ਮਨੀਪੁਰ ਸੜ ਰਿਹੈ ਤੇ ਪ੍ਰਧਾਨ ਮੰਤਰੀ ਹੱਸ ਰਹੇ ਨੇ: ਰਾਹੁਲ

ਮਨੀਪੁਰ ਸੜ ਰਿਹੈ ਤੇ ਪ੍ਰਧਾਨ ਮੰਤਰੀ ਹੱਸ ਰਹੇ ਨੇ: ਰਾਹੁਲ

ਪ੍ਰਧਾਨ ਮੰਤਰੀ ’ਤੇ ਲਾਇਆ ਮਨੀਪੁਰ ਨੂੰ ਅੱਗ ’ਚ ਸੁੱਟਣ ਦਾ ਦੋਸ਼
ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਗੁਣਾਂ ਤੋਂ ਕੋਰਾ ਦੱਸਿਆ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਨੀਪੁਰ ਹਿੰਸਾ ਦੇ ਮੁੱਦੇ ’ਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜਦੋਂ ਮਨੀਪੁਰ ਪਿਛਲੇ ਚਾਰ ਮਹੀਨਿਆਂ ਤੋਂ ਸੜ ਰਿਹਾ ਹੈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸੰਸਦ ’ਚ ਹੱਸਣਾ ਤੇ ਚੁਟਕੁਲੇ ਸੁਣਾਉਣੇ ਸ਼ੋਭਾ ਨਹੀਂ ਦਿੰਦਾ।

ਰਾਹੁਲ ਗਾਂਧੀ ਨੇ ਪਾਰਟੀ ਦੇ ਹੈੱਡਕੁਆਰਟਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ ਪ੍ਰਧਾਨ ਮੰਤਰੀ ਚਾਹੁੰਦੇ ਹਨ ਕਿ ਮਨੀਪੁਰ ਸੜੇ ਤੇ ਉਹ ਇਸ ਨੂੰ ਸੜਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਮੋਦੀ ਸਰਕਾਰ ਇਸ ਹਿੰਸਾ ਨੂੰ ਰੋਕਣਾ ਚਾਹੁੰਦੀ ਹੈ ਤਾਂ ਸਭ ਕੁਝ ਸਰਕਾਰ ਦੇ ਹੱਥ ਹੈ ਅਤੇ ਉਹ ਇਸ ਨੂੰ ਤੁਰੰਤ ਰੋਕ ਸਕਦੀ ਹੈ। ਉਨ੍ਹਾਂ ਕਿਹਾ, ‘ਮਹਿਲਾਵਾਂ ਤੇ ਬੱਚੇ ਉੱਥੇ (ਮਨੀਪੁਰ ਵਿੱਚ) ਮਰ ਰਹੇ ਹਨ, ਔਰਤਾਂ ਦਾ ਜਿਨਸੀ ਸ਼ੋਸ਼ਣ ਤੇ ਜਬਰ ਜਨਾਹ ਹੋ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਸਦਨ ਦੇ ਅੱਧ ਵਿਚਾਲੇ ਬੈਠ ਕੇ ਹੱਸ ਰਹੇ ਹਨ। ਇਹ ਰਾਹੁਲ ਗਾਂਧੀ ਬਾਰੇ ਨਹੀਂ, ਇਹ ਕਾਂਗਰਸ ਜਾਂ ਵਿਰੋਧੀ ਧਿਰ ਬਾਰੇ ਵੀ ਨਹੀਂ ਹੈ, ਇਹ ਭਾਰਤ ਬਾਰੇ, ਇਸ ਸਾਰੇ ਦੇਸ਼ ਬਾਰੇ ਹੈ। ਇੱਕ ਰਾਜ ਖਤਮ ਹੋ ਰਿਹਾ ਹੈ। ਇਹ ਹੋਂਦ ਵਿੱਚ ਨਹੀਂ ਰਹੇਗਾ ਅਤੇ ਇਹ ਸਭ ਕੁਝ ਭਾਜਪਾ ਦੀ ‘ਪਾੜੋ ਤੇ ਰਾਜ ਕਰੋ ਤੇ ਸਾੜੋ’ ਦੀ ਰਾਜਨੀਤੀ ਕਾਰਨ ਹੋ ਰਿਹਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਟਿੱਪਣੀ ਕਿ ‘ਪ੍ਰਧਾਨ ਮੰਤਰੀ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਨੀਪੁਰ ’ਚ ਭਾਰਤ ਮਾਤਾ ਦਾ ਕਤਲ ਕੀਤਾ ਹੈ’ ਸਿਰਫ਼ ਖਾਲੀ ਸ਼ਬਦ ਹੀ ਨਹੀਂ ਸਨ ਕਿਉਂਕਿ 19 ਸਾਲ ਦੀ ਸਿਆਸਤ ’ਚ ਉਨ੍ਹਾਂ ਨੂੰ ਪਹਿਲੀ ਵਾਰ ਕਿਸੇ ਰਾਜ ’ਚ ਕਿਹਾ ਗਿਆ ਸੀ ਜੇ ਉਹ ਕਿਸੇ ਇੱਕ ਭਾਈਚਾਰੇ ਦੇ ਵਿਅਕਤੀ ਨੂੰ ਆਪਣੀ ਸੁਰੱਖਿਆ ਵਿਚ ਲੈਂਦੇ ਹਨ ਤਾਂ ਉਸ ਨੂੰ ਦੂਜੇ ਭਾਈਚਾਰੇ ਦੇ ਲੋਕ ਆਪਣੇ ਇਲਾਕੇ ’ਚ ਗੋਲੀ ਮਾਰ ਦੇਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਨੇ ਕਿਹਾ ਕਿ ਉਨ੍ਹਾਂ ਮਨੀਪੁਰ ’ਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਕਦੀ ਨਹੀਂ ਦੇਖੀਆਂ।’ ਉਨ੍ਹਾਂ ਕਿਹਾ, ‘ਮੈਂ ਬੀਤੇ ਦਿਨ ਪ੍ਰਧਾਨ ਮੰਤਰੀ ਨੂੰ ਦੇਖਿਆ। ਉਹ ਸੰਸਦ ਵਿੱਚ ਦੋ ਘੰਟੇ ਤੱਕ ਹੱਸ ਰਹੇ ਸਨ, ਚੁਟਕੁਲੇ ਸੁਣਾ ਰਹੇ ਸਨ ਤੇ ਨਾਅਰੇ ਮਾਰ ਰਹੇ ਹਨ। ਪ੍ਰਧਾਨ ਮੰਤਰੀ ਇੱਕ ਲਾਈਨ ਬੋਲਦੇ ਸੀ ਤੇ ਭਾਜਪਾ ਆਗੂ ਇੱਕ ਹੋਰ ਨਾਅਰਾ ਮਾਰਦੇ ਸੀ। ਅਜਿਹਾ ਲਗਦਾ ਸੀ ਕਿ ਪ੍ਰਧਾਨ ਮੰਤਰੀ ਭੁੱਲ ਗਏ ਸਨ ਕਿ ਮਨੀਪੁਰ ਪਿਛਲੇ ਚਾਰ ਮਹੀਨਿਆਂ ਤੋਂ ਸੜ ਰਿਹਾ ਹੈ।’ ਉਨ੍ਹਾਂ ਕਿਹਾ, ‘ਇਸ ਲਈ ਮੈਂ ਕਿਹਾ ਸੀ ਕਿ ਭਾਜਪਾ ਨੇ ਮਨੀਪੁਰ ’ਚ ਭਾਰਤ ਦੇ ਸੰਕਲਪ ਦੀ ਹੱਤਿਆ ਕਰ ਦਿੱਤੀ ਹੈ।’

