ਮਨੀਪੁਰ: ਪੰਜ ਵਿਅਕਤੀ ਹਥਿਆਰਾਂ ਸਣੇ ਕਾਬੂ

ਮਨੀਪੁਰ: ਪੰਜ ਵਿਅਕਤੀ ਹਥਿਆਰਾਂ ਸਣੇ ਕਾਬੂ

ੲਿੰਫਾਲ- ਮਨੀਪੁਰ ਪੁਲੀਸ ਨੇ ਪੰਜ ਹਥਿਆਰਬੰਦ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਉਨ੍ਹਾਂ ਨੂੰ ਜੁਡੀਸ਼ਲ ਮੈਜਿਸਟਰੇਟ ਅੱਗੇ ਪੇਸ਼ ਕੀਤਾ ਜਿਥੋਂ ਪੰਜੋਂ ਵਿਅਕਤੀਆਂ ਨੂੰ ਪੁਲੀਸ ਹਿਰਾਸਤ ’ਚ ਭੇਜ ਦਿੱਤਾ ਗਿਆ। ਇਸ ਦੌਰਾਨ ਗ੍ਰਿਫ਼ਤਾਰੀ ਦੇ ਵਿਰੋਧ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਪੋਰੋਮਪੇਟ ਪੁਲੀਸ ਸਟੇਸ਼ਨ (ਇੰਫਾਲ ਪੂਰਬੀ ਜ਼ਿਲ੍ਹਾ) ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ। ਸੁਰੱਖਿਆ ਬਲਾਂ ਨੇ ਭੀੜ ਨੂੰ ਖਿੰਡਾਉਣ ਲਈ ਅੱਥਰੂ ਗੈਸ ਦੇ ਗੋਲੇ ਛੱਡੇ। ਟਕਰਾਅ ਦੌਰਾਨ ਆਰਏਐੱਫ ਦੇ ਇਕ ਜਵਾਨ ਸਮੇਤ ਕੁਝ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਕ ਅਧਿਕਾਰੀ ਨੇ ਕਿਹਾ ਕਿ ਹਥਿਆਰਬੰਦ ਸ਼ਰਾਰਤੀ ਅਨਸਰਾਂ ਵੱਲੋਂ ਪੁਲੀਸ ਵਰਦੀ ਦੀ ਦੁਰਵਰਤੋਂ, ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ ਜਿਸ ਮਗਰੋਂ ਉਨ੍ਹਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਸ਼ਨਿਚਰਵਾਰ ਨੂੰ ਅਪਰੇਸ਼ਨ ਦੌਰਾਨ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।