ਮਸਕ ਵੱਲੋਂ ਨੇਤਨਯਾਹੂ ਨਾਲ ਇਜ਼ਰਾਈਲ ਦੇ ਪਿੰਡ ਦਾ ਦੌਰਾ

ਮਸਕ ਵੱਲੋਂ ਨੇਤਨਯਾਹੂ ਨਾਲ ਇਜ਼ਰਾਈਲ ਦੇ ਪਿੰਡ ਦਾ ਦੌਰਾ

ਦੋਵਾਂ ਨੇ ਹਮਾਸ ਅਤਿਵਾਦੀਆਂ ਵੱਲੋਂ ਕੀਤੇ ਗਏ ਕਤਲੇਆਮ ਦਾ ਮੰਜ਼ਰ ਦੇਖਿਆ
ਯੇਰੂਸ਼ਲਮ- ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਯਹੂਦੀਆਂ ਖ਼ਿਲਾਫ਼ ਹੋ ਰਹੇ ਪ੍ਰਚਾਰ ਦੇ ਦੋਸ਼ਾਂ ’ਚ ਘਿਰੇ ਐਲਨ ਮਸਕ ਨੇ ਇਜ਼ਰਾਈਲ ’ਚ ਕਿਬੁਟਜ਼ ਦਾ ਦੌਰਾ ਕੀਤਾ ਜਿਥੇ ਪਿਛਲੇ ਮਹੀਨੇ ਹਮਾਸ ਅਤਿਵਾਦੀਆਂ ਨੇ ਹਮਲਾ ਕੀਤਾ ਸੀ। ਉਸ ਨਾਲ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੀ ਮੌਜੂਦ ਸਨ। ਨੇਤਨਯਾਹੂ ਦੇ ਦਫ਼ਤਰ ਵੱਲੋਂ ਜਾਰੀ ਕੀਤੇ ਗਏ ਵੀਡੀਓ ਮੁਤਾਬਕ ਮਸਕ ਨੇ ਸੁਰੱਖਿਆ ਜੈਕੇਟ ਪਹਿਨੀ ਹੋਈ ਸੀ ਅਤੇ ਉਸ ਨਾਲ ਸੁਰੱਖਿਆ ਮੁਲਾਜ਼ਮ ਵੀ ਸਨ। ਮੀਂਹ ਦੌਰਾਨ ਉਸ ਨੇ ਆਪਣੇ ਮੋਬਾਈਲ ਰਾਹੀਂ ਤਬਾਹੀ ਦੀਆਂ ਤਸਵੀਰਾਂ ਖਿੱਚੀਆਂ ਅਤੇ ਵੀਡੀਓ ਬਣਾਏ। ਟੈਸਲਾ ਦੇ ਸੀਈਓ ਅਤੇ ਪ੍ਰਧਾਨ ਮੰਤਰੀ ਨੇ ਕੁਝ ਪੀੜਤਾਂ ਦੇ ਘਰਾਂ ਦਾ ਦੌਰਾ ਕੀਤਾ, ਜਿਸ ਵਿੱਚ ਇਜ਼ਰਾਇਲੀ-ਅਮਰੀਕੀ ਨਾਗਰਿਕਤਾ ਵਾਲੀ ਚਾਰ ਵਰ੍ਹਿਆਂ ਦੀ ਲੜਕੀ ਅਬੀਗੈਲ ਈਡਨ ਦਾ ਪਰਿਵਾਰ ਵੀ ਸ਼ਾਮਲ ਸੀ, ਜਿਸ ਨੂੰ ਉਸ ਦੇ ਮਾਪਿਆਂ ਦੇ ਮਾਰੇ ਜਾਣ ਤੋਂ ਬਾਅਦ ਹਮਾਸ ਅਤਿਵਾਦੀਆਂ ਨੇ ਬੰਧਕ ਬਣਾ ਲਿਆ ਸੀ। ਉਸ ਨੂੰ ਗਾਜ਼ਾ ਵਿੱਚ ਜੰਗਬੰਦੀ ਦੌਰਾਨ ਐਤਵਾਰ ਨੂੰ ਰਿਹਾਅ ਕੀਤਾ ਗਿਆ ਹੈ।

ਮਸਕ ਨੇ ਬਾਅਦ ਵਿੱਚ ਨੇਤਨਯਾਹੂ ਨਾਲ ‘ਐਕਸ ਸਪੇਸਿਜ਼’ ’ਤੇ ਗੱਲਬਾਤ ਦੌਰਾਨ ਕਿਹਾ, “ਕਤਲੇਆਮ ਦੇਖ ਕੇ ਲੂ-ਕੰਢੇ ਖੜ੍ਹੇ ਹੋ ਗਏ। ਪ੍ਰਧਾਨ ਮੰਤਰੀ ਵੱਲੋਂ ਦਿਖਾਏ ਗਏ ਵੀਡੀਓਜ਼ ਅਤੇ ਫੋਟੋਆਂ ਤੋਂ ਮੈਂ ਪਰੇਸ਼ਾਨ ਹਾਂ ਜਿਨ੍ਹਾਂ ’ਚ ਬੱਚਿਆਂ ਸਮੇਤ ਆਮ ਲੋਕਾਂ ਦੀਆਂ ਹੱਤਿਆਵਾਂ ਦਿਖਦੀਆਂ ਹਨ।’’ ਉਨ੍ਹਾਂ ਪ੍ਰਦਰਸ਼ਨਾਂ, ਹਮਾਸ, ਮੱਧ ਪੂਰਬ ਅਤੇ ਹੋਰਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਨੇਤਨਯਾਹੂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਸਕ ਬਿਹਤਰ ਭਵਿੱਖ ਬਣਾਉਣ ਵਿੱਚ ਸਹਿਯੋਗ ਕਰੇਗਾ ਜਿਸ ਦਾ ਅਰਬਪਤੀ ਨੇ ਹਾਂ ’ਚ ਜਵਾਬ ਦਿੱਤਾ। ਸਰਕਾਰ ਦੇ ਬੁਲਾਰੇ ਇਲੋਨ ਲੇਵੀ ਨੇ ਇਹ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਮਸਕ ਨੂੰ ਦੌਰੇ ਲਈ ਉਚੇਚੇ ਤੌਰ ’ਤੇ ਸੱਦਾ ਦਿੱਤਾ ਗਿਆ ਸੀ ਜਾਂ ਉਹ ਆਪਣੇ ਆਪ ਆਏ ਸਨ।