਬ ਦਾ ਆਦਰਸ਼ ਬੀਰ ਨਾਇਕ ਗੁਰੂ ਗੋਬਿੰਦ ਸਿੰਘ ਹੈ। ਪੰਜਾਬ ਦੀ ਇਸ ਪੁਨਰ ਰਾਜਨੀਤਕ ਚੇਤਨਾ ਦੇ ਸੰਕਲਪ ਦਾ ਮੂਲ ਆਧਾਰ ਉੱਚੀਆਂ ਅਤੇ ਸੱਚੀਆਂ-ਸੁੱਚੀਆਂ ਮਨੁੱਖੀ ਕਦਰਾਂ-ਕੀਮਤਾਂ ਹਨ। ਪੰਜਾਬ ਦੀ ਇਹ ਬੀਰ ਪਰੰਪਰਾ ਦੁਨੀਆਂ ਤੋਂ ਨਿਆਰੀ ਹੈ।
ਇੱਥੇ ਜ਼ਰ, ਜ਼ੋਰੂ, ਜ਼ਮੀਨ ਲਈ ਜੰਗ ਨਹੀਂ ਹੋਈ। ਸਵੈ-ਕੀਰਤੀ, ਸਵੈ-ਵਾਸ਼ਨਾ, ਸਵੈ-ਅਹੰਕਾਰ ਲਈ ਯੁੱਧ ਨਹੀਂ ਕੀਤੇ। ਸਗੋਂ ਨਿੱਜੀ ਸੁਆਰਥ ਤੋਂ ਪੂਰੀ ਤਰ੍ਹਾਂ ਉੱਪਰ ਉੱਠ ਕੇ ਸਰਬੰਸ ਵਾਰਨ ਦੀ ਓਜਮਈ ਗਾਥਾ ਦੀ ਹਕੀਕਤ ਹੈ-
ਅਵਰ ਬਾਸਨਾ ਨਾਹਿ ਪ੍ਰਭ,
ਧਰਮ ਯੁੱਧ ਕਾ ਚਾਇ।।
ਸਦੀਆਂ ਤੋਂ ਲਿਤਾੜੀ, ਸਾਹ ਸੱਤਹੀਣ ਹੋ ਚੁੱਕੀ ਲੋਕਾਈ, ਹਾਸ਼ੀਏ ’ਤੇ ਧੱਕੇ ਜਾ ਚੁੱਕੇ ਲੋਕਾਂ ਅਤੇ ਮੁਰਦਾ ਹੋ ਚੁੱਕੀ ਕੌਮ ਨੂੰ ਮੁੜ ਪੈਰਾਂ ਸਿਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਿਸਾਖ, ਤੀਹ ਮਾਰਚ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਕੇਸਗੜ੍ਹ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਇੱਕ-ਇੱਕ ਕਰਕੇ ਪੰਜ ਸਿਰਾਂ ਦੀ ਮੰਗ ਕੀਤੀ। ਸਭ ਤੋਂ ਪਹਿਲਾਂ ਭਾਈ ਦਇਆ ਸਿੰਘ, ਫ਼ਿਰ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਨੇ ਆਪਣਾ ਆਪਾ ਗੁਰੂ ਜੀ ਲਈ ਅਰਪਣ ਕਰ ਦਿੱਤਾ।
ਗੁਰੂ ਸਾਹਿਬ ਨੇ ਖ਼ਾਲਸਾ ਪੰਥ ਦੀ ਸਿਰਜਣਾ ਕਰਕੇ ਮੁਰਦਿਆਂ ਨੂੰ ਫ਼ਿਰ ਜਿਉਂਦਿਆਂ ਵਿੱਚ ਕਰ ਦਿੱਤਾ। ਉਨ੍ਹਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ। ਫ਼ਿਰ ਉਹੀ ਸਿੰਘ ਬੇਸਹਾਰਾ ਲੋਕਾਂ ਲਈ ਜ਼ੁਲਮ ਦੇ ਖਿਲਾਫ਼ ਲੜ੍ਹੇ। ਉਨ੍ਹਾਂ ਪੰਜ ਪਿਆਰਿਆਂ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਗੁਰੂ ਚੇਲੇ ਦੇ ਭੇਦ ਨੂੰ ਵੀ ਖ਼ਤਮ ਕਰ ਦਿੱਤਾ। ਇਸ ਤੋਂ ਪਹਿਲਾਂ ਦੁਨੀਆਂ ਦੇ ਇਤਿਹਾਸ ਵਿੱਚ ਜੇਕਰ ਕੋਈ ਗੁਰੂ ਬਣਿਆਂ ਤਾਂ ਉਹ ਸਾਰੀ ਉਮਰ ਗੁਰੂ ਹੀ ਬਣਿਆਂ ਰਿਹਾ। ਜੇਕਰ ਕੋਈ ਮੁਰੀਦ ਜਾਂ ਸ਼ਾਗਿਰਦ ਬਣਿਆਂ ਤਾਂ ਉਹ ਸਾਰੀ ਉਮਰ ਮੁਰੀਦ ਹੀ ਬਣਿਆਂ ਰਿਹਾ। ਸ਼ਾਗਿਰਦ ਨੂੰ ਕਦੇ ਇਹ ਮਾਣ ਹਾਸਲ ਨਾ ਹੋਇਆ ਕਿ ਉਹ ਗੁਰੂ ਬਣ ਸਕੇ। ਪਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇਹ ਮਾਣ ਬਖ਼ਸ਼ਿਆ। ਤਦੇ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਵੀ ਗੁਰਦਾਸ ਸਿੰਘ ਨੇ ਲਿਖਿਆ ਹੈ –
ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ।
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ।।
ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਖ਼ਾਲਸੇ ਦੀ ਸਿਰਜਣਾ ਕੀਤੀ। ਫ਼ਿਰ ਖ਼ਾਲਸੇ ਨੂੰ ਆਪਣਾ ਰੂਪ ਆਖਿਆ –
ਖ਼ਾਲਸਾ ਮੇਰੋ ਰੂਪ ਹੈ ਖ਼ਾਸ।
ਖ਼ਾਲਸੇ ਮਹਿ ਹਉ ਕਰੋ ਨਿਵਾਸ॥
ਦੁਨੀਆਂ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਖ਼ਾਲਸਾ ਪੰਥ ਦੀ ਸਾਜਨਾ ਸਮੇਂ ਕੁਝ ਪਲਾਂ ਵਿੱਚ ਹੀ ਸਾਰੀ ਦੀ ਸਾਰੀ ਕੌਮ ਨੂੰ ਜੁਝਾਰੂ ਰੂਪ ਵਿੱਚ ਸਹਿਜ ਭਾਵ ਨਾਲ ਰੁਪਾਂਤਰਣ ਕਰ ਦਿੱਤਾ ਗਿਆ ਹੋਵੇ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਨ ਸਾਧਾਰਨ ਉੱਤੇ ਜ਼ੁਲਮ ਅਤੇ ਸਿਤਮ ਢਾਹੁਣ ਵਾਲੇ ਹਿੰਦੂ ਪਹਾੜੀ ਰਾਜਿਆਂ ਅਤੇ ਦਿੱਲੀ ਦੇ ਜਾਬਰ ਮੁਗ਼ਲ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਲਲਕਾਰਿਆ। ਉਨ੍ਹਾਂ ਨਾਲ ਹਥਿਆਰਬੰਦ ਟੱਕਰ ਲਈ। ਉਨ੍ਹਾਂ ਨੇ ਯੁੱਧਾਂ ਵਿੱਚ ਖ਼ੁਦ ਬੀਰਤਾ ਦੇ ਜੌਹਰ ਦਿਖਾਏ।
ਗੁਰੂ ਗੋਬਿੰਦ ਸਿੰਘ ਜੀ ਅਜਿਹੇ ਅਦੁੱਤੀ ਜਰਨੈਲ ਸਨ, ਜਿਨ੍ਹਾਂ ਨੇ ਕੇਵਲ ਬਿਆਲੀ ਸਿੰਘਾਂ ਨਾਲ ਦਸ ਲੱਖ ਲਸ਼ਕਰ ਦਾ ਬੜੀ ਬੀਰਤਾ ਅਤੇ ਜ਼ਿੰਦਾਦਿਲੀ ਨਾਲ ਟਾਕਰਾ ਕੀਤਾ। ਹਿੰਦੂ ਧਰਮ ਦੀ ਰਾਖੀ ਲਈ ਆਪਣੇ ਪਿਤਾ ਨੂੰ ਸ਼ਹੀਦ ਹੋਣ ਲਈ ਦਿੱਲੀ ਨੂੰ ਤੋਰਿਆ। ਆਪਣੇ ਵੱਡੇ ਪੁੱਤਰਾਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਨੂੰ ਮੈਦਾਨਿ-ਏ-ਜੰਗ ਵਿੱਚ ਲਾੜੀ ਮੌਤ ਨੂੰ ਵਰਣ ਲਈ ਸ਼ਿੰਗਾਰਿਆ।
ਦੁਨੀਆਂ ਦੇ ਇਤਿਹਾਸ ਵਿੱਚ ਬਿਦਰ, ਕੌਟੱਲਿਆ, ਪਾਣਿਨੀ ਆਦਿ ਰਾਜਨੀਤੀਵਾਨ ਹੋਏ ਹਨ, ਜਿਨ੍ਹਾਂ ਨੇ ਨੀਤੀ ਗ੍ਰੰਥ ਰਚੇ ਹਨ। ਇਨ੍ਹਾਂ ਵਿਦਵਾਨਾਂ ਨੇ ਲੋਕਾਈ ਨੂੰ ਦੱਸਿਆ ਹੈ ਕਿ ਜਦੋਂ ਵੀ ਕਿਧਰੇ ਲੜ੍ਹਾਈ ਹੋਈ ਹੈ ਤਾਂ ਉਸ ਦੇ ਕਾਰਨ ਜ਼ਰ, ਜ਼ੋਰੂ, ਜ਼ਮੀਨ ਵਿੱਚੋਂ ਹੀ ਕੋਈ ਇੱਕ, ਦੋ ਜਾਂ ਤਿੰਨੋਂ ਸਨ।