ਉਨ੍ਹਾਂ ਕਿਹਾ, ‘ਮੈਂ ਕਾਂਗਰਸ ਤੇ ਭਾਜਪਾ ਦੇ ਕਈ ਪ੍ਰਧਾਨ ਮੰਤਰੀ ਦੇਖੇ ਹਨ। ਮੈਂ ਸ੍ਰੀ ਵਾਜਪਾਈ ਤੇ ਸ੍ਰੀ ਦੇਵੇਗੌੜਾ ਨੂੰ ਦੇਖਿਆ ਹੈ। ਨਰਿੰਦਰ ਮੋਦੀ ਜੀ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਭਾਰਤ ਦਾ ਪ੍ਰਧਾਨ ਮੰਤਰੀ ਹੋਣਾ ਕੀ ਹੁੰਦਾ ਹੈ।’ ਉਨ੍ਹਾਂ ਕਿਹਾ ਕਿ ਜਦੋਂ ਕੋਈ ਵਿਅਕਤੀ ਪ੍ਰਧਾਨ ਮੰਤਰੀ ਬਣਦਾ ਹੈ ਤਾਂ ਉਸ ਨੂੰ ਸਿਆਸਤ ਛੱਡ ਕੇ ਦੇਸ਼ ਦੇ ਲੋਕਾਂ ਦੀ ਆਵਾਜ਼ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਸਿਆਸਤ ਇੱਕ ਪਾਸੇ ਰੱਖ ਕੇ ਪ੍ਰਧਾਨ ਮੰਤਰੀ ਨੂੰ ਇੱਕ ਸਿਆਸੀ ਆਗੂ ਜਾਂ ਸਿਆਸੀ ਪਾਰਟੀ ਦੇ ਆਗੂ ਦੀ ਤਰ੍ਹਾਂ ਨਹੀਂ ਬਲਕਿ ਦੇਸ਼ ਦੇ ਲੋਕਾਂ ਦੇ ਨੁਮਾਇੰਦੇ ਵਜੋਂ ਬੋਲਣਾ ਚਾਹੀਦਾ ਹੈ। ਨਰਿੰਦਰ ਮੋਦੀ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਪਤਾ ਹੀ ਨਹੀਂ ਹੈ ਕਿ ਉਹ ਕਿਸ ਅਹੁਦੇ ’ਤੇ ਹਨ।’