ਮਨੀਪੁਰ ਦੀ ਘਟਨਾ ਨਾਲ ਹਿੰਦੋਸਤਾਨ ਕੰਬ ਉਠਿਆ

ਮਨੀਪੁਰ ਦੀ ਘਟਨਾ ਨਾਲ ਹਿੰਦੋਸਤਾਨ ਕੰਬ ਉਠਿਆ

ਮਨੀਪੁਰ ਦੀ ਘਟਨਾ ਨਾਲ ਹਿੰਦੋਸਤਾਨ ਕੰਬ ਉਠਿਆ

– ਔਰਤਾਂ ਵਿਰੁੱਧ ਹੋਏ ਹੌਲਨਾਕ ਅਪਰਾਧ ਦੇ ਦੋਸ਼ੀਆਂ ਨੂੰ ਸਜ਼ਾ ਦਿਓ – ਹਿੰਸਾ ਦੀ ਅੱਗ ’ਚ ਸੁਲਘ ਰਿਹਾ ਮਨੀਪੁਰ – ਘਟਨਾ ਦੇ ਦੋਸ਼ੀਆਂ ਨੂੰ ਮਿਲੇ ਮੌਤ ਦੀ ਸਜ਼ਾ – ਦੁਨੀਆ ਦੇ ਸਾਹਮਣੇ ਮਨੀਪੁਰ ਦੀ ਭਿਆਨਕ ਘਟਨਾ ਨੇ ਸਾਰੇ ਦੇਸ਼ ਵਾਸੀਆਂ ਦਾ ਸਿਰ ਨੀਵਾਂ ਕਰ ਦਿੱਤਾ


