ਮਨੀਪੁਰ: ਮੋਰੇਹ ’ਚੋਂ ਪੁਲੀਸ ਹਟਾਉਣ ਲਈ ਮਹਿਲਾਵਾਂ ਵੱਲੋਂ ਮੁਜ਼ਾਹਰਾ

ਮਨੀਪੁਰ: ਮੋਰੇਹ ’ਚੋਂ ਪੁਲੀਸ ਹਟਾਉਣ ਲਈ ਮਹਿਲਾਵਾਂ ਵੱਲੋਂ ਮੁਜ਼ਾਹਰਾ

ਮੰਗ ਨਾ ਮੰਨਣ ’ਤੇ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ
ਇੰਫਾਲ- ਇੱਥੇ ਆਈਟੀਐੱਫਐੱਫ ਨੇ ਅੱਜ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸੂਬਾ ਸਰਕਾਰ ਵੱਲੋਂ ਮੋਰੇਹ ’ਚੋਂ ਪੁਲੀਸ ਨਾ ਹਟਾਈ ਗਈ ਤਾਂ ਮਨੀਪੁਰ ਦੇ ਕਬਾਇਲੀ ਜ਼ਿਲ੍ਹਿਆਂ ਵਿੱਚ ਮੁਜ਼ਾਹਰੇ ਕੀਤੇ ਜਾਣਗੇ। ਆਗੂਆਂ ਵੱਲੋਂ ਜਾਰੀ ਪ੍ਰੈੱਸ ਬਿਆਨ ’ਚ ਜਥੇਬੰਦੀ ਨੇ ਕਿਹਾ ਕਿ ਤੇਂਗਨੋਪਾਲ ਜ਼ਿਲ੍ਹੇ ਵਿੱਚ ਕੁਕੁ-ਜ਼ੋ ਕਬਾਇਲੀ ਰਹਿੰਦੇ ਹਨ, ਜਿਨ੍ਹਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਸੂਬਾਈ ਪੁਲੀਸ ਵਿੱਚ ਵੱਡੇ ਪੱਧਰ ’ਤੇ ਮੈਤੇਈ ਫ਼ਿਰਕੇ ਨਾਲ ਸਬੰਧਤ ਮੁਲਾਜ਼ਮਾਂ ਦਾ ਰਵੱਈਆ ਪੱਖਪਾਤੀ ਹੈ। ਇਸ ਤੋਂ ਪਹਿਲਾਂ ਅੱਜ ਚੂਰਾਚਾਂਦਪੁਰ ਵਿੱਚ ਹਜ਼ਾਰ ਤੋਂ ਵੱਧ ਮਹਿਲਾਵਾਂ ਨੇ ਮੋਰੇਹ ਕਸਬੇ ਵਿੱਚੋਂ ਸੂਬਾਈ ਪੁਲੀਸ ਨੂੰ ਤੁਰੰਤ ਹਟਾਉਣ ਦੀ ਮੰਗ ਲਈ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਇਹ ਮੰਗ ਨਾ ਮੰਨੇ ਜਾਣ ’ਤੇ ਸਾਰੇ ਪਹਾੜੀ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ ’ਤੇ ਮੁਜ਼ਾਹਰੇ ਕਰਨ ਦੀ ਚਿਤਾਵਨੀ ਵੀ ਦਿੱਤੀ।