ਰਾਮਾਇਣ ਦਾ ਯੁੱਧ ਹੋਇਆ। ਉਸ ਦਾ ਕਾਰਨ ਇੱਕ ਇਸਤਰੀ ਸਰੂਪਨਖਾਂ ਸੀ। ਜਿਸ ਦਾ ਨੱਕ ਸ਼੍ਰੀ ਰਾਮ ਚੰਦਰ ਜੀ ਦੇ ਛੋਟੇ ਭਰਾ ਲੱਛਮਣ ਨੇ ਚੌਦਾਂ ਸਾਲਾਂ ਦੇ ਬਣਵਾਸ ਦੌਰਾਨ ਪੰਚਵਟੀ ਦੇ ਸਥਾਨ ’ਤੇ ਕੱਟ ਦਿੱਤਾ ਸੀ। ਰਾਵਣ ਨੇ ਆਪਣੀ ਭੈਣ ਦੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਸੀਤਾ ਮਾਤਾ ਨੂੰ ਚੁੱਕ ਲਿਆਂਦਾ ਸੀ। ਜਿਸ ਕਰਕੇ ਭਿਆਨਕ ਯੁੱਧ ਹੋਇਆ।
ਮਹਾਂਭਾਰਤ ਦਾ ਯੁੱਧ ਹੋਇਆ ਤਾਂ ਕਾਰਨ ਦਰੋਪਦੀ ਸੀ। ਉਹ ਬੜੀ ਕਮਾਲ ਦੀ ਚਿੱਤਰਕਾਰ, ਕਲਾਕਾਰ, ਕਵਿੱਤਰੀ ਸੀ। ਪਾਂਡਵਾਂ ਨੇ ਇੱਕ ਮਹਿਲ ਬਣਵਾਇਆ ਸੀ। ਦਰੋਪਦੀ ਨੇ ਉਸ ਮਹਿਲ ਵਿਚਲੇ ਸਰੋਵਰ ਵਿੱਚ ਅਜਿਹੇ ਕਮਾਲ ਦੇ ਰੰਗ ਬਿਖੇਰੇ ਸਨ ਕਿ ਸਾਰਾ ਸਰੋਵਰ ਇੱਕ ਬਗ਼ੀਚਾ ਹੀ ਨਜ਼ਰ ਆਉਂਦਾ ਸੀ। ਜਦੋਂ ਪਾਂਡਵਾਂ ਨੇ ਚੱਠ ਕੀਤੀ ਤਾਂ ਦਰਯੋਧਨ ਜ਼ਰਾ ਪਛੜ ਕੇ ਆਇਆ ਸੀ। ਉਸ ਨੇ ਘਾਹ ਸਮਝ ਕੇ ਪੈਰ ਧਰਿਆ ਤਾਂ ਸਰੋਵਰ ਵਿੱਚ ਚਲਾ ਗਿਆ। ਤੈਰਨਾ ਜਾਣਦਾ ਸੀ। ਤੈਰ ਕੇ ਬਾਹਰ ਆ ਗਿਆ। ਉੱਪਰ ਚੁਬਾਰੇ ਵਿੱਚ ਦਰੋਪਦੀ ਖੜ੍ਹੀ ਸੀ। ਉਹ ਦਰਯੋਧਨ ਨੂੰ ਪਾਣੀ ਵਿੱਚ ਭਿੱਜਿਆ ਵੇਖ ਕੇ ਹੱਸ ਪਈ। ਤੇ ਮੂੰਹੋਂ ਬੋਲੀ, ‘ਅੰਨ੍ਹੇ ਦਾ ਪੁੱਤ ਅੰਨ੍ਹਾ ਹੀ ਰਿਹਾ।’ ਇਹ ਵਿਅੰਗ ਦੀ ਕਾਨੀ ਦਰਯੋਧਨ ਦੇ ਹਿਰਦੇ ਵਿੱਚ ਖੁੱਭ ਗਈ। ਦਿਲ ’ਤੇ ਚੋਟ ਆ ਲੱਗੀ। ਇਸੇ ਕਰਕੇ ਮਹਾਂਭਾਰਤ ਦਾ ਯੁੱਧ ਹੋਇਆ।
ਪਰੰਤੂ ਚਮਕੌਰ ਦੀ ਜੰਗ ਦਾ ਕਾਰਨ ਨਾ ਤਾਂ ਜ਼ਰ ਸੀ। ਨਾ ਜ਼ੋਰੂ ਸੀ। ਨਾ ਹੀ ਜ਼ਮੀਨ ਸੀ। ਸਗੋਂ ਦੁਨੀਆਂ ਦੇ ਇਤਿਹਾਸ ਵਿੱਚ ਇਹ ਇੱਕੋ ਇੱਕ ਅਸਾਵੀਂ ਜੰਗ ਸੀ। ਜਿਸ ਵਿੱਚ ਇੱਕ ਪਾਸੇ ਪੂਰੇ ਦੇਸ਼ ਦੀ ਫ਼ੌਜੀ ਤਾਕਤ ਡਟੀ ਹੋਈ ਸੀ। ਇਤਿਹਾਸਕਾਰਾਂ ਨੇ ਜਿਸ ਦੀ ਗਿਣਤੀ ਦਸ ਲੱਖ ਤੋਂ ਵੀ ਵੱਧ ਦਰਜ ਕੀਤੀ ਹੈ। ਦੂਜੇ ਪਾਸੇ ਮੁੱਠੀ ਭਰ ਖ਼ਾਲਸਾ ਫ਼ੌਜ ਦੇ ਚਾਲੀ ਸਿੰਘ, ਦੋ ਵੱਡੇ ਸਾਹਿਬਜ਼ਾਦੇ ਅਤੇ ਦਰਵੇਸ਼ ਗੁਰੂ ਗੋਬਿੰਦ ਸਿੰਘ। ਕੁੱਲ ਗਿਣਤੀ ਤਰਤਾਲੀ ਬਣਦੀ ਹੈ। ਗੁਰੂ ਗੋਬਿੰਦ ਸਿੰਘ ਨੇ ਇਹ ਯੁੱਧ ਧਰਮ ਦੀ ਰੱਖਿਆ ਲਈ ਲੜ੍ਹਿਆ ਸੀ। ਕੌਮ ਦੀ ਰੱਖਿਆ ਲਈ ਲੜ੍ਹਿਆ ਸੀ। ਸਮਾਜ ਦੇ ਬਸ਼ਿੰਦਿਆਂ ਨੂੰ ਇਹ ਦੱਸਣ ਲਈ ਲੜ੍ਹਿਆ ਗਿਆ ਸੀ ਕਿ ਆਪਣੇ ਪੁੱਤਰਾਂ ਨੂੰ ਦੇਸ਼, ਕੌਮ, ਧਰਮ, ਸਮਾਜ ਅਤੇ ਮਨੁੱਖਤਾ ਉੱਪਰੋਂ ਕਿਵੇਂ ਕੁਰਬਾਨ ਕੀਤਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗ਼ਲ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਲਿਖੇ ਇਤਿਹਾਸਕ ਖ਼ਤ ਜ਼ਫ਼ਰਨਾਮਾ ਵਿੱਚ ਉਹ ਚਮਕੌਰ ਦੀ ਜੰਗ ਦਾ ਵਾਰ ਵਾਰ ਜ਼ਿਕਰ ਕਰਦੇ ਹਨ। ਜਿਵੇਂ –
