ਮਸਤੂਆਣਾ: ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਸੰਘਰਸ਼ ਸ਼ੁਰੂ

ਮਸਤੂਆਣਾ: ਮੈਡੀਕਲ ਕਾਲਜ ਦੀ ਉਸਾਰੀ ਸ਼ੁਰੂ ਕਰਵਾਉਣ ਲਈ ਸੰਘਰਸ਼ ਸ਼ੁਰੂ

ਮਸਤੂਆਣਾ ਸਾਹਿਬ- ਸਥਾਨਕ ਲੋਕਾਂ ਅਤੇ ਕਿਸਾਨਾਂ ਨੇ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ’ਤੇ ਮਸਤੂਆਣਾ ਸਾਹਿਬ ਵਿੱਚ ਸੰਤ ਅਤਰ ਸਿੰਘ ਦੀ ਯਾਦ ਵਿੱਚ ਬਣਨ ਵਾਲੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਕਾਲਜ ਦੀ ਉਸਾਰੀ ’ਚ ਕਥਿਤ ਅੜਿੱਕੇ ਡਾਹੁਣ ਦਾ ਦੋਸ਼ ਲਾਇਆ ਹੈ। ਕਾਲਜ ਉਸਾਰੀ ’ਚ ਆ ਰਹੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਅੱਜ ਇਲਾਕੇ ਦੀ ਸੰਗਤ ਅਤੇ ਕਿਸਾਨਾਂ ਨੇ ਮਸਤੂਆਣਾ ਸਾਹਿਬ ਦੇ ਬੱਸ ਸਟੈਂਡ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਧਰਨਾ ਦਿੱਤਾ।

ਧਰਨੇ ਦੌਰਾਨ ਕਿਸਾਨ ਯੂਨੀਅਨ ਦੇ ਆਗੂ ਸਾਹਿਬ ਸਿੰਘ ਬਡਬਰ, ਮਨਦੀਪ ਸਿੰਘ ਲਿੱਦੜਾਂ, ਗੋਬਿੰਦਰ ਸਿੰਘ, ਦਰਸ਼ਨ ਸਿੰਘ ਕਾਤਰੋਂ, ਕਰਨੈਲ ਸਿੰਘ ਜੱਸੇਕਾ, ਮਾਸਟਰ ਅਜੈਬ ਸਿੰਘ ਨੇ ਕਿਹਾ ਕਿ ਸੰਤ ਅਤਰ ਸਿੰਘ ਦਾ ਸੁਫ਼ਨਾ ਸੀ ਕਿ ਮਸਤੂਆਣਾ ਸਾਹਿਬ ਵਿੱਦਿਆ ਦਾ ਵੱਡਾ ਕੇਂਦਰ ਬਣੇ ਤੇ ਇਲਾਕੇ ਦੀ ਸੰਗਤ ਦੀ ਮੰਗ ’ਤੇ ਹੀ ਪੰਜਾਬ ਸਰਕਾਰ ਨੇ ਮਸਤੂਆਣਾ ਸਾਹਿਬ ਵਿੱਚ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਬਣਾਉਣ ਦਾ ਪ੍ਰਾਜੈਕਟ ਮਨਜ਼ੂਰ ਕੀਤਾ ਹੈ। ਇਹ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਬਣਨ ਨਾਲ ਮਸਤੂਆਣਾ ਸਾਹਿਬ ਦੇ ਨੇੜੇ ਦੇ 50 ਕਿਲੋਮੀਟਰ ਤੱਕ ਦੇ ਇਲਾਕੇ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ ਪਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਵੱਲੋਂ ਕਾਲਜ ਉਸਾਰੀ ’ਚ ਅੜਿੱਕੇ ਡਾਹੇ ਜਾ ਰਹੇ ਹਨ।

ਸਰਕਾਰ ਜ਼ਮੀਨ ਲੈਣ ਲਈ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰੇ: ਧਾਮੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਗੁਰਦੁਆਰਾ ਅੰਗੀਠਾ ਸਾਹਿਬ ਦੀ ਜਿਸ ਜ਼ਮੀਨ ਵਿੱਚ ਮੈਡੀਕਲ ਕਾਲਜ ਦੀ ਉਸਾਰੀ ਹੋਣੀ ਹੈ, ਉਸ ਸਣੇ ਹੋਰ ਜ਼ਮੀਨਾਂ ਗੁਰਦੁਆਰਾ ਟ੍ਰਿਬਿਊਨਲ ਦੇ ਫ਼ੈਸਲੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਲਕੀ ਐਲਾਨੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅਣ-ਅਧਿਕਾਰਤ ਕਮੇਟੀ ਇਹ ਜ਼ਮੀਨ ਕਿਸੇ ਨੂੰ ਤੋਹਫੇ ’ਚ ਨਹੀਂ ਦੇ ਸਕਦੀ ਅਤੇ ਨਾ ਹੀ ਕਿਸੇ ਨੂੰ ਰਜਿਸਟਰੀ ਕਰਵਾ ਸਕਦੀ ਹੈ। ਸ੍ਰੀ ਧਾਮੀ ਆਖਿਆ ਕਿ ਜੇਕਰ ਪੰਜਾਬ ਸਰਕਾਰ ਇਸ ਰਕਬੇ ਵਿਚ ਮੈਡੀਕਲ ਕਾਲਜ ਬਣਾਉਣਾ ਚਾਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਨਾਲ ਲਿਖਤੀ ਗੱਲਬਾਤ ਕਰੇ ਤਾਂ ਜੋ ਇਸ ਸਬੰਧੀ ਵਿਚਾਰ ਕੀਤੀ ਜਾ ਸਕੇ।