ਮਨੀਪੁਰ ਬਾਰੇ ਬਿਆਨ ਦੇਣ ਤੋਂ ਕਿਉਂ ਸ਼ਰਮਾ ਰਹੇ ਨੇ ਮੋਦੀ: ਸੱਤਿਆਪਾਲ ਮਲਿਕ

ਮਨੀਪੁਰ ਬਾਰੇ ਬਿਆਨ ਦੇਣ ਤੋਂ ਕਿਉਂ ਸ਼ਰਮਾ ਰਹੇ ਨੇ ਮੋਦੀ: ਸੱਤਿਆਪਾਲ ਮਲਿਕ

ਨਵੀਂ ਦਿੱਲੀ- ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੇ ਸੰਸਦ ਵਿੱਚ ਵਿਰੋਧ ਧਿਰ ਦੇ ਸੰਸਦ ਮੈਂਬਰਾਂ ਵੱਲੋਂ ਪ੍ਰਧਾਨ ਮੰਤਰੀ ਕੋਲੋਂ ਮਨੀਪੁਰ ਦੇ ਹਾਲਾਤ ਬਾਰੇ ਬਿਆਨ ਦੇਣ ਦੀ ਮੰਗ ਕੀਤੇ ਜਾਣ ਅਤੇ ਇਹ ਪੁੱਛੇ ਜਾਣ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਅਜੇ ਤੱਕ ਹਟਾਇਆ ਕਿਉਂ ਨਹੀਂ ਗਿਆ, ਨੂੰ ਜਾਇਜ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਮੋਦੀ ਇਸ ਤੋਂ ਸ਼ਰਮ ਕਿਉਂ ਮਹਿਸੂਸ ਕਰ ਰਹੇ ਨੇ?’’ ਉਹ ਇੱਥੇ ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਮਨੀਪੁਰ ਦੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਨੂੰ ਲੈ ਕੇ ਅੱਜ ਲੋਕ ਸਭਾ ਵਿੱਚ ਸਾਰਾ ਦਿਨ ਚੱਲੇ ਵਿਰੋਧੀ ਧਿਰ ਦੇ ਪ੍ਰਦਰਸ਼ਨਾਂ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਨੂੰ ਭਰੋਸਾ ਦਿਵਾਇਆ ਹੈ ਕਿ ਸਰਕਾਰ ਇਸ ਮੁੱਦੇ ਨੂੰ ਵਿਚਾਰੇਗੀ। ਇਸ ਦੌਰਾਨ ਮਨੀਪੁਰ ਦੇ ਮੁੱਦੇ ਅਤੇ ਮੌਨਸੂਨ ਦੇ ਬਾਕੀ ਰਹਿੰਦੇ ਸੈਸ਼ਨ ਲਈ ‘ਆਪ’ ਦੇ ਸੰਸਦ ਮੈਂਬਰ ਸੰਜੈ ਸਿੰਘ ਦੀ ਮੁਅੱਤਲੀ ਨੂੰ ਲੈ ਕੇ ਰਾਜ ਸਭਾ ਵਿੱਚ ਵੀ ਸਦਨ ਦੀ ਕਾਰਵਾਈ ਸਾਰਾ ਦਿਨ ਠੱਪ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਦਿਆਂ ਸ੍ਰੀ ਮਲਿਕ ਨੇ ਕਿਹਾ, ‘‘ਸੰਸਦ ਮੈਂਬਰਾਂ ਦੀ ਇਹ ਮੰਗ ਵਾਜਬਿ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨੂੰ ਸਦਨ ਵਿੱਚ ਆ ਕੇ ਆਪਣਾ ਬਿਆਨ ਦੇਣਾ ਚਾਹੀਦਾ ਹੈ ਅਤੇ ਮਨੀਪੁਰ ਮੁੱਦੇ ’ਤੇ ਚਰਚਾ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਦੇ ਚੀਫ ਜਸਟਿਸ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਮੀਨੀ ਪੱਧਰ ’ਤੇ ਕੁਝ ਨਹੀਂ ਹੋਵੇਗਾ ਤਾਂ ਸੁਪਰੀਮ ਕੋਰਟ ਕਦਮ ਉਠਾਏਗਾ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੰਸਦ ਤੋਂ ਬਾਹਰ ਇਸ ਮੁੱਦੇ ’ਤੇ ਗੱਲ ਕੀਤੀ। ਮਨੀਪੁਰ ਦੇ ਹਾਲਾਤ ਬਾਰੇ ਪੁੱਛਣ ’ਤੇ ਮਲਿਕ ਨੇ ਕਿਹਾ, ‘‘ਇੱਥੋਂ ਤੱਕ ਕਿ 4 ਮਈ ਦੀ ਘਟਨਾ ਤੋਂ ਬਾਅਦ ਮੁੱਖ ਮੰਤਰੀ ਨੂੰ ਹਟਾਉਣ ਸਬੰਧੀ…ਦੋ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਪੂਰੇ ਦੇਸ਼ ਲਈ ਸ਼ਰਮਨਾਕ ਹੈ।’’ਪ੍ਰੈੱਸ ਕਲੱਬ ਆਫ ਇੰਡੀਆ ਵਿੱਚ ਮਲਿਕ ਨੇ ਪਹਿਲਾਂ ਸੰਯੁਕਤ ਕਿਸਾਨ ਮਜ਼ਦੂਰ ਸੰਗਠਨ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ 2020-21 ਦੇ ਕਿਸਾਨ ਅੰਦੋਲਨ ਨੂੰ ਚੇਤੇ ਕੀਤਾ, ਜਿਸ ਤੋਂ ਬਾਅਦ ਸਰਕਾਰ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦਾ ਫੈਸਲਾ ਲਿਆ ਸੀ।