ਮਨੁੱਖਤਾ ਦਾ ਰਾਹ ਰੁਸ਼ਨਾਉਂਦੀ ਹੈ ਗੁਰਬਾਣੀ

ਮਨੁੱਖਤਾ ਦਾ ਰਾਹ ਰੁਸ਼ਨਾਉਂਦੀ ਹੈ ਗੁਰਬਾਣੀ

-ਡਾ. ਸਤਿੰਦਰ ਪਾਲ ਸਿੰਘ
ਗਿਆਨ ਕਿਸੇ ਰੋਸ਼ਨੀ ਦੀ ਤਰ੍ਹਾਂ ਹੈ, ਜੋ ਜੀਵਨ ਨੂੰ ਪਾਰਦਰਸ਼ੀ ਢੰਗ ਨਾਲ ਵੇਖਣ ਦੀ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ। ਮਨੁੱਖ ਸਾਹਮਣੇ ਝੂਠ ਤੇ ਸੱਚ ਵੱਖ-ਵੱਖ ਪ੍ਰਗਟ ਹੁੰਦੇ ਹਨ। ਮਨੁੱਖ ਲਈ ਫ਼ੈਸਲਾ ਕਰਨਾ ਸਰਲ ਹੋ ਜਾਂਦਾ ਹੈ ਕਿ ਉਸ ਨੇ ਕੀ ਧਾਰਨ ਕਰਨਾ ਹੈ ਤੇ ਉਸ ਦਾ ਕੀ ਫਲ ਪ੍ਰਾਪਤ ਹੋਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਿਵੇਕਲਾ ਹੈ। ਗੁਰਬਾਣੀ ਸੱਚ ਵੇਖਣ ਦੀ ਦ੍ਰਿਸ਼ਟੀ ਹੀ ਨਹੀ ਬਖ਼ਸ਼ਦੀ ਸਗੋਂ ਸੱਚਾ ਮਾਰਗ ਧਾਰਨ ਕਰਨ ਦੀ ਪ੍ਰੇਰਨਾ ਵੀ ਦਿੰਦੀ ਹੈ। ਗੁਰਬਾਣੀ ਸਾਰਾ ਜੀਵਨ ਨਾਲ-ਨਾਲ ਵੀ ਚੱਲਦੀ ਹੈ ਤੇ ਹਰ ਮੁਸ਼ਕਲ ’ਚ ਸਹਾਇਕ ਬਣ ਕੇ ਖੜ੍ਹੀ ਹੁੰਦੀ ਹੈ। ਮਨੁੱਖ ਨੂੰ ਸੱਚ ਦੇ ਮਾਰਗ ਤੋਂ ਇਕ ਖਿਣ ਲਈ ਵੀ ਇਹ ਡੋਲਣ ਨਹੀਂ ਦਿੰਦੀ। ਗੁਰਬਾਣੀ ਅਨੰਦ ਦੀ ਅਵਸਥਾ ’ਚ ਲਿਜਾਣ ਵਾਲੀ ਹੈ, ਜੋ ਆਵਾਗਮਨ ਤੋਂ ਮੁਕਤ ਹੋਣ ਤੋਂ ਬਾਅਦ ਦਾ ਅੰਤਮ ਫਲ ਹੈ। ਅਨੰਦ ਦੇ ਅੱਗੇ ਕੁਝ ਨਹੀਂ ਹੈ :
ਗੁਰ ਪੂਰੇ ਕੀ ਬਾਣੀ ਜਪਿ
ਅਨਦੁ ਕਰਹੁ ਨਿਤ ਪ੍ਰਾਣੀ
