ਮਨੀਪੁਰ ਦੇ ਲੋਕਾਂ ਨਾਲ ਪੂਰਾ ਦੇਸ਼ ਖੜ੍ਹਾ ਹੈ: ਮੋਦੀ

ਮਨੀਪੁਰ ਦੇ ਲੋਕਾਂ ਨਾਲ ਪੂਰਾ ਦੇਸ਼ ਖੜ੍ਹਾ ਹੈ: ਮੋਦੀ

‘ਸ਼ਾਂਤੀ ਬਹਾਲੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਰਲ ਕੇ ਕਰ ਰਹੀਆਂ ਨੇ ਕੋਸ਼ਿਸ਼ਾਂ’

‘ਰਾਹੁਲ ਦੀ ‘ਭਾਰਤ ਮਾਤਾ’ ਬਾਰੇ ਟਿੱਪਣੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ’

ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ’ਤੇ ਨਾਕਾਮੀਆਂ ਛੁਪਾਉਣ ਲਈ ਸਿਆਸਤ ਕਰਨ ਦਾ ਦੋਸ਼ ਲਾਇਆ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨੀਪੁਰ ਦੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਹਿੰਸਾਗ੍ਰਸਤ ਸੂਬੇ ’ਚ ਸ਼ਾਂਤੀ ਬਹਾਲੀ ਲਈ ਰਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰਾ ਮੁਲਕ ਮਨੀਪੁਰ ਦੇ ਲੋਕਾਂ ਨਾਲ ਖੜ੍ਹਾ ਹੈ ਅਤੇ ਔਰਤਾਂ ਖ਼ਿਲਾਫ਼ ਘਿਨਾਉਣੇ ਅਪਰਾਧਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦਾ ਜਵਾਬ ਦਿੰਦਿਆਂ ਮੋਦੀ ਨੇ ‘ਭਾਰਤ ਮਾਤਾ’ ਬਾਰੇ ਕੀਤੀ ਟਿੱਪਣੀ ਲਈ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਹੈਰਾਨੀ ਪ੍ਰਗਟਾਈ ਕਿ ਕੁਝ ਆਗੂ ਉਸ (ਭਾਰਤ ਮਾਤਾ) ਦੀ ਮੌਤ ਕਿਵੇਂ ਮੰਗ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਟਿੱਪਣੀ ਨੇ ਹਰੇਕ ਭਾਰਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਤੋਂ ਪਹਿਲਾਂ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਵੱਲੋਂ ਆਪਣੇ ਭਾਸ਼ਨ ’ਚ ਡੇਢ ਘੰਟੇ ਤੋਂ ਵੱਧ ਸਮੇਂ ਤੱਕ ਮਨੀਪੁਰ ਦਾ ਕੋਈ ਜ਼ਿਕਰ ਨਾ ਕਰਨ ਦੇ ਦੋਸ਼ ਲਾਉਂਦਿਆਂ ਸਦਨ ’ਚੋਂ ਵਾਕਆਊਟ ਕਰ ਦਿੱਤਾ। ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ’ਚ ਬੇਭਰੋਸਗੀ ਦਾ ਮਤਾ ਜ਼ੁਬਾਨੀ ਵੋਟਾਂ ਨਾਲ ਡਿੱਗ ਗਿਆ।

ਕਾਂਗਰਸ ’ਤੇ ਜ਼ੋਰਦਾਰ ਹਮਲਾ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਇਹ ਉਹ ਲੋਕ ਹਨ ਜੋ ਕਦੇ ਲੋਕਤੰਤਰ ਦੀ ਹੱਤਿਆ ਅਤੇ ਕਦੇ ਸੰਵਿਧਾਨ ਦੀ ਹੱਤਿਆ ਬਾਰੇ ਬੋਲਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਮਾਂ ਭਾਰਤੀ ਨੂੰ ਤਿੰਨ ਹਿੱਸਿਆਂ ’ਚ ਵੰਡ ਦਿੱਤਾ ਸੀ। ਜਦੋਂ ਮਾਂ ਭਾਰਤੀ ਨੂੰ ਗੁਲਾਮੀ ਦੀਆਂ ਬੇੜੀਆਂ ਤੋਂ ਆਜ਼ਾਦ ਕਰਾਉਣ ਦਾ ਸਮਾਂ ਆਇਆ ਤਾਂ ਉਨ੍ਹਾਂ ਉਸ ਦੇ ਹੱਥ ਵੱਢ ਦਿੱਤੇ ਸਨ।’’ ਮੋਦੀ ਨੇ ਕਿਹਾ ਕਿ ਮਨੀਪੁਰ ਦੀ ਹਿੰਸਾ ਪ੍ਰੇਸ਼ਾਨ ਕਰਨ ਵਾਲੀ ਹੈ। ‘ਔਰਤਾਂ ਖ਼ਿਲਾਫ਼ ਅਪਰਾਧ ਮਨਜ਼ੂਰ ਨਹੀਂ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਲ ਕੇ ਕੰਮ ਕਰ ਰਹੀਆਂ ਹਨ।’ ਮੁਲਕ ਦੇ ਲੋਕਾਂ ਨੂੰ ਉਨ੍ਹਾਂ ਯਕੀਨ ਦਿਵਾਇਆ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਮਨੀਪੁਰ ’ਚ ਛੇਤੀ ਸ਼ਾਂਤੀ ਪਰਤੇਗੀ। ਉਨ੍ਹਾਂ ਪੂਰੇ ਉੱਤਰ-ਪੂਰਬੀ ਖ਼ਿੱਤੇ ਲਈ ਆਪਣੀ ਸਰਕਾਰ ਦੇ ਵਿਕਾਸ ਕੰਮਾਂ ਦੇ ਵੇਰਵੇ ਦਿੱਤੇ ਅਤੇ ਕਿਹਾ ਕਿ ਉਹ ਖੁਦ ਇਲਾਕੇ ਦਾ 50 ਵਾਰ ਦੌਰਾ ਕਰਕੇ ਆਏ ਹਨ ਜਦਕਿ ਉਨ੍ਹਾਂ ਦੇ ਮੰਤਰੀਆਂ ਨੇ 400 ਵਾਰ ਦੌਰੇ ਕੀਤੇ ਹਨ। ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੋਦੀ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਸੀ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 1966 ’ਚ ਮਿਜ਼ੋਰਮ ਦੇ ਨਾਗਰਿਕਾਂ ’ਤੇ ਹਵਾਈ ਹਮਲੇ ਅਤੇ 1984 ’ਚ ਅਕਾਲ ਤਖ਼ਤ ’ਤੇ ਫ਼ੌਜੀ ਹਮਲਾ ਕਰਵਾਇਆ ਸੀ। ਪ੍ਰਧਾਨ ਮੰਤਰੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਭਾਜਪਾ ਅਤੇ ਉਸ ਦੇ ਭਾਈਵਾਲ 2024 ਦੀਆਂ ਲੋਕ ਸਭਾ ਚੋਣਾਂ ’ਚ ਰਿਕਾਰਡਤੋੜ ਜਿੱਤ ਹਾਸਲ ਕਰਨਗੇ। ਵਿਰੋਧੀ ਧਿਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ 2018 ਵਾਂਗ ਇਸ ਵਾਰ ਦਾ ਬੇਭਰੋਸਗੀ ਮਤਾ ਹਾਕਮ ਗੱਠਜੋੜ ਲਈ ਸ਼ੁੱਭ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਿਕਾਸ ਨਾਲ ਸਬੰਧਤ ਬਿੱਲਾਂ ਬਾਰੇ ਵਿਰੋਧੀ ਧਿਰ ਨੇ ਸੰਸਦ ’ਚ ਚਰਚਾ ਨਹੀਂ ਹੋਣ ਦਿੱਤੀ। ‘ਉਨ੍ਹਾਂ ਲਈ ਦੇਸ਼ ਨਾਲੋਂ ਦਲ ਵੱਡਾ ਹੈ। ਤੁਸੀਂ ਲੋਕਾਂ ਨੂੰ ਧੋਖਾ ਦਿੱਤਾ ਹੈ।’ ਉਨ੍ਹਾਂ ਸਵਾਲ ਕੀਤਾ ਕਿ ਬੇਭਰੋਸਗੀ ਮਤੇ ’ਤੇ ਵਿਰੋਧੀ ਧਿਰ ਨੇ ਇਹ ਕਿਹੋ ਜਿਹੀ ਚਰਚਾ ਕੀਤੀ ਹੈ। ‘ਮੈਂ ਸੋਸ਼ਲ ਮੀਡੀਆ ’ਤੇ ਦੇਖ ਰਿਹਾ ਸੀ ਤੁਹਾਡੇ ਦਰਬਾਰੀ ਵੀ ਨਿਰਾਸ਼ ਸਨ। ਇਸ ਚਰਚਾ ਦਾ ਮਜ਼ਾ ਦੇਖੋ, ਵਿਰੋਧੀ ਧਿਰ ਫੀਲਡਿੰਗ ਕਰ ਰਹੀ ਸੀ ਪਰ ਹਾਕਮ ਧਿਰ ਚੌਕੇ ਅਤੇ ਛੱਕੇ ਜੜ ਰਹੀ ਸੀ। ਵਿਰੋਧੀ ਧਿਰ ਬੇਭਰੋਸਗੀ ਮਤੇ ’ਤੇ ਸਿਰਫ਼ ਨੋ-ਬਾਲਾਂ ਹੀ ਕਰ ਰਹੀ ਹੈ।’ ਮੋਦੀ ਨੇ ਕਿਹਾ ਕਿ ਵਿਰੋਧੀ ਆਗੂ ਤਿਆਰੀ ਕਰਕੇ ਸਦਨ ’ਚ ਕਿਉਂ ਨਹੀਂ ਆਉਂਦੇ ਕਿਉਂਕਿ ਉਧਰੋਂ ਨੋ-ਬਾਲਾਂ ’ਤੇ ਨੋ-ਬਾਲਾਂ ਸੁੱਟੀਆਂ ਜਾ ਰਹੀਆਂ ਸਨ ਜਦਕਿ ਹਾਕਮ ਧਿਰ ਸੈਂਕੜੇ ’ਤੇ ਸੈਂਕੜੇ ਬਣਾਈ ਜਾ ਰਹੀ ਸੀ। ਘੁਟਾਲੇ ਮੁਕਤ ਸਰਕਾਰ ਦੇਣ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ 2028 ’ਚ ਬੇਭਰੋਸਗੀ ਦਾ ਮਤਾ ਲੈ ਕੇ ਆਵੇਗੀ ਤਾਂ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਹੋਵੇਗਾ। ਕਾਂਗਰਸ ਵੱਲ ਨਿਸ਼ਾਨਾ ਸੇਧਦਿਆਂ ਉਨ੍ਹਾਂ ਕਿਹਾ ਕਿ ਕੇਂਦਰ ’ਚ ਉਸ ਦੀ ਸਰਕਾਰ ਸਮੇਂ ਦਹਿਸ਼ਤੀ ਹਮਲਿਆਂ ਲਈ ਉਹ ਪਾਕਿਸਤਾਨ ਦੇ ਬਿਆਨਾਂ ’ਤੇ ਭਰੋਸਾ ਕਰਦੀ ਆਈ ਸੀ ਪਰ ਭਾਰਤੀ ਫ਼ੌਜ ਦੀ ਬਹਾਦਰੀ ’ਤੇ ਉਸ ਨੂੰ ਕੋਈ ਵਿਸ਼ਵਾਸ ਨਹੀਂ ਸੀ। ‘ਕਸ਼ਮੀਰ ’ਚ ਉਹ ਆਮ ਆਦਮੀ ’ਤੇ ਨਹੀਂ ਸਗੋਂ ਵੱਖਵਾਦੀਆਂ ਅਤੇ ਪਾਕਿਸਤਾਨੀ ਝੰਡਾ ਚੁੱਕਣ ਵਾਲਿਆਂ ’ਤੇ ਭਰੋਸਾ ਕਰਦੇ ਸਨ।
ਇਸੇ ਕਾਰਨ ਕਾਂਗਰਸ ’ਚ ਲੋਕਾਂ ਦਾ ਭਰੋਸਾ ਨਹੀਂ ਰਿਹਾ।’ ਮੋਦੀ ਨੇ ਕਿਹਾ ਕਿ ਵਿਰੋਧੀ ਧਿਰਾਂ ’ਚ ਹੰਕਾਰ ਅਤੇ ਬੇਭਰੋਸਗੀ ਦੀ ਭਾਵਨਾ ਇੰਨੀ ਹੈ ਕਿ ਉਨ੍ਹਾਂ ਦੀ ਮਾਨਸਿਕਤਾ ‘ਸ਼ੁਤਰਮੁਰਗ’ ਵਰਗੀ ਹੋ ਗਈ ਹੈ ਜਦਕਿ ਦੇਸ਼ ’ਚ ਨਵੇਂ ਭਰੋਸੇ, ਊਰਜਾ ਅਤੇ ਸੰਕਲਪ ਦਾ ਉਦੈ ਹੋ ਰਿਹਾ ਹੈ ਜਿਸ ਦੀ ਆਲਮੀ ਭਰੋਸੇਯੋਗਤਾ ਨਵੀਆਂ ਉਚਾਈਆਂ ’ਤੇ ਪਹੁੰਚ ਰਹੀ ਹੈ। ਮੋਦੀ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਵਿਰੋਧੀ ਧਿਰ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਪਰ ਕੁਝ ਵੀ ਨਹੀਂ ਹੋਇਆ। ਵਿਰੋਧੀ ਆਗੂਆਂ ਵੱਲੋਂ ਬੈਂਕਿੰਗ ਸੈਕਟਰ, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਅਤੇ ਲਾਈਫ਼ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਨੂੰ ਨਿਸ਼ਾਨਾ ਬਣਾਉਣ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰੀ ਖੇਤਰ ਦੇ ਬੈਂਕ, ਐੱਚਏਐੱਲ ਅਤੇ ਐੱਲਆਈਸੀ ਹੁਣ ਰਿਕਾਰਡਤੋੜ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਬਹੁਤ ਹੀ ਮਹੱਤਵਪੂਰਨ ਦੌਰ ’ਚੋਂ ਗੁਜ਼ਰ ਰਿਹਾ ਹੈ ਅਤੇ ਇਸ ਦਾ ਅਸਰ ਅਗਲੇ ਇਕ ਹਜ਼ਾਰ ਸਾਲ ਤੱਕ ਮਹਿਸੂਸ ਹੋਵੇਗਾ। ਨੀਤੀ ਆਯੋਗ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ’ਚ 13.5 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਆ ਗਏ ਹਨ।