ਗੁਰਸਨਾ: ਚਿ ਕਾਰੇ ਕੁਨਦ ਚਿਹਲ ਨਰ।
ਕਿ ਦਹ ਲਕ ਬਰਾਯਦ ਬਹੂ ਬੇਖ਼ਬਰ।
ਅਰਥਾਤ ਭੁੱਖਣ ਭਾਣੇ ਚਾਲੀ ਆਦਮੀ ਕੀ ਕਰ ਸਕਦੇ ਹਨ, ਜੇਕਰ ਉਨ੍ਹਾਂ ਉੱਤੇ ਅਚਨਚੇਤ ਦਸ ਲੱਖ ਫ਼ੌਜ ਟੁੱਟ ਪਵੇ। ਬਾਈ ਦਸੰਬਰ 1704 ਈਸਵੀ ਨੂੰ ਸ਼ਾਹੀ ਫੌਜਾਂ ਨੇ ਚਮਕੌਰ ਦੀ ਕੱਚੀ ਗੜ੍ਹੀ ’ਤੇ ਬਹੁਤ ਜ਼ਬਰਦਸਤ ਹਮਲਾ ਕੀਤਾ। ਦਸਮੇਸ਼ ਪਿਤਾ ਨੇ ਫ਼ੌਜ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਸ਼ਹੀਦੀ ਜੱਥੇ ਬਣਾ ਕੇ ਗੜ੍ਹੀ ਤੋਂ ਬਾਹਰ ਭੇਜਣੇ ਆਰੰਭ ਕਰ ਦਿੱਤੇ। ਖ਼ੂਨ ਡੋਲ੍ਹਵੀਂ ਜੰਗ ਹੋਈ।
ਗੁਰੂ ਗੋਬਿੰਦ ਸਿੰਘ ਜੀ ਜ਼ਫ਼ਰਨਾਮਾ ਵਿੱਚ ਇੱਕ ਥਾਂ ਲਿਖਦੇ ਹਨ – ‘ਹੇ ਔਰੰਗਜ਼ੇਬ! ਤੇਰੀ ਫ਼ੌਜ, ਜਰਨੈਲ ਅਤੇ ਸਿਪਾਹੀ ਗੜ੍ਹੀ ਦੀ ਫ਼ਸੀਲ ਦੀ ਓਟ ਲਈ ਆਪਣੀ ਜਾਨ ਦੀ ਖ਼ੈਰ ਮੰਗਦੇ ਰਹੇ। ਜੋ ਵੀ ਕੋਈ ਕੰਧ ਦੀ ਓਟ ਤੋਂ ਜ਼ਰਾ ਜਿੰਨਾ ਵੀ ਬਾਹਰ ਆਇਆ, ਉਹ ਇੱਕੋ ਤੀਰ ਖਾ ਕੇ ਖ਼ੂਨ ਵਿੱਚ ਗ਼ਰਕ ਹੋ ਗਿਆ।’ ਗੁਰੂ ਜੀ ਨੇ ਸ਼ਾਹੀ ਫੌਜ ਦੇ ਇੱਕ ਸਿਰਕੱਢਵੇਂ ਜਰਨੈਲ ਨਾਹਰ ਖਾਂ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਉਣ ਦੇ ਦ੍ਰਿਸ਼ ਨੂੰ ਜ਼ਫ਼ਰਨਾਮਾ ਵਿੱਚ ਇੰਝ ਦਰਜ ਕੀਤਾ ਹੈ –
ਚੁ ਦੀਦਮ ਕਿ ਨਾਹਰ ਬਿਯਾਦਮ ਬਜੰਗ।
ਚਸੀਦ: ਯਕੇ ਤੀਰ ਮਨ ਬੇਦਰੰਗ।
ਅਰਥਾਤ ਜਦੋਂ ਮੈਂ ਨਾਹਰ ਖਾਂ ਨੂੰ ਮੈਦਾਨ ਏ ਜੰਗ ਵਿੱਚ ਆਇਆ ਦੇਖਿਆ ਤਾਂ ਉਸ ਨੇ ਫੌਰਨ ਹੀ ਮੇਰੇ ਤੀਰ ਦਾ ਸੁਆਦ ਚਖਿਆ। ਭਾਵ ਉਹ ਤੀਰ ਖਾ ਕੇ ਥਾਂ ’ਤੇ ਹੀ ਢੇਰੀ ਹੋ ਗਿਆ।
ਜਦੋਂ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋ ਜਾਂਦਾ ਹੈ। ਤਦ ਛੋਟਾ ਸਾਹਿਬਜ਼ਾਦਾ ਜੁਝਾਰ ਸਿੰਘ ਗੁਰੂ ਜੀ ਤੋਂ ਰਣ ਤੱਤੇ ਵਿੱਚ ਜਾਣ ਦੀ ਆਗਿਆ ਮੰਗਦਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਹਿਬਜ਼ਾਦੇ ਨੂੰ ਆਪਣੇ ਹੱਥੀਂ ਜੰਗ ਲਈ ਤਿਆਰ ਕਰਦੇ ਹਨ। ਗੁਰੂ ਸਾਹਿਬ ਦੇ ਮਨ ਦੀ ਦਿਲੀ ਤਮੰਨਾ ਨੂੰ ਕਵੀ ਅੱਲ੍ਹਾ ਯਾਰ ਖਾਂ ਜੋਗੀ ਇਉਂ ਕਲਮਬੰਦ ਕਰਦੇ ਹਨ –
ਖ਼ਵਾਹਿਸ਼ ਹੈ ਤੁਮਹੇਂ ਤੇਗ਼ ਚਲਾਤੇ ਹੂਏ ਦੇਖੇਂ।
ਹਮ ਆਂਖ ਸੇ ਬਰਛੀ ਤੁਮਹੇਂ ਖਾਤੇ ਹੂਏ ਦੇਖੇਂ।