ਗੁਰਬਾਣੀ ਜੀਵਨ ਦੇ ਹਰ ਸਵਾਲ ਦਾ ਪੂਰਨ ਹੱਲ ਦੇਣ ਵਾਲੀ ਹੈ। ਮੁਕੰਮਲ ਹੱਲ ਪ੍ਰਾਪਤ ਹੋ ਜਾਵੇ ਤਾਂ ਅਨੰਦ ਦੀ ਸਦੀਵੀ ਅਵਸਥਾ ਬਣ ਜਾਂਦੀ ਹੈ। ਗੁਰਬਾਣੀ ਦਾ ਗਿਆਨ ਪੂਰਨ ਵਿਗਿਆਨਕ ਢੰਗ ਨਾਲ ਮਨੁੱਖੀ ਜੀਵਨ ਦੀ ਰਾਹ ਖੋਲ੍ਹਦਾ ਹੈ। ਆਧੁਨਿਕ ਇਲਾਜ ਪ੍ਰਣਾਲੀ ਕਿਸੇ ਰੋਗ ਦੇ ਇਲਾਜ ਤੋਂ ਪਹਿਲਾਂ ਪੂਰੀ ਜਾਂਚ ਨੂੰ ਤਰਜੀਹ ਦਿੰਦੀ ਹੈ। ਜਾਂਚ ਮੁਤਾਬਕ ਹੀ ਦਵਾ ਦਿੱਤੀ ਜਾਂਦੀ ਹੈ। ਗੁਰੂ ਸਾਹਿਬਾਨ ਨੇ ਪੂਰੀ ਲੋਕਾਈ ਨੂੰ ਆਪਣਾ ਮੂਲ ਪਛਾਣਨ ਲਈ ਪ੍ਰੇਰਿਆ। ਜੀਵਨ ਮਨੁੱਖ ਦਾ ਹੈ। ਮਨੁੱਖ ਨੂੰ ਜੀਵਨ ਦੇ ਹਰ ਪੱਖ ਬਾਰੇ ਜਾਣਨ ਦਾ ਪੂਰਾ ਹੱਕ ਹੈ। ਗੁਰਬਾਣੀ ਨੇ ਮਨੁੱਖ ਨੂੰ ਆਪਣਾ ਹੱਲ ਆਪ ਕਰਨ ਯੋਗ ਬਣਾਉਣ ਦਾ ਜੋ ਸੰਕਲਪ ਧਾਰਨ ਕੀਤਾ, ਉਸ ਲਈ ਆਤਮ ਗਿਆਨ ਪਹਿਲੀ ਪੌੜੀ ਬਣੀ। ਮਨੁੱਖ ਅੱਗੇ ਸਭ ਤੋਂ ਵੱਡਾ ਸਵਾਲ ਸੀ ਕਿ ਉਹ ਕਿੱਥੋਂ ਆਇਆ ਹੈ ਤੇ ਸੰਸਾਰ ਅੰਦਰ ਜੀਵਨ ਭੋਗ ਕੇ ਕਿੱਥੇ ਚਲਾ ਜਾਂਦਾ ਹੈ, ਉਸ ਦੇ ਜੀਵਨ ਦਾ ਮਨੋਰਥ ਕੀ ਹੈ ਤੇ ਇਹ ਕਿਵੇਂ ਪ੍ਰਾਪਤ ਹੋ ਸਕਦਾ ਹੈ? ਗੁਰਬਾਣੀ ਨੇ ਜੀਵਨ ਦਾ ਇਹ ਰਹੱਸ ਉਜਾਗਰ ਕੀਤਾ, ਜੋ ਆਪਣੇ ਆਪ ਦੀ ਪਛਾਣ ’ਚ ਸਹਾਈ ਹੋਇਆ :
ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ
ਇਨ੍ਹਾਂ ਦੋ ਪੰਕਤੀਆਂ ’ਚ ਜੀਵਨ ਦੀ ਹਰ ਗੁੱਥੀ ਸੁਲਝਦੀ ਨਜ਼ਰ ਆਉਂਦੀ ਹੈ। ਜੰਮਣ-ਮਰਨ ਪਰਮਾਤਮਾ ਦੀ ਸਹਿਜ ਖੇਡ ਹੈ। ਉਹ ਜੀਵਨ ਦੇ ਰਿਹਾ ਹੈ। ਜਦੋਂ ਉਹ ਸੱਦਦਾ ਹੈ ਤਾਂ ਮਨੁੱਖ ਨੂੰ ਸੰਸਾਰ ਤੋਂ ਕੂਚ ਕਰਨਾ ਪੈਂਦਾ ਹੈ। ਮਨੁੱਖ ਦਾ ਪੂਰਾ ਜੀਵਨ ਮਨੁੱਖ ਦੇ ਹੁਕਮ ਅੰਦਰ ਬਤੀਤ ਹੁੰਦਾ ਹੈ ਭਾਵ ਇਹ ਕਿ ਮਨੁੱਖ ਦਾ ਆਪਣਾ ਕੁਝ ਨਹੀਂ ਹੈ, ਉਸ ਦੇ ਹੱਥ ਕੁਝ ਨਹੀਂ ਹੈ। ਜੋ ਪਰਮਾਤਮਾ ਨੂੰ ਭਾਉਂਦਾ ਹੈ, ਉਹੀ ਜੀਵਨ ਅੰਦਰ ਵਰਤਦਾ ਹੈ। ਮਨੁੱਖ ਨੂੰ ਇਹ ਗਿਆਨ ਹੋ ਜਾਵੇ ਤਾਂ ਉਸ ਦੇ ਅੰਦਰ ਦਾ ਲੋਭ , ਮੋਹ, ਹੰਕਾਰ, ਕ੍ਰੋਧ ਤੇ ਕਾਮ ਆਪ ਹੀ ਨਾਸ਼ ਹੋ ਜਾਵੇਗਾ। ਜਿਸ ਅੰਦਰ ਇਹ ਵਿਕਾਰ ਪੱਲਰ ਰਹੇ ਹਨ, ਉਸ ਨੂੰ ਆਤਮ ਗਿਆਨ ਨਹੀਂ ਹੈ ਤੇ ਉਹ ਭਰਮਾਂ ’ਚ ਭਟਕ ਰਿਹਾ ਹੈ। ਗੁਰਬਾਣੀ ਵਾਰ- ਵਾਰ ਇਹ ਸੁਚੇਤ ਕਰਦੀ ਹੈ ਕਿ ਸੰਸਾਰ ਦੀ ਸਾਰੀ ਰਚਨਾ ਪਰਮਾਤਮਾ ਦੀ ਸਿਰਜੀ ਹੋਈ ਹੈ ਤੇ ਉਸ ਦਾ ਹੀ ਹੁਕਮ ਚੱਲ ਰਿਹਾ ਹੈ। ਕਿਸੇ ਹੋਰ ਦਾ ਹੁਕਮ ਜਾਂ ਇੱਛਾ ਨਹੀਂ ਵਰਤ ਸਕਦੀ। ਉਸ ਪਰਮਾਤਮਾ ਨੂੰ ਜਾਣਨਾ, ਉਸ ਦੀ ਕਿਰਪਾ ਪ੍ਰਾਪਤ ਕਰਨਾ ਮਨੁੱਖ ਦੇ ਜੀਵਨ ਦਾ ਮਨੋਰਥ ਹੈ, ਜੋ ਉਸ ਦੀ ਭਗਤੀ ਨਾਲ ਹੀ ਸੰਭਵ ਹੈ। ਇਸ ਲਈ ਪੂਰਨ ਸਮਰਪਣ ਦੀ ਲੋੜ ਹੈ। ਗੁਰੂ ਸਾਹਿਬਾਨ ਨੇ ਇਹ ਬੋਧ ਵੀ ਕਰਵਾਇਆ ਕਿ ਜੀਵਨ ਦੀ ਸਫਲਤਾ ਕੀ ਹੈ। ਗੁਰਬਾਣੀ ਮੁਤਾਬਕ ਮਨ ਪਰਮਾਤਮਾ ’ਚ ਥਿਰ ਹੋ ਜਾਵੇ ਭਾਵ ਟਿਕ ਜਾਵੇ ਤੇ ਸਾਰੀ ਭਟਕਣ, ਦੁਬਿਧਾ ਮਿਟ ਜਾਵੇ। ਮਨ ਟਿਕਣ ਤੋਂ ਅਗਲੀ ਅਵਸਥਾ ਗੁਰਬਾਣੀ ਨੇ ਪਰਮਾਤਮਾ ’ਚ ਅਭੇਦ ਹੋ ਜਾਣ ਤੇ ਆਵਾਗਮਨ ਤੋਂ ਮੁਕਤ ਹੋ ਜਾਣ ਦੀ ਦੱਸੀ, ਜਿਸ ਲਈ ਮਨੁੱਖੀ ਜੀਵਨ ਦੁਰਲੱਭ ਮੌਕੇ ਦੀ ਤਰ੍ਹਾਂ ਮਿਲਿਆ ਹੈ।
ਮਨੁੱਖ ਸਭ ਤੋਂ ਜ਼ਿਆਦਾ ਪਿਆਰ ਆਪਣੇ ਆਪ , ਆਪਣੇ ਜੀਵਨ, ਆਪਨੇ ਤਨ ਨਾਲ ਕਰਦਾ ਹੈ, ਗੁਰਬਾਣੀ ਦੇ ਗਿਆਨ ਨੇ ਉਸ ਦਾ ਆਪਣੇ ਆਪ ਦਾ ਭਰਮ ਤੋੜਦਿਆਂ ਉਸ ਨੂੰ ਪਰਮਾਤਮਾ ਦਾ ਸਿਰਜਿਆ, ਭੇਜਿਆ ਤੇ ਪਰਮਾਤਮਾ ਦੇ ਹੁਕਮ ਅੰਦਰ ਪੂਰਨ ਤੌਰ ’ਤੇ ਬੰਨਿ੍ਹਆ ਬੰਦਾ ਹੋਣ ਦਾ ਬੋਧ ਕਰਵਾਇਆ। ਆਪਣੇ ਜੀਵਨ ਲਈ ਚਿੰਤਾ ਕਰਦਿਆਂ ਮਨੁੱਖ ਦਾ ਸਾਰਾ ਜੀਵਨ ਗੁਜ਼ਰ ਜਾਂਦਾ ਹੈ। ਗੁਰਬਾਣੀ ਨੇ ਸਪੱਸ਼ਟ ਕੀਤਾ ਕਿ ਮਨੁੱਖ ਦਾ ਜੀਵਨ ਉਸ ਦੀ ਚਿੰਤਾ ’ਤੇ ਨਹੀਂ ਪਰਮਾਤਮਾ ਦੇ ਹੁਕਮ ’ਤੇ ਟਿਕਿਆ ਹੋਇਆ ਹੈ। ਪਰਮਾਤਮਾ ਕਦੋਂ ਤੇ ਕਿਵੇਂ ਸੱਦ ਲਵੇ, ਇਹ ਬਸ ਉਹੀ ਜਾਣਦਾ ਹੈ। ਮਨੁੱਖ ਆਪਣੇ ਆਪ ਨੂੰ ਬਸ ਉਸ ਪਲ ਦਾ ਹੀ ਮਹਿਮਾਨ ਸਮਝੇ, ਜਿਸ ਪਲ ’ਚ ਉਹ ਸਾਹ ਲੈ ਰਿਹਾ ਹੈ :
ਹਮ ਆਦਮੀ ਹਾਂ ਇਕ ਦਮੀ
ਮੁਹਲਤਿ ਮੁਹਤੁ ਨ ਜਾਣਾ
