ਮਸਕ ਨੇ ਰੋਜ਼ਾਨਾ ਪਡ਼੍ਹੇ ਜਾਣ ਵਾਲੇ ਟਵਿੱਟਾਂ ਦੀ ਗਿਣਤੀ ਤੈਅ ਕੀਤੀ

ਮਸਕ ਨੇ ਰੋਜ਼ਾਨਾ ਪਡ਼੍ਹੇ ਜਾਣ ਵਾਲੇ ਟਵਿੱਟਾਂ ਦੀ ਗਿਣਤੀ ਤੈਅ ਕੀਤੀ

ਸਾਂ ਫਰਾਂਸਿਸਕੋ – ਟਵਿੱਟਰ ਦੇ ਮਾਲਕ ਅੈਲਨ ਮਸਕ ਨੇ ਸਾਈਟ ਦੇ ਕਿਸੇ ਵਰਤੋਂਕਾਰ ਵੱਲੋਂ ਹਰ ਦਿਨ ਪਡ਼੍ਹੇ ਜਾਣ ਵਾਲੇ ਟਵੀਟਾਂ ਦੀ ਗਿਣਤੀ ਸੀਮਤ ਕਰ ਦਿੱਤੀ ਹੈ। ਇਨ੍ਹਾਂ ਪਾਬੰਦੀਆਂ ਬਾਰੇ ਮਸਕ ਨੇ ਕਿਹਾ ਕਿ ਇਹ ਕਦਮ ਸੰਭਾਵੀ ਤੌਰ ’ਤੇ ਕੀਮਤੀ ਡੇਟਾ ਨੂੰ ਸੋਸ਼ਲ ਮੀਡੀਆ ਪਲੈਟਫਾਰਮ ਤੋਂ ਅਣਅਧਿਕਾਰਤ ਢੰਗ ਨਾਲ ਚੁੱਕੇ ਜਾਣ ਨੂੰ ਰੋਕਣ ਦੀ ਇਕ ਕੋਸ਼ਿਸ਼ ਹੈ। ਟਵਿੱਟਰ ਦੀ ਸਾਈਟ ’ਤੇ ਟਵੀਟ ਤੇ ਪ੍ਰੋਫਾਈਲ ਦੇਖਣ ਲਈ ਹੁਣ ਲੌਗ-ਅੌਨ ਜ਼ਰੂਰੀ ਹੋਵੇਗਾ। ਇਸ ਤੋਂ ਪਹਿਲਾਂ ਕੋਈ ਵੀ ਟਵੀਟ ਦੇਖ ਸਕਦਾ ਸੀ। ਨਵੇਂ ਨਿਯਮਾਂ ਦਾ ਅਸਰ ਇਹ ਹੋਵੇਗਾ ਕਿ ਵਰਤੋਂਕਾਰ ਹੁਣ ਦਿਨ ਵਿਚ ਕੁਝ ਸੈਂਕਡ਼ੇ ਟਵੀਟ ਸਕਰੋਲ ਕਰਨ (ਦੇਖਣ) ਤੋਂ ਬਾਅਦ ਸਾਈਟ ਤੋਂ ‘ਲੌਕ’ ਹੋ ਜਾਵੇਗਾ ਤੇ ਹੋਰ ਟਵੀਟ ਨਹੀਂ ਦੇਖ ਸਕੇਗਾ। ਮਸਕ ਨੇ ਪਹਿਲਾਂ ਦੱਸਿਆ ਕਿ ਬਿਨਾਂ ਪੁਸ਼ਟੀ ਵਾਲੇ (ਅਨਵੈਰੀਫਾਈਡ) ਅਕਾਊਂਟ ਦਿਨ ਵਿਚ 600 ਪੋਸਟਾਂ ਦੇਖ ਸਕਣਗੇ, ਜਦਕਿ ਪੁਸ਼ਟੀ ਵਾਲੇ (ਵੈਰੀਫਾਈਡ) ਖਾਤੇ 6000 ਤੱਕ ਪੋਸਟਾਂ ਦੇਖ ਸਕਣਗੇ। ਹਾਲਾਂਕਿ ਵਿਰੋਧ ਹੋਣ ’ਤੇ ਮਗਰੋਂ ਮਸਕ ਨੇ ਇਹ ਗਿਣਤੀ 1000 (ਅਨਵੈਰੀਫਾਈਡ) ਤੇ 10,000 (ਵੈਰੀਫਾਈਡ) ਕਰ ਦਿੱਤੀ। ਵੈਰੀਫਾਈਡ ਖਾਤਿਆਂ ਲਈ ਦਿੱਤੀ ਗਈ ਜ਼ਿਆਦਾ ਟਵੀਟ ਦੇਖਣ ਦੀ ਸੀਮਾ ਮਸਕ ਵੱਲੋਂ ਇਸੇ ਸਾਲ ਸ਼ੁਰੂ ਕੀਤੀ ਗਈ 8 ਡਾਲਰ ਪ੍ਰਤੀ ਮਹੀਨਾ ਸਬਸਕ੍ਰਿਪਸ਼ਨ ਸਕੀਮ ਦਾ ਹੀ ਹਿੱਸਾ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਹਜ਼ਾਰਾਂ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਸਾਈਟ ਨਹੀਂ ਚੱਲ ਰਹੀ ਹੈ। ਇਕ ਟਵੀਟ ਵਿਚ ਮਸਕ ਨੇ ਦੱਸਿਆ ਕਿ ਨਵੀਆਂ ਪਾਬੰਦੀਆਂ ਆਰਜ਼ੀ ਤੌਰ ’ਤੇ ਲਾਈਆਂ ਗਈਆਂ ਹਨ।