ਇਹ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਜਿਗਰਾ ਸੀ, ਜਿਸ ਦੀ ਪੇਸ਼ਕਾਰੀ ਕਵੀ ਨੇ ਆਪਣੇ ਸ਼ਬਦਾਂ ਵਿੱਚ ਕੀਤੀ ਹੈ। ਅਜਿਹਾ ਕਾਰਨਾਮਾ ਕੇਵਲ ਗੁਰੂ ਗੋਬਿੰਦ ਸਿੰਘ ਜੀ ਜਿਹੇ ਮਹਾਂਨਾਇਕ ਹੀ ਕਰ ਸਕਦੇ ਸਨ।
ਗੁਰੂ ਗੋਬਿੰਦ ਸਿੰਘ ਜੀ ਸਦਾ ਚੜ੍ਹਦੀ ਕਲਾ ਦਾ ਮੁਜੱਸਮਾ ਰਹੇ। ਉਨ੍ਹਾਂ ਸਫ਼ਰ ਵੇਲੇ ਜ਼ਫ਼ਰ ਦੇ ਦੀਦਾਰ ਕੀਤੇ। ਉਹ ਸ਼ਸਤਰ ਦੇ ਨਾਲ-ਨਾਲ ਸ਼ਾਸਤਰ ਦੇ ਵੀ ਧਾਰਨੀ ਸਨ। ਉਨ੍ਹਾਂ ਨੇ ਉੱਤਮ ਬੀਰ-ਕਾਵਿ ਦੀ ਸਿਰਜਣਾ ਕਈ ਭਾਸ਼ਾਵਾਂ ਵਿੱਚ ਕੀਤੀ।
ਚੰਡੀ ਦੀ ਵਾਰ ਪੰਜਾਬੀ ਬੀਰ ਕਾਵਿਧਾਰਾ ਵਿੱਚ ਸਰਬ ਉੱਤਮ ਸਥਾਨ ਰੱਖਦੀ ਹੈ। ਚੰਡੀ ਦੀ ਵਾਰ ਦੀ ਸਿਰਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇਹ ਸੰਦੇਸ਼ ਦਿੱਤਾ ਹੈ ਕਿ ਜੇਕਰ ਇੱਕ ਇਸਤਰੀ ਦੁਰਗਾ ਦੇਵੀ ਵੱਡੇ-ਵੱਡੇ ਮਹਾਂਰਥੀ ਰਾਖਸ਼ਾਂ ਉੱਤੇ ਫ਼ਤਹਿ ਪਾ ਸਕਦੀ ਹੈ। ਤਦ ਇਕੱਲਾ-ਇਕੱਲਾ ਸਿੰਘ ਕੀ ਨਹੀਂ ਕਰ ਸਕਦਾ?
ਬੇਸ਼ੱਕ ਚੰਡੀ ਦੀ ਵਾਰ ਦੀ ਕਥਾ ਮਾਰਕੰਡੇ ਪੁਰਾਣ ਦੀ ਕਥਾ ’ਤੇ ਆਧਾਰਿਤ ਹੈ। ਪਰੰਤੂ ਗੁਰੂ ਜੀ ਨੇ ਇਸ ਵਾਰ ਨੂੰ ਅਜਿਹੀ ਪਾਣ ਚਾੜ੍ਹੀ ਹੈ ਕਿ ਪੜ੍ਹਨ ਸੁਣਨ ਵਾਲੇ ਦੇ ਡੌਲੇ ਫ਼ਰਕਣ ਲੱਗ ਪੈਂਦੇ ਹਨ। ਖ਼ੂਨ ਖੌਲਣ ਲੱਗ ਪੈਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਦੇਵੀ ਨੂੰ ਹਜ਼ਾਰਾਂ ਰਾਕਸ਼ਾਂ ਨਾਲ ਲੜ੍ਹਦਿਆਂ ਵਿਖਾ ਕੇ
ਸਵਾ ਲਾਖ ਸੇ ਏਕ ਲੜਾਊਂ,
ਤਬੈ ਗੋਬਿੰਦ ਸਿੰਘ ਨਾਮ ਕਹਾਊਂ ਵਾਲੇ ਉਦੇਸ਼ ਨੂੰ ਸਾਕਾਰ ਕਰ ਵਿਖਾਇਆ ਹੈ।
ਇਸ ਪ੍ਰਕਾਰ ਗੁਰੂ ਸਾਹਿਬ ਨੇ ਚੰਡੀ ਦੀ ਵਾਰ ਦੀ ਸਿਰਜਣਾ ਕਰਕੇ ਆਪਣੀ ਸਮੁੱਚੀ ਖ਼ਾਲਸਾ ਫ਼ੌਜ ਵਿੱਚ ਬਹਾਦਰੀ ਅਤੇ ਸੂਰਬੀਰਤਾ ਦੇ ਗੁਣਾਂ ਨੂੰ ਭਰ ਦਿੱਤਾ। ਚੰਡੀ ਦੀ ਵਾਰ ਦੀ ਸਭ ਤੋਂ ਵੱਧ ਖ਼ੂਬਸੂਰਤੀ ਅਤੇ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਆਪ ਨੇ ਜਿੱਥੇ ਦੁਰਗਾ ਦੇਵੀ ਨੂੰ ਬਹੁਤ ਹੀ ਬਹਾਦਰੀ ਅਤੇ ਦਲੇਰੀ ਨਾਲ ਲੜਦੇ ਵਿਖਾਇਆ ਹੈ, ਉੱਥੇ ਰਾਖਸ਼ਾਂ ਨੂੰ ਵੀ ਬੜੇ ਸੂਰਬੀਰ ਯੋਧਿਆਂ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਜਿਵੇਂ –
ਲੱਖ ਨਗਾਰੇ ਵੱਜਨ ਆਹਹਮੋ ਸਾਹਮਣੇ।
ਰਾਕਸ਼ ਰਣੋਂ ਨਾ ਭੱਜਨ ਰੋਹੇ ਰੋਹਲੇ।
ਸ਼ੀਹਾਂ ਵਾਂਗੂੰ ਗੱਜਣ ਸਭੈ ਸੂਰਮੇਂ।
ਤਣਿ ਤਣਿ ਕੈਬਰ ਛੱਡਣ ਦੁਰਗਾ ਸਾਹਮਣੇ।