ਧਿਆਨਦੇਣਯੋਗ ਗੱਲ ਹੈ ਕਿ ਇਹ ਮੁਜ਼ਾਹਰਾ ਵਿਰੋਧੀ ਧਿਰ ਦੇ ਬਲਾਕ ‘ਇੰਡੀਆ’ ਦੇ ਇੱਕ ਵਫ਼ਦ ਵੱਲੋਂ ਹਿੰਸਾ ਮਾਰੇ ਸੂਬੇ ਦੇ ਐਤਵਾਰ ਨੂੰ ਕੀਤੇ ਗਏ ਦੌਰੇ ਤੋਂ ਇੱਕ ਦਿਨ ਮਗਰੋਂ ਕੀਤਾ ਗਿਆ ਹੈ। ਇਸ ਵਫ਼ਦ ਵਿੱਚ ਸ਼ਾਮਲ ਲੋਕ ਸਭਾ ਮੈਂਬਰ ਤੇ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਸੀ ਕਿ ਜੇਕਰ ਮਨੀਪੁਰ ਵਿੱਚ ਇਹ ਵਿਵਾਦ ਜਲਦੀ ਹੱਲ ਨਾ ਹੋਇਆ ਤਾਂ ਇਸ ਕਾਰਨ ਸਾਰੇ ਮੁਲਕ ਲਈ ਸੁਰੱਖਿਆ ਸਬੰਧੀ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਮਨੀਪੁਰ ਵਿੱਚ ਹਿੰਸਕ ਘਟਨਾਵਾਂ ਦੌਰਾਨ ਹੁਣ ਤੱਕ 160 ਜਣਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਸੈਂਕੜੇ ਜਣੇ ਜ਼ਖਮੀ ਹੋ ਚੁੱਕੇ ਹਨ।
ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਜਾਣਕਾਰੀ ਇਕੱਤਰ ਕਰਨ ਦਾ ਕੰਮ ਮੁੜ ਸ਼ੁਰੂ

ਇੰਫਾਲ: ਮਨੀਪੁਰ ਸਰਕਾਰ ਨੇ ਸੂਬੇ ਵਿੱਚ ਗ਼ੈਰ-ਕਾਨੂੰਨੀ ਪਰਵਾਸੀਆਂ ਬਾਰੇ ਬਾਇਓ-ਮੀਟਰਿਕ ਵੇਰਵੇ ਇਕੱਤਰ ਕਰਨ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜੁਆਇੰਟ ਸਕੱਤਰ (ਗ੍ਰਹਿ) ਪੀਟਰ ਸਲਾਮ ਨੇ ਦੱਸਿਆ ਕਿ ਉਨ੍ਹਾਂ ਸੂਬੇ ਵਿੱਚ ਲਗਪਗ 2,500 ਤੋਂ ਵੱਧ ਗ਼ੈਰਕਾਨੂੰਨੀ ਪਰਵਾਸੀਆਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਤੇਂਗਨੋਪਾਲ ਤੇ ਚੰਦੇਲ ਜ਼ਿਲ੍ਹਿਆਂ ਵਿੱਚ ਰਹਿ ਰਹੇ ਹਨ, ਜਿਨ੍ਹਾਂ ਦੀ ਸਰਹੱਦ ਮਿਆਂਮਾਰ ਨਾਲ ਲੱਗਦੀ ਹੈ। ਉਨ੍ਹਾਂ ਦੱਸਿਆ ਕਿ ਚੂਰਾਚਾਂਦਪੁਰ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕੀਤੇ ਗਏ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਪੈਂਦੇ ਵਿਦੇਸ਼ੀ ਨਜ਼ਰਬੰਦੀ ਕੇਂਦਰ ਤੇ ਸਾਜੀਵਾ ਜੇਲ੍ਹ ਅਤੇ ਇੰਫਾਲ ਪੱਛਮੀ ਜ਼ਿਲ੍ਹੇ ਵਿੱਚ ਪੈਂਦੀ ਇੰਫਾਲ ਜੇਲ੍ਹ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ੀ ਨਜ਼ਰਬੰਦੀ ਕੇਂਦਰ ਵਿੱਚ 104 ਜਣੇ ਜਦਕਿ ਸਾਜੀਵਾ ਜੇਲ੍ਹ ਤੇ ਇੰਫਾਲ ਜੇਲ੍ਹ ਵਿੱਚ ਕ੍ਰਮਵਾਰ 60 ਤੇ 70 ਜਣੇ ਬੰਦ ਹਨ।