ਗੁਰਬਾਣੀ ਨੇ ਵਾਰ-ਵਾਰ ਸਪੱਸ਼ਟ ਕੀਤਾ ਕਿ ਜੋ ਵੀ ਸਿਰਜਿਆ ਗਿਆ ਹੈ, ਉਸ ਦਾ ਨਾਸ਼ ਜ਼ਰੂਰ ਹੋਣਾ ਹੈ ਤੇ ਅਵਿਨਾਸ਼ੀ ਕੇਵਲ ਪਰਮਾਤਮਾ ਹੈ। ਮਨੁੱਖ ਪੱਕੀ ਤਰ੍ਹਾਂ ਦ੍ਰਿੜ੍ਹ ਕਰ ਲਵੇ ਕਿ ਉਸ ਦੀ ਜ਼ਿੰਦਗੀ ਬਸ ਇਕ ਦਮ ਦੀ ਹੈ ਤੇ ਅਗਲੇ ਦਮ ਦਾ ਕੋਈ ਯਕੀਨ ਨਹੀਂ ਹੈ ਕਿਉਂਕਿ ਜੀਵਨ ਦੀ ਉਮਰ ਕਿੰਨੀ ਹੈ, ਕਦੋਂ ਪਰਮਾਤਮਾ ਦਾ ਸੱਦਾ ਆ ਜਾਵੇ ਇਹ ਕੋਈ ਨਹੀ ਜਾਣਦਾ। ਮਨੁੱਖ ਲੰਮੇ ਜੀਵਨ ਦੀ ਆਸ ਕਰਦਾ ਹੋਇਆ ਧਨ, ਜਾਇਦਾਦ, ਸੰਸਾਰਕ ਪਦਾਰਥ ਇਕੱਤਰ ਕਰਦਾ ਰਹਿੰਦਾ ਹੈ। ਇਸ ਲਈ ਉਹ ਦਿਨ- ਰਾਤ ਨੱਸਦਾ-ਭੱਜਦਾ ਰਹਿੰਦਾ ਹੈ ਤੇ ਪਾਪ ਕਰਦਿਆਂ ਕੋਈ ਸੰਕੋਚ ਨਹੀਂ ਕਰਦਾ। ਗੁਰਬਾਣੀ ਅਨੁਸਾਰ ਮਨੁੱਖ ਤਾਂ ਆਪਣੇ ਸਾਹਮਣੇ ਹੀ ਲੋਕਾਂ ਨੂੰ ਕਾਲ ਦਾ ਗ੍ਰਾਸ ਬਣਦਾ ਵੇਖ ਰਿਹਾ ਹੈ ਪਰ ਆਪਣੀ ਮੌਤ ਨੂੰ ਵਿਸਾਰੀ ਬੈਠਾ ਹੈ। ਆਪਣੇ ਬਾਰੇ ਇਸ ਤੋਂ ਵੱਡੀ ਅਗਿਆਨਤਾ ਤੇ ਭਰਮ ਹੋਰ ਕੀ ਹੋ ਸਕਦਾ ਹੈ? ਮਨੁੱਖ ਆਪਣੇ ਜੀਵਨ ਦੇ ਸੱਚ ਨੂੰ ਸਮਝ ਲਵੇ ਤਾਂ ਪਾਪ ਕਰਨ ਤੋਂ ਬਚ ਜਾਵੇਗਾ।
ਸੰਸਾਰ ਦੇ ਰਸ, ਰੰਗ ’ਚ ਗੁਆਚਣ ਤੋਂ ਗੁਰਬਾਣੀ ਸੁਚੇਤ ਕਰਦੀ ਹੈ। ਮਨੁੱਖ ਆਪਣਾ ਸਮਾਂ ਪਰਮਾਤਮਾ ਦੇ ਸਿਮਰਨ ਤੇ ਸ਼ੁਭ ਕਰਮਾਂ ’ਚ ਲਾ ਕੇ ਜੀਵਨ ਸਫਲ ਕਰੇ, ਇਸ ਤੋਂ ਪਹਿਲਾਂ ਇਹ ਪ੍ਰਬੋਧ ਹੋਣਾ ਜ਼ਰੂਰੀ ਹੈ ਕਿ ਮਨੁੱਖ ਕੋਲ ਸਮਾਂ ਨਹੀ ਹੈ। ਗੁਰਬਾਣੀ ਜਿੱਥੇ ਜੀਵਨ ਇਕ ਦਮ ਦਾ ਦੱਸਦੀ ਹੈ, ਉੱਥੇ ਇਹ ਭਰੋਸਾ ਵੀ ਦਿਵਾਉਂਦੀ ਹੈ ਕਿ ਇਕ ਪਲ ਦਾ ਵੀ ਸਿਮਰਨ ਜੇ ਪਰਮਾਤਮਾ ਦੀ ਦ੍ਰਿਸ਼ਟੀ ’ਚ ਪ੍ਰਵਾਨ ਹੋ ਜਾਏ ਤਾਂ ਜਨਮਾਂ-ਜਨਮਾਂ ਦੇ ਪਾਪ ਬਖ਼ਸ਼ ਦਿੰਦਾ ਹੈ ਤੇ ਆਪਣੀ ਸ਼ਰਨ ’ਚ ਲੈ ਲੈਂਦਾ ਹੈ।
ਗੁਰਬਾਣੀ ਮਨੁੱਖ ਦੇ ਤਨ ਤੇ ਤਨ ਅੰਦਰ ਦੀ ਜੀਵਆਤਮਾ ਨੂੰ ਵੱਖ-ਵੱਖ ਕਰ ਕੇ ਵੇਖਣ ਦੀ ਦ੍ਰਿਸ਼ਟੀ ਦਿੰਦੀ ਹੈ, ਜੋ ਆਤਮ ਪਛਾਣ ਦਾ ਧੁਰਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਾਂ ਤਨ ਤੇ ਜੀਵਆਤਮਾ ਦੇ ਆਪਸੀ ਸੰਵਾਦ ਰਾਹੀਂ ਉਨ੍ਹਾਂ ਦਾ ਸਬੰਧ ਸਮਝਾਉਣ ਦੀ ਕਿਰਪਾ ਕੀਤੀ ਹੈ। ਗੁਰੂ ਸਾਹਿਬ ਨੇ ਜੀਵਆਤਮਾ ਨੂੰ ਥਾਂ-ਥਾਂ ਵਿਚਰਦੇ ਜੋਗੀ ਦੀ ਉਪਮਾ ਦਿੱਤੀ ਹੈ ਤੇ ਤਨ ਨੂੰ ਉਸ ਦੇ ਪ੍ਰੇਮ ’ਚ ਪਈ ਇਸਤਰੀ ਕਿਹਾ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਜਿਸ ਦੇ ਪ੍ਰੇਮ ’ਚ ਉਹ ਅੰਨ੍ਹੀ ਹੋ ਰਹੀ ਹੈ, ਉਸ ਦਾ ਤਾਂ ਸੁਭਾਅ ਹੀ ਚੰਚਲ ਹੈ। ਕੀ ਪਤਾ ਕਿ ਕਦੋਂ ਉਹ ਇੱਥੋਂ ਤੁਰ ਪਵੇ ਤੇ ਕਿਸੇ ਹੋਰ ਘਰ ਨੂੰ ਆਪਣਾ ਟਿਕਾਣਾ ਬਣਾ ਲਵੇ ਭਾਵ ਤਨ ਦਾ ਸੰਜਮ ਹੀ ਪਾਪਾਂ ਤੋਂ ਬਚਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਥਾਪੇ ਸਦੀਵੀ ਤੇ ਸਦ ਜੀਵਤ ਗੁਰੂ ਹਨ, ਜੋ ਇਕ-ਇਕ ਪਲ ਸਾਡੇ ਰਾਹ ਦਸੇਰਾ ਹਨ।