ਗੁਰੂ ਸਾਹਿਬ ਨੇ ਬ੍ਰਿਜ ਭਾਸ਼ਾ ਨੂੰ ਆਪਣੀ ਰਹਿਮਤ ਨਾਲ ਨਿਵਾਜਿਆ। ਪੰਜਾਬੀ ਅਤੇ ਫ਼ਾਰਸੀ ਜ਼ੁਬਾਨ ਨੂੰ ਵੱਡਮੁੱਲੀ ਦੇਣ ਦਿੱਤੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੇ ਗੁਰੂ ਹੋਏ ਹਨ, ਜਿਨ੍ਹਾਂ ਨੇ ਸ਼ਸ਼ਤਰਾਂ ਨੂੰ ਆਪਣੇ ਪੀਰ ਕਿਹਾ ਹੈ –
ਅਸ ਕ੍ਰਿਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ।
ਸੈਫ਼ ਸਰੋਹੀ ਸੈ ਹੱਥੀਂ, ਯੈਹ ਹਮਾਰੇ ਪੀਰ॥
(ਸ਼ਸਤਰਨਾਮਾ ਮਾਲਾ)
ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਦਾ ਮੰਗਲ ਕੀਤਾ, ਪੂਜਾ ਕੀਤੀ। ਉਨ੍ਹਾਂ ਸ਼ਸਤਰਨਾਮਾ ਮਾਲਾ ਦੀ ਸਿਰਜਣਾ ਸਮੇਂ ਅਨੇਕ ਪ੍ਰਕਾਰ ਦੇ ਹਥਿਆਰਾਂ ਨੂੰ ਵਡਿਆਇਆ ਹੈ। ਉਨ੍ਹਾਂ ਨੇ ਚਰਣਾਮ੍ਰਿਤ ਦੀ ਰੀਤ ਨੂੰ ਛੱਡ ਕੇ ਖੰਡੇਧਾਰ ਪਾਹੁਲ ਨੂੰ ਤਿਆਰ ਕੀਤਾ। ਅਰਦਾਸ ਕਰਨ ਉਪਰੰਤ ਸ਼੍ਰੀ ਸਾਹਿਬ (ਕ੍ਰਿਪਾਨ) ਨੂੰ ਭੋਗ ਲਗਾਉਣ ਲਈ ਵਰਤਿਆ ਜਾਂਦਾ ਹੈ।
ਪੰਜਾਂ ਤਖ਼ਤ ਸਾਹਿਬਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਦੀ ਰੀਤ ਨਹੀਂ ਹੈ, ਸਗੋਂ ਸ਼ਸਤਰਾਂ ਨੂੰ ਪ੍ਰਕਾਸ਼ ਕਰਨ ਦੀ ਪ੍ਰਥਾ ਹੈ। ਇਸ ਤੋਂ ਸ਼ਸਤਰਾਂ ਦੀ ਮਹਿਮਾ ਦਾ ਬੋਧ ਉਜਾਗਰ ਹੁੰਦਾ ਹੈ। ਅਕਾਲ ਤਖ਼ਤ ਸਾਹਿਬ ਉੱਤੇ ਨੰਗੀ ਸ਼੍ਰੀ ਸਾਹਿਬ ਨੂੰ ਸਾਹਮਣੇ ਖੜ੍ਹਾ ਕਰ ਕੇ ਪਾਠ ਕੀਤਾ ਜਾਂਦਾ ਹੈ। ਇਸ ਪ੍ਰਕਾਰ ਪਾਠ ਦੀ ਧੁਨੀ ਵਿੱਚ ਸ਼੍ਰੀ ਸਾਹਿਬ ਦਾ ਜਾਦੂ ਰਚਦਾ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ੁਦ ਵੀ ਸ਼ਸਤਰ ਦੁਆਰਾ ਤਿਆਰ ਕੀਤੀ ਪਾਹੁਲ (ਅੰਮ੍ਰਿਤ) ਨੂੰ ਚੇਲਾ ਬਣ ਕੇ ਨਿਮਰ ਭਾਵ ਨਾਲ ਅੰਗੀਕਾਰ ਕੀਤਾ ਸੀ। ਉਨ੍ਹਾਂ ਨੇ ਸ਼ਸਤਰ ਦੀ ਮਾਣ ਮਰਿਯਾਦਾ ਕਾਇਮ ਕੀਤੀ। ਉਨ੍ਹਾਂ ਸ਼ਸਤਰ ਨੂੰ ਕੌਮ ਦੇ ਸਰੀਰ ਦਾ ਅੰਗ ਬਣਾ ਦਿੱਤਾ। ਸ਼ਸਤਰ ਦੇ ਸੰਬੰਧ ਵਿੱਚ ਗੁਰੂ ਸਾਹਿਬ ਦੀ ਮਹਾਨਤਾ ਦੋ ਹੋਰ ਗੱਲਾਂ ਵਿੱਚ ਵੀ ਉਜਾਗਰ ਹੁੰਦੀ ਹੈ। ਪਹਿਲੀ ਇਸਤਰੀ ਜਾਤੀ ਨੂੰ ਸ਼ਸਤਰਧਾਰੀ ਹੋਣਾ ਲਾਜ਼ਮੀ ਕਰਾਰ ਦਿੱਤਾ। ਦੂਜੀ ਉਨ੍ਹਾਂ ਨੇ ਇਸਤਰੀ (ਚੰਡੀ ਦੇਵੀ) ਦੀ ਯੁੱਧ ਕਥਾ ਨੂੰ ਤਿੰਨ ਵਾਰ ਕਾਵਿ-ਬੱਧ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕੋ ਸਮੇਂ ਸ਼ਾਸਤਰ ਅਤੇ ਸ਼ਸਤਰ ਨੂੰ ਉੱਚ ਸਥਾਨ ਪ੍ਰਦਾਨ ਕੀਤਾ। ਉਨ੍ਹਾਂ ਨੇ ਸ਼ਾਸਤਰ ‘ਸ਼੍ਰੀ ਗੁਰੂ ਗ੍ਰੰਥ ਸਾਹਿਬ’ ਨੂੰ ਗੁਰੂ ਦਾ ਦਰਜਾ ਦਿੱਤਾ।
