ਮਨੀਪੁਰ ਸੜ ਰਿਹੈ ਤੇ ਭਾਜਪਾ ਹੋਰ ਸੂਬਿਆਂ ’ਚ ਰੁੱਝੀ: ਖੜਗੇ

ਮਨੀਪੁਰ ਸੜ ਰਿਹੈ ਤੇ ਭਾਜਪਾ ਹੋਰ ਸੂਬਿਆਂ ’ਚ ਰੁੱਝੀ: ਖੜਗੇ

ਪਾਰਟੀ ਦੀਆਂ ਮਹਿਲਾ ਵਰਕਰਾਂ ਤੇ ਆਗੂਆਂ ਨੂੰ ਆਮ ਚੋਣਾਂ ’ਚ ਭਾਜਪਾ ਨੂੰ ਹਰਾਉਣ ਲਈ ਮਿਹਨਤ ਕਰਨ ਦਾ ਸੱਦਾ
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਮਨੀਪੁਰ ਸੜ ਰਿਹਾ ਹੈ ਅਤੇ ਭਾਜਪਾ ਹੋਰ ਸੂਬਿਆਂ ਅੰਦਰ ਆਪਣੀਆਂ ਮੁਹਿੰਮਾਂ ’ਚ ਰੁੱਝੀ ਹੋਈ ਹੈ।

ਇੱਥੇ ਤਾਲਕਟੋਰਾ ਸਟੇਡੀਅਮ ’ਚ ਮਹਿਲਾ ਕਾਂਗਰਸ ਦੇ ਮੈਂਬਰਾਂ ਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਸੱਤਾ ਤੋਂ ਬਾਹਰ ਕਰਨ ਲਈ ਕਾਂਗਰਸ ਦੇ ਮਹਿਲਾ ਆਗੂ ਤੇ ਵਰਕਰ ਸਖਤ ਮਿਹਨਤ ਕਰਨ। ਉਨ੍ਹਾਂ ਕਿਹਾ, ‘ਜੇਕਰ ਰਾਹੁਲ ਗਾਂਧੀ ਮਨੀਪੁਰ ਜਾ ਸਕਦੇ ਹਨ ਤਾਂ ਪ੍ਰਧਾਨ ਮੰਤਰੀ ਕਿਉਂ ਨਹੀਂ? ਭਾਜਪਾ ਨੇ ਉਥੇ (ਮਨੀਪੁਰ ਵਿੱਚ) ਮਹਿਲਾਵਾਂ ਨੂੰ ਕੀ ਸੁਰੱਖਿਆ ਦਿੱਤੀ ਹੈ। ਉਹ ਉੱਥੇ ਘਰ ਛੱਡ ਰਹੀਆਂ ਹਨ, ਉਨ੍ਹਾਂ ਨਾਲ ਜਬਰ ਜਨਾਹ ਹੋ ਰਹੇ ਹਨ, ਉਨ੍ਹਾਂ ਨੂੰ ਕਤਲ ਕੀਤਾ ਜਾ ਰਿਹਾ ਹੈ ਅਤੇ ਭਾਜਪਾ ਹੋਰ ਸੂਬਿਆਂ ਅੰਦਰ ਆਪਣੀ ਮੁਹਿੰਮ ’ਚ ਰੁੱਝੀ ਹੋਈ ਹੈ।’ ਉਨ੍ਹਾਂ ਕਿਹਾ, ‘ਸਾਡੀ ਪਾਰਟੀ ਦਾ ਮਹਿਲਾ ਕਾਡਰ 2024 ਦੀਆਂ ਆਮ ਚੋਣਾਂ ਲਈ ਵਿਚਾਰਾਂ ਤੇ ਰਣਨੀਤੀ ਬਾਰੇ ਚਰਚਾ ਕਰੇਗਾ ਅਤੇ ਮੈਨੂੰ ਪੂਰਾ ਯਕੀਨੀ ਹੈ ਅਗਲੇ ਸਾਲ ਭਾਜਪਾ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਜਾਵੇਗਾ।’ ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮਨੀਪੁਰ ’ਚ ਹੋ ਰਹੇ ਜ਼ੁਲਮਾਂ ਬਾਰੇ ਖਾਮੋਸ਼ ਹਨ ਅਤੇ ਉਹ ਸੰਸਦ ਵਿੱਚ ਵੀ ਇਸ ਮੁੱੱਦੇ ’ਤੇ ਉਸ ਸਮੇਂ ਹੀ ਬੋਲੇ ਜਦੋਂ ਵਿਰੋਧੀ ਧਿਰਾਂ ਨੇ ਉਨ੍ਹਾਂ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ। ਉਨ੍ਹਾਂ ਕਿਹਾ, ‘ਦੇਸ਼ ਭਰ ’ਚ ਦੰਗੇ ਹੋ ਰਹੇ ਹਨ। ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਮਨੀਪੁਰ ’ਚ ਹੋ ਰਹੇ ਜ਼ੁਲਮਾਂ ਬਾਰੇ ਬੋਲਣ ਪਰ ਉਹ ਉਦੋਂ ਹੀ ਬੋਲੇ ਜਦੋਂ ਬੇਭਰੋਸਗੀ ਮਤਾ ਲਿਆਂਦਾ ਗਿਆ। ਕਈ ਲੋਕਾਂ ਦੀ ਜਾਨ ਚਲੀ ਗਈ, ਕਈ ਘਰ ਸਾੜੇ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਮਨੀਪੁਰ ਛੱਡਣਾ ਪਿਆ ਹੈ ਪਰ ਪ੍ਰਧਾਨ ਮੰਤਰੀ ਇਸ ਬਾਰੇ ਕੁਝ ਨਹੀਂ ਬੋਲੇ।’ ਸਾਰੀਆਂ ਪਾਰਟੀਆਂ ਦੇ ਵਰਕਰਾਂ ਤੇ ਆਗੂਆਂ ਦਾ ਮਕਸਦ ਦੇਸ਼ ਦੀ ਭਲਾਈ ਲਈ ਕੰਮ ਕਰਨਾ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਇਹ ਨਾਗਰਿਕਾਂ ਦੇ ਹੱਕਾਂ ਲਈ ਲੜਾਈ ਹੈ। ਇਸ ਸਾਡੀ ਨਿੱਜੀ ਲੜਾਈ ਨਹੀਂ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ 70 ਸਾਲਾਂ ’ਚ ਕੀ ਕੀਤਾ ਤਾਂ ਮੈਂ ਉਨ੍ਹਾਂ ਨੂੰ ਚੇਤੇ ਕਰਾਉਣਾ ਚਾਹੁੰਦਾ ਹਾਂ ਕਿ ਪਿਛਲੇ 70 ਸਾਲਾਂ ’ਚ ਮੋਰਾਰਜੀ ਦੇਸਾਈ ਤੇ ਅਟਲ ਬਿਹਾਰੀ ਵਾਜਪਾਈ ਦੀ ਵੀ ਸਰਕਾਰ ਰਹੀ ਹੈ।