ਮਨੀਪੁਰ: ਮੈਤੇਈ ਵੀ ਹੁਣ ਮੁੱਖ ਮੰਤਰੀ ਦੇ ਖ਼ਿਲਾਫ਼ ਹੋਣ ਲੱਗੇ

ਮਨੀਪੁਰ: ਮੈਤੇਈ ਵੀ ਹੁਣ ਮੁੱਖ ਮੰਤਰੀ ਦੇ ਖ਼ਿਲਾਫ਼ ਹੋਣ ਲੱਗੇ

ਨਵੀਂ ਦਿੱਲੀ- ਮਨੀਪੁਰ ਦੇ ਕਮਿਊਨਿਸਟ ਆਗੂ ਤੇ ਇਨਕਲਾਬੀ ਆਜ਼ਾਦੀ ਘੁਲਾਟੀਏ ਇਰਾਬੋਟ ਸਿੰਘ (1896-1951) ਦੇ ਜਨਮ ਦਿਹਾੜੇ ਉਤੇ ਵੀ ਅੱਜ ਸੂਬੇ ’ਚ ਜਾਰੀ ਨਸਲੀ ਟਕਰਾਅ ਦਾ ਪਰਛਾਵਾਂ ਨਜ਼ਰ ਆਇਆ। ਮਨੀਪੁਰ ਰਾਜ ’ਚ ਕਾਫ਼ੀ ਅਹਿਮੀਅਤ ਰੱਖਦੇ ਇਰਾਬੋਟ ਦੇ ਜਨਮ ਦਨਿ ਮੌਕੇ ਸੂਬੇ ਵਿਚ ਛੁੱਟੀ ਹੁੰਦੀ ਹੈ ਤੇ ਇਹ ਕਾਫ਼ੀ ਵੱਡਾ ਮੌਕਾ ਹੁੰਦਾ ਹੈ, ਪਰ ਅੱਜ ਇਸ ਉਤੇ ਵੀ ਵਿਰੋਧ ਪ੍ਰਦਰਸ਼ਨ ਭਾਰੂ ਰਹੇ। ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਕਾਲੇ ਕੱਪੜੇ ਪਾ ਕੇ ‘ਖ਼ੂਨ ਬਦਲੇ ਖ਼ੂਨ’ ਤੇ ‘ਮਾਤਭੂਮੀ ਦੀ ਜੈ ਹੋਵੇ’ ਅਤੇ ਹੋਰ ਕਈ ਭਾਵੁਕ ਨਾਅਰੇ ਮਾਰੇ। ਇਸ ਮੌਕੇ ਇੰਫਾਲ ਦੀਆਂ ਸੜਕਾਂ ਉਤੇ ਇਕ ਵੱਡਾ ਰੋਸ ਮਾਰਚ ਕੱਢਿਆ ਗਿਆ। ਇਹ ਰੋਸ ਮੁਜ਼ਾਹਰਾ ਅੱਜ ਮੈਤੇਈ ਸੰਗਠਨ ‘ਅਰਾਮਬਾਈ ਤੇਂਗਗੋਲ’ ਦੇ ਝੰਡੇ ਹੇਠ ਕੱਢਿਆ ਗਿਆ, ਜੋ ਕਿ ਹਾਲ ਦੇ ਮਹੀਨਿਆਂ ਵਿਚ ਮੈਤੇਈ ਤੇ ਕੁਕੀਆਂ ਵਿਚਾਲੇ ਹੋਈ ਹਿੰਸਾ ’ਚ ਕਾਫ਼ੀ ਉੱਭਰਿਆ ਹੈ। ਮੁਜ਼ਾਹਰਾਕਾਰੀਆਂ ਨੇ ਇਸ ਮੌਕੇ ਮੈਤੇਈ ਭਾਈਚਾਰੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ। ਟਕਰਾਅ ਦਾ ਅਸਰ ਅੱਜ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੀ ਅਗਵਾਈ ਵਿਚ ਹੋਏ ਸਰਕਾਰੀ ਸਮਾਗਮ ਉਤੇ ਵੀ ਦੇਖਣ ਨੂੰ ਮਿਲਿਆ ਜਨਿ੍ਹਾਂ ਇਰਾਬੋਟ ਸਿੰਘ ਦੇ ਬੁੱਤ ਉਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ। ਮੁੱਖ ਮੰਤਰੀ ਨੇ ਮੰਗਲਵਾਰ ਤੇ ਬੁੱਧਵਾਰ ਨੂੰ ਇੰਫਾਲ ਇਲਾਕੇ ਵਿਚ ਹੋਈਆਂ ਹਿੰਸਕ ਘਟਨਾਵਾਂ ’ਤੇ ਅਫ਼ਸੋਸ ਜ਼ਾਹਿਰ ਕੀਤਾ। ਸੁਰੱਖਿਆ ਬਲਾਂ ਨਾਲ ਟਕਰਾਅ ਮਗਰੋਂ ਇਨ੍ਹਾਂ ਘਟਨਾਵਾਂ ਵਿਚ ਕਈ ਵਿਦਿਆਰਥੀ ਫੱਟੜ ਹੋ ਗਏ ਸਨ। ਮੁੱਖ ਮੰਤਰੀ ਨੇ ਕਿਹਾ, ‘ਮੈਂ ਬੱਚਿਆਂ ’ਤੇ ਐਨੀ ਤਾਕਤ ਵਰਤੇ ਜਾਣ ਤੋਂ ਹੈਰਾਨ ਹਾਂ, ਉਨ੍ਹਾਂ ਇਨ੍ਹਾਂ ਨਾਲ ਕੀ ਕੀਤਾ ਹੈ। ਰਾਜ ਦੇ ਮੰਤਰੀਆਂ ਨੇ ਕਈ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਹੈ।’