ਸੰਸਕ੍ਰਿਤ ਭਾਸ਼ਾ ਦੇ ਆਚਾਰੀਆ ਪੰਡਿਤ ਵਿਸ਼ਵਾਨਾਥ ਨੇ ਬੀਰ ਨਾਇਕ ਦੇ ਚਾਰ ਭੇਦ ਦੱਸੇ ਹਨ – ਯੁੱਧ ਬੀਰ, ਧਰਮ ਬੀਰ, ਦਯਾ ਬੀਰ, ਦਾਨ ਬੀਰ। ਗੁਰੂ ਗੋਬਿੰਦ ਸਿੰਘ ਜੀ ਦੇ ਆਦਰਸ਼ਕ ਬੀਰ ਨਾਇਕ ਹੋਣ ਦਾ ਇੱਕ ਪ੍ਰਮਾਣ ਉਨ੍ਹਾਂ ਦੇ ਯੁੱਧ ਬੀਰ ਹੋਣ ਦੇ ਨਾਲ-ਨਾਲ ਧਰਮ ਬੀਰ, ਦਯਾ ਬੀਰ, ਦਾਨ ਬੀਰ ਵਿੱਚ ਪ੍ਰਵੀਨ ਹੋਣਾ ਹੈ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜੀਵਨ ਦੀਆਂ ਕਠਿਨਤਮ ਅਤੇ ਸੰਕਟਮਈ ਪ੍ਰਸਥਿਤੀਆਂ ਵਿੱਚ ਵੀ ਧਰਮ ਦਾ ਪੱਲਾ ਨਹੀਂ ਛੱਡਿਆ। ਗੁਰੂ ਸਾਹਿਬ ਤਾਂ ਦਇਆ ਦੇ ਸਾਗਰ ਸਨ। ਉਨ੍ਹਾਂ ਦੀ ਕਿਸੇ ਨਾਲ ਜਾਤੀ ਦੁਸ਼ਮਣੀ ਨਹੀਂ ਸੀ। ਸਗੋਂ ਉਹ ਤਾਂ ਆਪਣੇ ਵਿਰੋਧੀਆਂ ਉੱਤੇ ਵੀ ਦਇਆ ਕਰਦੇ ਸਨ। ਇਹ ਵੀ ਇੱਕ ਤੱਥ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਤੀਰ ਵਿੱਚ ਸੋਨੇ ਦੀ ਮੋਹਰ ਲੱਗੀ ਹੁੰਦੀ ਸੀ ਤਾਂ ਜੋ ਸ਼ਹੀਦ ਹੋਣ ਵਾਲੇ ਵਿਅਕਤੀ ਦੇ ਕੱਫ਼ਣ ਦਾ ਪ੍ਰਬੰਧ ਹੋ ਸਕੇ।
ਗੁਰੂ ਜੀ ਵੱਡੇ ਦਾਨੀ ਵੀ ਸਨ। ਉਨ੍ਹਾਂ ਨੇ ਆਪਣੇ ਦਰਬਾਰ ਦੇ ਬਵੰਜਾ ਕਵੀਆਂ ਨੂੰ ਬਹੁਤ ਮੁੱਲਵਾਨ ਵਸਤੂਆਂ ਦਾਨ ਕੀਤੀਆਂ। ਉਨ੍ਹਾਂ ਨੇ ਗ਼ਰੀਬ ਦੇ ਮੁੱਖ ਨੂੰ ’ਗੁਰੂ ਕੀ ਗੋਲਕ’ ਕਿਹਾ। ਉਨ੍ਹਾਂ ਨੇ ਆਪਣੇ ਸਿੱਖਾਂ ਨੂੰ ਰਾਜੇ ਮਹਾਰਾਜੇ ਹੋਣ ਦੇ ਵਰ ਦਿੱਤੇ। ਸ਼ਕਤੀ ਅਤੇ ਮੁਕਤੀ ਦਾ ਦਾਨ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਇਹੀ ਸੰਦੇਸ਼ ਦਿੱਤਾ ਹੈ ਕਿ ਨਾ ਕਿਸੇ ਤੋਂ ਡਰੋ। ਨਾ ਕਿਸੇ ਨੂੰ ਡਰਾਉ। ਨਾ ਹੀ ਕਿਸੇ ਦਾ ਡਰ ਮੰਨੋ –
ਭੈ ਕਾਹੂ ਕੋ ਦੇਤ ਨਹਿ,
ਨਹਿ ਭੈ ਮਾਨਤ ਆਨ।
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦਾ ਉਦੇਸ਼ ਸਾਰੇ ਸੰਸਾਰ ਵਿੱਚ ਮਾਨਵਤਾ ਦੇ ਧਰਮ ਦਾ ਪ੍ਰਚਾਰ ਕਰਨਾ ਸੀ। ਇਸ ਸੰਬੰਧੀ ਉਨ੍ਹਾਂ ਨੇ ਆਪ ‘ਬਚਿੱਤ੍ਰ ਨਾਟਕ’ ਵਿੱਚ ਲਿਖਿਆ ਹੈ-
ਹਮ ਇਹ ਕਾਜ ਜਗਤ ਮੋਹਿ ਆਏ।
ਧਰਮ ਹੇਤ ਗੁਰਦੇਵ ਪਠਾਏ।
ਜਹਾਂ ਤਹਾਂ ਤੁਮ ਧਰਮ ਬਿਥਾਰੋ।
ਦੁਸ਼ਟ ਦੋਖੀਅਨ ਪਕੜ ਪਿਛਾਰੋ।
ਗੁਰੂ ਸਾਹਿਬ ਨੇ ਦੱਸਿਆ ਹੈ ਕਿ ਉਚੇਰਾ ਅਧਿਆਤਮਕ ਜੀਵਨ ਜੀਊਣ ਲਈ ਚੰਗੇ ਗੁਣਾਂ ਦਾ ਧਾਰਨੀ ਹੋਣਾ ਚਾਹੀਦਾ ਹੈ।
