ਮਨੀਪੁਰ ਵਿੱਚ ਕਬਾਇਲੀ ਔਰਤਾਂ ਦੀ ਨਗਨ ਪਰੇਡ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ

ਮਨੀਪੁਰ ਵਿੱਚ ਕਬਾਇਲੀ ਔਰਤਾਂ ਦੀ ਨਗਨ ਪਰੇਡ ਦੇ ਮਾਮਲੇ ਵਿੱਚ ਚਾਰਜਸ਼ੀਟ ਦਾਖ਼ਲ

ਨਵੀਂ ਦਿੱਲੀ- ਸੀਬੀਆਈ ਨੇ ਸੋਮਵਾਰ ਨੂੰ ਦੋ ਕਬਾਇਲੀ ਔਰਤਾਂ ਦੇ ਸਬੰਧ ਵਿੱਚ ਛੇ ਲੋਕਾਂ ਅਤੇ ਇੱਕ ਨਾਬਾਲਗ ਖਿਲਾਫ ਚਾਰਜਸ਼ੀਟ ਦਾਇਰ ਕੀਤੀ। ਇਸ ਸਾਲ ਮਈ ਵਿੱਚ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਨਗਨ ਪਰੇਡ ਕੀਤੀ ਗਈ ਸੀ। ਜੁਲਾਈ ਵਿੱਚ ਸਾਹਮਣੇ ਆਈ ਘਟਨਾ ਦੀ ਵੀਡੀਓ ਦੀ ਦੇਸ਼ ਭਰ ਵਿੱਚ ਅਤੇ ਵਿਸ਼ਵ ਪੱਧਰ ‘ਤੇ ਭਰਪੂਰ ਨਿੰਦਾ ਹੋਈ, ਜਿਸ ਕਾਰਨ ਸੁਪਰੀਮ ਕੋਰਟ ਨੇ ਕਦਮ ਚੁੱਕਣ ਅਤੇ ਕੇਸ ਸੀਬੀਆਈ ਨੂੰ ਸੌਂਪਣ ਲਈ ਕਿਹਾ ਸੀ। ਏਜੰਸੀ ਨੇ ਗੁਹਾਟੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਛੇ ਲੋਕਾਂ ਖ਼ਿਲਾਫ਼ ਚਾਰਜਸ਼ੀਟ ਅਤੇ ਇੱਕ ਬੱਚੇ ਖ਼ਿਲਾਫ਼ ਰਿਪੋਰਟ ਦਾਇਰ ਕੀਤੀ। ਘਟਨਾ ਸਬੰਧੀ ਦੋਸ਼ ਲੱਗੇ ਸਨ ਕਿ 4 ਮਈ ਨੂੰ ਲਗਪਗ ਇਕ ਹਜ਼ਾਰ ਵਿਅਕਤੀਆਂ ਦੀ ਭੀੜ ਨੇ ਆਧੁਨਿਕ ਹਥਿਆਰਾਂ ਨਾਲ ਲੈਸ ਹੋ ਕੇ ਕਾਂਗਪੋਕਪੀ ਜ਼ਿਲ੍ਹੇ ਦੇ ਬੀ ਫੈਨੋਮ ਪਿੰਡ ਵਿੱਚ ਘਰ ਦੀ ਭੰਨਤੋੜ ਕੀਤੀ ਅਤੇ ਅੱਗ ਲਗਾ ਦਿੱਤੀ। ਇਸ ਦੇ ਨਾਲ ਹੀ ਜਾਇਦਾਦ ਲੁੱਟੀ, ਪਿੰਡ ਵਾਸੀਆਂ ਦੀ ਕੁੱਟਮਾਰ ਤੇ ਕਤਲ ਕੀਤੇ ਅਤੇ ਜਨਿਸੀ ਸ਼ੋਸ਼ਣ ਕੀਤੇ। ਇਹ ਵੀ ਇਲਜ਼ਾਮ ਲਾਇਆ ਗਿਆ ਕਿ ਘਟਨਾ ਵਿੱਚ ਨਗਨ ਪਰੇਡ ਕਰਨ ਵਾਲੀ ਇੱਕ ਔਰਤ ਦੇ ਦੋ ਪਰਿਵਾਰਕ ਮੈਂਬਰ ਵੀ ਮਾਰੇ ਗਏ ਸਨ। ਸੀਬੀਆਈ ਦੀ ਜਾਂਚ ਨੇ ਸੰਕੇਤ ਦਿੱਤਾ ਕਿ ਮਨੀਪੁਰ ਪੁਲੀਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇਸ ਘਟਨਾ ਵਿੱਚ ਸ਼ਾਮਲ ਸਨ, ਜਿਸ ਤੋਂ ਬਾਅਦ ਸੋਮਵਾਰ ਨੂੰ ਚਾਰਜਸ਼ੀਟ ਦਾਇਰ ਕੀਤੀ ਗਈ। ਕੇਸ ਦੇ ਹੋਰ ਪਹਿਲੂਆਂ ਤੋਂ ਇਲਾਵਾ ਅਪਰਾਧਾਂ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਸਮੇਤ ਹੋਰ ਪੁੱਛਗਿੱਛ ਜਾਰੀ ਹੈ। ਸੀਬੀਆਈ ਨੇ ਕਿਹਾ ਕਿ ਦੋਸ਼ੀਆਂ ‘ਤੇ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ ਲਗਾਏ ਗਏ ਹਨ, ਜਨਿ੍ਹਾਂ ਵਿੱਚ ਸਮੂਹਿਕ ਬਲਾਤਕਾਰ, ਹੱਤਿਆ, ਔਰਤ ਦੀ ਮਰਿਆਦਾ ਨੂੰ ਭੜਕਾਉਣ ਤੇ ਅਪਰਾਧਿਕ ਸਾਜ਼ਿਸ਼ ਨਾਲ ਸਬੰਧਤ ਧਾਰਾਵਾਂ ਸ਼ਾਮਲ ਹਨ। –