ਮਨੀਪੁਰ: ਹਿੰਸਕ ਭੀੜ ਵੱਲੋਂ ਭਾਜਪਾ ਆਗੂਆਂ ਦੇ ਘਰ ਸਾੜਨ ਦੀ ਕੋਸ਼ਿਸ਼

ਮਨੀਪੁਰ: ਹਿੰਸਕ ਭੀੜ ਵੱਲੋਂ ਭਾਜਪਾ ਆਗੂਆਂ ਦੇ ਘਰ ਸਾੜਨ ਦੀ ਕੋਸ਼ਿਸ਼

ਇੰਫਾਲ ’ਚ ਸੁਰੱਖਿਆ ਬਲਾਂ ਤੇ ਹਜੂਮ ਵਿਚਾਲੇ ਟਕਰਾਅ ’ਚ ਦੋ ਜ਼ਖ਼ਮੀ
ਇੰਫਾਲ- ਮਨੀਪੁਰ ਦੇ ਇੰਫਾਲ ਵਿਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਦੀ ਦਰਮਿਆਨੀ ਰਾਤ ਭਾਜਪਾ ਆਗੂਆਂ ਦੇ ਘਰਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੁਰੱਖਿਆ ਬਲਾਂ ਨਾਲ ਭੀੜ ਦੇ ਹੋਏ ਹਿੰਸਕ ਟਕਰਾਅ ਵਿਚ ਦੋ ਨਾਗਰਿਕ ਜ਼ਖ਼ਮੀ ਵੀ ਹੋਏ ਹਨ। ਵੱਖ-ਵੱਖ ਘਟਨਾਵਾਂ ’ਚ ਬਿਸ਼ਣੂਪੁਰ ਜ਼ਿਲ੍ਹੇ ਦੇ ਕਵਾਕਤਾ ਵਿਚ ਆਟੋਮੈਟਿਕ ਰਾਈਫਲ ਨਾਲ ਗੋਲੀਬਾਰੀ ਕੀਤੀ ਗਈ ਹੈ। ਚੂਰਾਚਾਂਦਪੁਰ ਜ਼ਿਲ੍ਹੇ ਦੇ ਕੰਗਵਈ ਵਿਚ ਵੀ ਪੂਰੀ ਰਾਤ ਫਾਇਰਿੰਗ ਹੋਈ ਹੈ। ਇੰਫਾਲ ਵੈਸਟ ਪੁਲੀਸ ਥਾਣੇ ਦੇ ਇਰਿੰਗਬਾਮ ਤੋਂ ਹਥਿਆਰ ਲੁੱਟਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਹਾਲਾਂਕਿ ਕੋਈ ਹਥਿਆਰ ਚੋਰੀ ਨਹੀਂ ਹੋਇਆ। ਇਸੇ ਦੌਰਾਨ ਫ਼ੌਜ, ਅਸਾਮ ਰਾਈਫਲਜ਼ ਤੇ ਮਨੀਪੁਰ ਰੈਪਿਡ ਐਕਸ਼ਨ ਫੋਰਸ ਨੇ ਦੰਗਾਕਾਰੀਆਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਰਾਜਧਾਨੀ ਇੰਫਾਲ ਵਿਚ ਅੱਧੀ ਰਾਤ ਤੱਕ ਮਾਰਚ ਵੀ ਕੀਤਾ। ਰਿਪੋਰਟਾਂ ਮੁਤਾਬਕ ਕਰੀਬ 1000 ਵਿਅਕਤੀਆਂ ਦੀ ਭੀੜ ਨੇ ਇਸ ਦੌਰਾਨ ਇਮਾਰਤਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ। ਰੈਪਿਡ ਐਕਸ਼ਨ ਫੋਰਸ ਨੂੰ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਤੇ ਰਬੜ ਦੀਆਂ ਗੋਲੀਆਂ ਦੀ ਵਰਤੋਂ ਕਰਨੀ ਪਈ। ਇਕ ਹੋਰ ਭੀੜ ਨੇ ਵਿਧਾਇਕ ਬਿਸਵਜੀਤ ਦੇ ਘਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਪਰ ਬਲਾਂ ਨੇ ਇਸ ਨੂੰ ਖਿੰਡਾ ਦਿੱਤਾ। ਇਸ ਤੋਂ ਇਲਾਵਾ ਇਕ ਹੋਰ ਭੀੜ ਨੇ ਅੱਧੀ ਰਾਤ ਤੋਂ ਬਾਅਦ ਭਾਜਪਾ ਦੇ ਦਫ਼ਤਰ ਨੂੰ ਘੇਰ ਲਿਆ ਪਰ ਫੌਜ ਨੇ ਉਨ੍ਹਾਂ ਨੂੰ ਖਿੰਡਾ ਦਿੱਤਾ। ਇਸੇ ਤਰ੍ਹਾਂ ਲੋਕਾਂ ਦੇ ਇਕ ਹੋਰ ਗਰੁੱਪ ਨੇ ਭਾਜਪਾ (ਮਹਿਲਾ ਵਿੰਗ) ਦੀ ਪ੍ਰਧਾਨ ਸ਼ਾਰਦਾ ਦੇਵੀ ਦੇ ਘਰ ਦੀ ਭੰਨ੍ਹ-ਤੋੜ ਦੀ ਕੋਸ਼ਿਸ਼ ਕੀਤੀ। ਇਹ ਘਟਨਾ ਅੱਧੀ ਰਾਤ ਨੂੰ ਇੰਫਾਲ ਦੇ ਪੋਰਮਪੇਟ ਕੋਲ ਵਾਪਰੀ। ਪਰ ਸੁਰੱਖਿਆ ਬਲਾਂ ਨੇ ਨੌਜਵਾਨਾਂ ਨੂੰ ਖਿੰਡਾ ਦਿੱਤਾ। ਅਧਿਕਾਰੀਆਂ ਮੁਤਾਬਕ ਇਸ ਤੋਂ ਪਹਿਲਾਂ ਦਿਨ ਵਿਚ ਵੀ ਕਈ ਭੀੜਾਂ ਨੇ ਇੰਫਾਲ ਕਸਬੇ ਵਿਚ ਸੜਕਾਂ ਜਾਮ ਕਰ ਦਿੱਤੀਆਂ ਤੇ ਜਾਇਦਾਦਾਂ ਨੂੰ ਅੱਗ ਲਾ ਦਿਤੀ। ਜ਼ਿਕਰਯੋਗ ਹੈ ਕਿ ਵੀਰਵਾਰ ਰਾਤ ਕੇਂਦਰੀ ਮੰਤਰੀ ਆਰਕੇ ਰੰਜਨ ਸਿੰਘ ਦੇ ਘਰ ਉਤੇ ਵੀ ਹਮਲਾ ਕੀਤਾ ਗਿਆ ਸੀ ਤੇ ਇਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ ਸੁਰੱਖਿਆ ਕਰਮੀਆਂ ਤੇ ਫਾਇਰ ਬ੍ਰਿਗੇਡ ਨੇ ਕੇਂਦਰੀ ਮੰਤਰੀ ਦੇ ਘਰ ਨੂੰ ਸੁਆਹ ਹੋਣ ਤੋਂ ਬਚਾ ਲਿਆ। ਸ਼ੁੱਕਰਵਾਰ ਸ਼ਾਮ ਵੀ ਇਕ ਭੀੜ ਦਾ ਰੈਪਿਡ ਐਕਸ਼ਨ ਫੋਰਸ ਨਾਲ ਟਕਰਾਅ ਹੋਇਆ। ਹਿੰਸਕ ਗਰੁੱਪ ਨੇ ਟਾਇਰਾਂ ਤੇ ਲੱਕੜਾਂ ਨੂੰ ਅੱਗ ਲਾ ਕੇ ਸੜਕਾਂ ਦੇ ਵਿਚਾਲੇ ਰੱਖ ਦਿੱਤਾ। ਇਸ ਨਾਲ ਮਨੀਪੁਰ ਦੀ ਰਾਜਧਾਨੀ ਵਿਚ ਕਈ ਥਾਈਂ ਆਵਾਜਾਈ ਪ੍ਰਭਾਵਿਤ ਹੋਈ। ਜ਼ਿਕਰਯੋਗ ਹੈ ਕਿ ਮਨੀਪੁਰ ਵਿਚ ਮੈਤੇਈ ਤੇ ਕੁਕੀ ਭਾਈਚਾਰਿਆਂ ਵਿਚਾਲੇ ਹੋਈ ਨਸਲੀ ਹਿੰਸਾ ਵਿਚ ਹੁਣ ਤੱਕ 100 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਰੀਬ ਮਹੀਨੇ ਤੋਂ ਹਿੰਸਾ ਬੇਰੋਕ ਜਾਰੀ ਹੈ। ਰਾਜ ਸਰਕਾਰ ਨੇ 11 ਜ਼ਿਲ੍ਹਿਆਂ ਵਿਚ ਕਰਫਿਊ ਲਾਇਆ ਹੈ। ਇਸ ਦੇ ਨਾਲ ਹੀ ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਇੰਟਰਨੈੱਟ ਉਤੇ ਪਾਬੰਦੀ ਵੀ ਲਾਈ ਗਈ ਹੈ।