ਸਾਹਿਤ ਵਿੱਚ ਬੜੀ ਅਦਭੁੱਤ ਅਤੇ ਅਸੀਮ ਸ਼ਕਤੀ ਹੁੰਦੀ ਹੈ। ਸਾਹਿਤ ਉਹ ਕੁਝ ਵੀ ਕਰ ਦਿਖਾਉਂਦਾ ਹੈ, ਜੋ ਕਿ ਤਲਵਾਰ ਦੀ ਸ਼ਕਤੀ ਵੀ ਨਹੀਂ ਕਰ ਸਕਦੀ। ਇਸ ਪ੍ਰਕਾਰ ਸਾਹਿਤ ਜਨ ਸਧਾਰਨ ਨੂੰ ਉੱਚਾ ਉਠਾਉਣ ਵਾਲ?ਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਉਦੇਸ਼ ਦੀ ਪੂਰਤੀ ਹਿੱਤ ਪ੍ਰਭੂ ਤੋਂ ਵੀ ਇਹੋ ਵਰ ਮੰਗਦੇ ਹਨ –
ਦੇਹ ਸ਼ਿਵਾ ਬਰ ਮੋਹਿ ਇਹੈ,
ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ।
ਨਾ ਡਰੋਂ ਅਰਿ ਸੋਂ ਜਬ ਜਾਇ ਲਰੋਂ,
ਨਿਸਚੈ ਕਰ ਅਪਨੀ ਜੀਤ ਕਰੋਂ।
ਅਰ ਸਿੱਖ ਹੀ ਅਪਨੇ ਮਨ ਕੋ,
ਯਹ ਲਾਲਚ ਹੋਂ ਗੁਨ ਤਉ ਉਚਰੋਂ।
ਜਬ ਆਵ ਕੀ ਅਉਧ ਨਿਧਾਨ ਬਨੈ,
ਅਤਿ ਹੀ ਰਣ ਮੇਂ ਤਬ ਜੂਝ ਮਰੋਂ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬਿਆਲੀ ਸਾਲ ਦੇ ਜੀਵਨ ਕਾਲ ਵਿੱਚ ਉਹ ਅਦੁੱਤੀ, ਅਦਭੁੱਤ, ਅਸਾਧਾਰਨ, ਅਲੋਕਾਰ ਕਾਰਜ ਕਰ ਦਿੱਤੇ ਕਿ ਉਨ੍ਹਾਂ ਦੇ ਕੀਤੇ ਕਾਰਨਾਮਿਆਂ ਨੂੰ ਜਾਣ ਕੇ ਮਨੁੱਖਤਾ ਦੰਗ ਰਹਿ ਜਾਂਦੀ ਹੈ। ਉਨ੍ਹਾਂ ਨੇ ਦਮਦਮਾ ਸਾਹਿਬ ਦੇ ਸਥਾਨ ’ਤੇ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਦੀ ਸੇਵਾ ਸੌਂਪ ਕੇ ਆਦਿ ਗ੍ਰੰਥ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਾਣੀ ਨੂੰ ਦਰਜ ਕੀਤਾ। ਇਸ ਪ੍ਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿੱਖਾਂ ਦੇ ਗੁਰੂ ਰੂਪ ਵਿੱਚ ਸਥਾਪਤ ਕਰਕੇ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦੇ ਭਲੇ ਹਿੱਤ ਰਾਹ ਦਸੇਰੀ ਅਤੇ ਚਾਨਣ ਮੁਨਾਰਾ ਸਾਬਤ ਹੋ ਰਹੀ ਹੈ।
ਅੱਜ ਦਸਮੇਸ਼ ਪਿਤਾ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸ਼ੁਭ ਦਿਹਾੜੇ ’ਤੇ ਲੋੜ ਇਸ ਗੱਲ ਦੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੇ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਹੋਏ ਸਮਾਜ ਵਿੱਚ ਵਿਚਰਦੇ ਹੋਏ ਆਪਸੀ ਪਿਆਰ, ਸਦਭਾਵਨਾ, ਭਾਈਚਾਰਕ ਸਾਂਝ, ਏਕਤਾ ਨੂੰ ਦ੍ਰਿੜ੍ਹ ਕਰੀਏ। ਜਾਤ ਪਾਤ, ਮਜ਼?ਹਬ, ਧਰਮ, ਭਾਸ਼ਾ, ਖੇਤਰ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਉਸ ਪ੍ਰਭੂ ਦੀ ਸਿਰਜਣਾ ਮੰਨ ਕੇ ਇੱਕ ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੀਏ ਤਾਂ ਜੋ ਸਰਬੱਤ ਦੇ ਭਲੇ ਵਾਲੇ ਸਮਾਜ ਦੀ ਸਿਰਜਣਾ ਹੋ ਸਕੇ।