ਮਨੀਪੁਰ: ਵੱਖਰੇ ਪ੍ਰਸ਼ਾਸਨ ਦੀ ਮੰਗ ਖ਼ਿਲਾਫ਼ ਰੋਸ ਰੈਲੀ

ਮਨੀਪੁਰ: ਵੱਖਰੇ ਪ੍ਰਸ਼ਾਸਨ ਦੀ ਮੰਗ ਖ਼ਿਲਾਫ਼ ਰੋਸ ਰੈਲੀ

ਸੂਬੇ ਦੇ ਪੰਜ ਜ਼ਿਲ੍ਹਿਆਂ ਤੋਂ ਪਹੁੰਚੇ ਹਜ਼ਾਰਾਂ ਲੋਕਾਂ ਨੇ ਕੱਢਿਆ ਪੰਜ ਕਿਲੋਮੀਟਰ ਲੰਮਾ ਮਾਰਚ
ਇੰਫਾਲ- ਕੁਕੀ ਭਾਈਚਾਰੇ ਦੇ ਰਿਹਾਇਸ਼ੀ ਖੇਤਰਾਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਖ਼ਿਲਾਫ਼ ਅੱਜ ਇੱਥੇ ਇੱਕ ਭਰਵੀਂ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸੂਬੇ ਦੇ ਪੰਜ ਜ਼ਿਲ੍ਹਿਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ ਤੇ ਉਨ੍ਹਾਂ ਉੱਤਰ-ਪੂਰਬੀ ਸੂਬੇ ਲਈ ਖੇਤਰੀ ਅਖੰਡਤਾ ਦੀ ਮੰਗ ਕੀਤੀ। ਮਨੀਪੁਰ ਦੀ ਅਖੰਡਤਾ ਬਾਰੇ ਤਾਲਮੇਲ ਕਮੇਟੀ (ਕੋਕੋਮੀ) ਦੀ ਅਗਵਾਈ ਹੇਠ ਕੱਢੀ ਗਈ ਇਹ ਪੰਜ ਕਿਲੋਮੀਟਰ ਲੰਮੀ ਰੈਲੀ ਇੰਫਾਲ ਪੱਛਮੀ ਜ਼ਿਲ੍ਹੇ ਦੇ ਥਾਂਗਮੇਈਬੈਂਡ ਤੋਂ ਸ਼ੁਰੂ ਹੋਈ ਅਤੇ ਇੰਫਾਲ ਪੂਰਬੀ ਜ਼ਿਲ੍ਹੇ ਦੇ ਹਪਤਾ ਕਾਂਗਜੇਈਬੁਨੰਦ ਪਹੁੰਚ ਕੇ ਖਤਮ ਹੋਈ। ਇਸ ਦੌਰਾਨ ਮੁਜ਼ਾਹਰਾਕਾਰੀਆਂ ਨੇ ਹੱਥਾਂ ’ਚ ਨਾਅਰੇ ਲਿਖੀਆਂ ਤਖਤੀਆਂ ਫੜੀਆਂ ਹੋਈਆਂ ਸਨ ਤੇ ਉਹ ਵੱਖਰੇ ਪ੍ਰਸ਼ਾਸਨ ਦੀ ਮੰਗ ਅਤੇ ਮਿਆਂਮਾਰ ਤੋਂ ਗ਼ੈਰਕਾਨੂੰਨੀ ਪਰਵਾਸ ਖ਼ਿਲਾਫ਼ ਨਾਅਰੇਬਾਜ਼ੀ ਕਰ ਰਹੇ ਸਨ। ਇਹ ਰੋਸ ਰੈਲੀ ਅਜਿਹੇ ਸਮੇਂ ਕੀਤੀ ਗਈ ਹੈ ਜਦੋਂ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ 21 ਸੰਸਦ ਮੈਂਬਰਾਂ ਦਾ ਵਫ਼ਦ ਹਾਲਾਤ ਦਾ ਜ਼ਮੀਨੀ ਪੱਧਰ ’ਤੇ ਮੁਆਇਨਾ ਕਰਨ ਲਈ ਸੂਬੇ ਦੇ ਦੌਰੇ ’ਤੇ ਹੈ। ਮਨੀਪੁਰ ਵਿਧਾਨ ਸਭਾ ਲਈ ਚੁਣੇ ਗਏ ਕੁਕੀ ਭਾਈਚਾਰੇ ਦੇ 10 ਵਿਧਾਇਕਾਂ ਨੇ ਮਈ ਮਹੀਨੇ ’ਚ ਵੱਖਰੇ ਪ੍ਰਸ਼ਾਸਨ ਦੀ ਮੰਗ ਕਰਦਿਆਂ ਕਿਹਾ ਸੀ ਕਿ ਪ੍ਰਸ਼ਾਸਨ ਚਿਨ-ਕੁਕੀ-ਜੋਮੀ ਕਬਾਇਲੀਆਂ ਦੀ ਰਾਖੀ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਵੱਖਰੇ ਪ੍ਰਸ਼ਾਸਨ ਦੀ ਮੰਗ ਕਰਨ ਵਾਲੇ ਕੁਕੀ ਭਾਈਚਾਰੇ ਨੇ ਸਪੱਸ਼ਟ ਨਹੀਂ ਕੀਤਾ ਕਿ ਵੱਖਰੇ ਪ੍ਰਸ਼ਾਸਨ ਤੋਂ ਕੀ ਮਤਲਬ ਹੈ ਅਤੇ ਕਿਹੜੇ ਇਲਾਕਿਆਂ ’ਚ ਉਹ ਨਵਾਂ ਸਿਸਟਮ ਲਿਆਉਣਾ ਚਾਹੁੰਦੇ ਹਨ। ਰੈਲੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ, ‘ਤਿੰਨ ਮਹੀਨੇ ਅਗਜ਼ਨੀ, ਹੱਤਿਆਵਾਂ ਕੀਤੀਆਂ ਗਈਆਂ ਤੇ ਸਾਡੇ ਘਰਾਂ ਨੂੰ ਸਾੜਿਆ ਜਾ ਰਿਹਾ ਹੈ। ਅਸੀਂ ਆਪਣੀ ਜ਼ਮੀਨ ਕਿਵੇਂ ਛੱਡ ਸਕਦੇ ਹਾਂ।’ ਉਨ੍ਹਾਂ ਮੰਗ ਕੀਤੀ ਕਿ ਫੌਜ ਦਹਿਸ਼ਤਗਰਦਾਂ ਖ਼ਿਲਾਫ਼ ਕਾਰਵਾਈ ਕਰੇ। ਮੁਜ਼ਾਹਰਾਕਾਰੀਆਂ ਨੇ ਹਪਤਾ ਕਾਂਗਜੇਈਬੁਨੰਦ ’ਚ ਮੀਟਿੰਗ ਕੀਤੀ ਤੇ ਇੱਥੇ ਐੱਨਆਰਸੀ ਲਾਗੂ ਕਰਨ ਤੇ ਪੰਜ ਅਗਸਤ ਤੋਂ ਪਹਿਲਾਂ ਸੂਬੇ ’ਚ ਜਾਤ ਆਧਾਰਿਤ ਹਿੰਸਾ ’ਤੇ ਚਰਚਾ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ। ਮਨੀਪੁਰ ’ਚ ਤਿੰਨ ਮਈ ਤੋਂ ਸ਼ੁਰੂ ਹੋਈ ਹਿੰਸਾ ’ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