ਮਨੁੱਖੀ ਜੀਵਨ ਨੂੰ ਸਕਾਰਾਤਮਕ ਸੰਵਾਦ ਨਾਲ ਜੋੜਦਾ ਹੈ ਮੀਡੀਆ: ਪੰਨੂ

ਮਨੁੱਖੀ ਜੀਵਨ ਨੂੰ ਸਕਾਰਾਤਮਕ ਸੰਵਾਦ ਨਾਲ ਜੋੜਦਾ ਹੈ ਮੀਡੀਆ: ਪੰਨੂ

ਪਟਿਆਲਾ- ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ‘ਰੋਲ ਆਫ ਮੀਡੀਆ ਇਨ ਡਿਜੀਟਲ ਏਰਾ’ ਵਿਸ਼ੇ ’ਤੇ ਸੈਮੀਨਾਰ ਵੀਸੀ ਡਾ. ਕਰਮਜੀਤ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ। ਡਾ. ਕਰਮਜੀਤ ਸਿੰਘ ਨੇ ਜ਼ਫ਼ਰਨਾਮੇ ਦੇ ਹਵਾਲੇ ਨਾਲ ਕਿਹਾ,‘ਜ਼ਫ਼ਰਨਾਮੇ ਦੀ ਤਾਕਤ ਰਾਹੀਂ ਅਸੀਂ ਕਲਮ ਦੀ ਤਾਕਤ ਦੇਖ ਸਕਦੇ ਹਾਂ। ਮੀਡੀਆ ਇੱਕ ਕ੍ਰਾਂਤੀ ਹੈ, ਜਿਸ ਨਾਲ ਤੁਸੀਂ ਲੋਕਾਂ ਦੇ ਦਿਲਾਂ ਤੇ ਰਾਜ ਕਰ ਸਕਦੇ ਹੋ।’

ਸੈਮੀਨਾਰ ਵਿੱਚ ਮੁੱਖ ਮਹਿਮਾਨ ਵਜੋਂ ਡਾਇਰੈਕਟਰ (ਮੀਡੀਆ ਰਿਲੇਸ਼ਨ) ਬਲਤੇਜ ਪੰਨੂ ਪੁੱਜੇ ਜਿਨ੍ਹਾਂ ਕਿਹਾ ਕਿ ਮੀਡੀਆ ਅਜਿਹਾ ਸੰਚਾਰ ਸਾਧਨ ਹੈ, ਜੋ ਮਨੁੱਖੀ ਜੀਵਨ ਨੂੰ ਸਕਾਰਾਤਮਕ ਸੰਵਾਦ ਨਾਲ ਜੋੜਦਾ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਇਸ ਡਿਜੀਟਲ ਯੁੱਗ ਵਿੱਚ ਸੋਸ਼ਲ ਮੀਡੀਆ ਰਾਹੀਂ ਸਕਾਰਾਤਮਕ ਭੂਮਿਕਾ ਨਿਭਾ ਸਕਦੀਆਂ ਹਨ। ਰੇਣੂਕਾ ਬੀ ਸਲਵਾਨ, ਡਾਇਰੈਕਟਰ, ਲੋਕ ਸੰਪਰਕ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਕਿਹਾ,‘ਅਸੀਂ ਮੀਡੀਆ ਦੇ ਹਾਈਵੇਅ ਉੱਪਰ ਨਿੱਤ ਚੱਲਦੇ ਹਾਂ, ਇਸ ਸਮੇਂ ਲੋੜ ਹੈ ਕਿ ਵਿਦਿਆਰਥੀਆਂ ਨੂੰ ਮੀਡੀਆ ਹਾਈਵੇਅ ਨਾਲ ਜੋੜਿਆ ਜਾਵੇ।’ ਡਾ. ਨਵਲੀਨ ਮੁਲਤਾਨੀ, ਡਾਇਰੈਕਟਰ, ਲੋਕ ਸੰਪਰਕ ਸੈੱਲ ਨੇ ਕਿਹਾ ਕਿ ਡਿਜੀਟਲ ਯੁੱਗ ਵਿੱਚ ਉਪਭੋਗਤਾਵਾਂ ਨੂੰ ਮੀਡੀਆ ਦਾ ਸਾਵਧਾਨੀ ਨਾਲ ਉਪਯੋਗ ਕਰਨਾ ਚਾਹੀਦਾ ਹੈ। ਡਾ. ਕਰਨ ਸੁਖੀਜਾ ਨੇ ਮੀਡੀਆ ਸੈਂਟਰ ਦੇ ਕਾਰਜ ਬਾਰੇ ਜਾਣਕਾਰੀ ਦਿੱਤੀ। ਡਾ. ਗੁਰਦੀਪ ਸਿੰਘ ਬੱਤਰਾ, ਡੀਨ ਅਕਾਦਮਿਕ ਮਾਮਲੇ ਨੇ ਸਾਰਿਆ ਦਾ ਧੰਨਵਾਦ ਕੀਤਾ। ਸਮੁੱਚੇ ਸੈਮੀਨਾਰ ਦਾ ਸਟੇਜ ਸੰਚਾਲਨ ਸੁਖਦੇਵ ਸਿੰਘ ਨੇ ਕੀਤਾ। ਇਸ ਮੌਕੇ ਤੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵਿਚ ਸਥਾਪਿਤ ਮੀਡੀਆ ਸੈਂਟਰ ਸੰਵਾਦ ਦਾ ਉਦਘਾਟਨ ਵੀ ਕੀਤਾ ਗਿਆ।