-ਡਾ.ਐਲਾਂਗਬਮ ਵਿਜੈਲਕਸ਼ਮੀ
ਮਨੀਪੁਰ ’ਚ ਦੋ ਔਰਤਾਂ ਨਾਲ ਜਨਤਕ ਤੌਰ ’ਤੇ ਸ਼ਰਮਨਾਕ ਵਰਤਾਰੇ ਦੀ ਗ਼ੈਰ-ਮਨੁੱਖੀ ਘਟਨਾ ਨਾਲ ਪੂਰੇ ਦੇਸ਼ ’ਚ ਗੁੱਸੇ ਦੀ ਲਹਿਰ ਹੈ। ਇਸ ਘਟਨਾ ਤੋਂ ਬਾਅਦ ਸੂਬੇ ’ਚ ਮੈਤੀ ਅਤੇ ਕੁਕੀ ਦਰਮਿਆਨ ਨਵੇਂ ਸਿਰੇ ਤੋਂ ਤਣਾਅ ਭੜਕਣ ਦਾ ਖ਼ਦਸ਼ਾ ਹੈ। ਮਨੀਪੁਰ ’ਚ ਮੈਤੀ ਅਤੇ 34 ਜਨਜਾਤੀਆਂ ਸਦੀਆਂ ਤੋਂ ਇਕੱਠੀਆਂ ਰਹਿ ਰਹੀਆਂ ਹਨ। ਮਨੀਪੁਰ ਮੁੱਖ ਤੌਰ ’ਤੇ ਪਹਾੜੀ ਸੂਬਾ ਹੈ। ਮੈਦਾਨੀ ਇਲਾਕੇ ਦੇ ਤਕਰੀਬਨ 10 ਫ਼ੀਸਦੀ ਹਿੱਸੇ ’ਚ ਮੈਤੀ ਅਤੇ 90 ਫ਼ੀਸਦੀ ਪਹਾੜੀ ਇਲਾਕੇ ’ਚ ਜਨਜਾਤੀਆਂ ਰਹਿੰਦੀਆਂ ਹਨ। ਕਈ ਤਿਉਹਾਰਾਂ ਦੇ ਸੰਸਕਾਰ ਅਜਿਹੇ ਹਨ ਜੋ ਮੈਤੀ ਅਤੇ ਜਨਜਾਤੀਆਂ ਦੇ ਮਜ਼ਬੂਤ ਸਬੰਧਾਂ ਨੂੰ ਪ੍ਰਮਾਣਿਤ ਕਰਦੇ ਹਨ।
ਮੈਤੀ ਸ਼ਾਸਨ ’ਚ ਉਸ ਸਮੇਂ ਤਬਦੀਲੀ ਆਈ, ਜਦੋਂ 18ਵੀਂ ਸਦੀ ’ਚ ਰਾਜਾ ਪਾਮਹੈਬਾ ਵੈਸ਼ਣਵ ਬਣ ਗਿਆ। ਨਤੀਜੇ ਵਜੋਂ ਜ਼ਿਆਦਾਤਰ ਮੈਤੀ ਵੈਸ਼ਣਵ ਮਤ ਦੇ ਪੈਰੋਕਾਰ ਬਣ ਗਏ। 1891 ’ਚ ਅੰਗਰੇਜ਼ਾਂ ਹੱਥੋਂ ਮਨੀਪੁਰ ਦੀ ਹਾਰ ਹੋਈ ਅਤੇ ਫਿਰ 1945 ’ਚ ਇਹ ਦੂਜੇ ਵਿਸ਼ਵ ਯੁੱਧ ਦਾ ਗਵਾਹ ਬਣ ਗਿਆ। ਇਸ ਯੁੱਧ ਤੋਂ ਬਾਅਦ ਜਮਹੂਰੀ ਤਰੀਕੇ ਨਾਲ ਮਹਾਰਾਜਾ ਬੋਧਚੰਦਰ ਦੀ ਅਗਵਾਈ ’ਚ ਮਨੀਪੁਰ ਐਕਟ, 1947 ਬਣਿਆ। ਜਦੋਂ ਭਾਰਤ ਆਜ਼ਾਦ ਹੋਇਆ, ਉਦੋਂ ਮਨੀਪੁਰ ਇਕ ਆਜ਼ਾਦ ਇਲਾਕਾ ਸੀ ਤੇ ਇਸ ਦਾ ਆਪਣਾ ਸੰਵਿਧਾਨ ਸੀ। ਦੂਜੇ ਵਿਸ਼ਵ ਯੁੱਧ ਦੇ ਪ੍ਰਭਾਵ ਨਾਲ ਮਨੀਪੁਰ ਦੀ ਸਮਾਜਿਕ, ਸਿਆਸੀ, ਆਰਥਿਕ ਅਤੇ ਸੱਭਿਆਚਾਰਕ ਹਾਲਾਤ ਬਦਲੇ। 1949 ’ਚ ਮਨੀਪੁਰ ਦੇ ਮਹਾਰਾਜਾ ਬੋਧਚੰਦਰ ਅਤੇ ਭਾਰਤ ਸਰਕਾਰ ਦਰਮਿਆਨ ਇਕ ਸੰਧੀ ਤਹਿਤ ਮਨੀਪੁਰ ਸਟੇਟ ਦਾ ਭਾਰਤ ’ਚ ਰਲੇਵਾਂ ਹੋਇਆ। 1956 ’ਚ ਮਨੀਪੁਰ ਕੇਂਦਰ ਸ਼ਾਸਤ ਪ੍ਰਦੇਸ਼ ਬਣਿਆ। 1972 ’ਚ ਉਸ ਨੂੰ ਪੂਰਨ ਰਾਜ ਦਾ ਦਰਜਾ ਮਿਲਿਆ ਅਤੇ 34 ਜਨਜਾਤੀਆਂ ਨੂੰ ਅਨੁਸੂਚਿਤ ਜਨਜਾਤੀ ਦੀ ਮਾਨਤਾ ਮਿਲੀ।
ਮਨੀਪੁਰ ’ਚ ਕੁਝ ਅਜਿਹੀਆਂ ਜਨਜਾਤੀਆਂ ਵੀ ਹਨ, ਜੋ ਆਪਣੇ ਆਪ ਨੂੰ ਨਾ ਕੁਕੀ ਮੰਨਦੀਆਂ ਹਨ ਤੇ ਨਾ ਹੀ ਨਗਾ। ਮਨੀਪੁਰ ’ਚ ਇਸਲਾਮ ਮੰਨਣ ਵਾਲੇ ਵੀ ਹਨ, ਜਿਨ੍ਹਾਂ ਨੂੰ ਮੈਤੀ ਪਾਂਗਲ ਕਹਿੰਦੇ ਹਨ। ਨੇਪਾਲ, ਬਿਹਾਰ ਤੋਂ ਇਲਾਵਾ ਜੈਨ ਭਾਈਚਾਰੇ ਦੇ ਲੋਕ ਵੀ ਇੱਥੇ ਹਨ।
ਨਗਾ ਅਤੇ ਮੈਤੀ ਲੋਕਾਂ ਨੂੰ ਹੀ ਮਨੀਪੁਰ ਦਾ ਮੂਲ ਵਾਸੀ ਮੰਨਿਆ ਜਾਂਦਾ ਹੈ। ਬਾਕੀ ਭਾਈਚਾਰੇ ਇੱਥੇ ਬਾਅਦ ’ਚ ਆਏ। ਕੁਕੀ ਲੋਕਾਂ ਦਾ ਮਨੀਪੁਰ ਤੋਂ ਆਗਮਨ 1844 ਤੋਂ ਸ਼ੁਰੂ ਹੋਇਆ। ਕੁਕੀ ਬਰਮਾ ਯਾਨੀ ਮਿਆਂਮਾਰ ਤੋਂ ਆ ਕੇ ਇੱਥੋਂ ਦੀਆਂ ਪਹਾੜੀਆਂ ’ਚ ਵਸਦੇ ਰਹੇ। ਉਨ੍ਹਾਂ ਦਾ ਆਗਮਨ ਜਾਰੀ ਹੈ। ਜੋ ਕੁਕੀ ਮਨੀਪੁਰ ਆ ਚੁੱਕੇ ਹਨ, ਉਹ ਆਪਣੇ ਲਈ ਵੱਖਰਾ ਸਥਾਨ ਅਤੇ ਪ੍ਰਸ਼ਾਸਨ ਚਾਹੁੰਦੇ ਹਨ। ਚੂੜਚੰਦਪੁਰ ’ਤੇ ਕੁਕੀ ਆਪਣਾ ਦਾਅਵਾ ਕਰਦੇ ਹਨ ਜਦਕਿ ਇਸ ਨੂੰ ਮੈਤੀ ਮਹਾਰਾਜਾ ਚੂੜਾਚਾਂਦ ਦੇ ਨਾਂ ’ਤੇ ਵਸਾਇਆ ਗਿਆ ਸੀ। ਬਾਅਦ ’ਚ ਇਸ ਖੇਤਰ ਤੋਂ ਹੀ ਮੈਤੀ ਲੋਕਾਂ ਨੂੰ ਭੱਜਣਾ ਪਿਆ। ਮਨੀਪੁਰ ’ਚ ਇਕ ਫਿਰਕੇ ਦਾ ਦੂਜੇ ਨਾਲ ਸੰਘਰਸ਼ ਅਤੇ ਸਹਿਹੋਂਦ ਵੀ ਰਹੀ ਹੈ। 20ਵੀਂ ਸਦੀ ਦੇ ਆਖ਼ਰੀ ਦਹਾਕਿਆਂ ’ਚ ਨਗਾ-ਕੁਕੀ, ਮੈਤੀ-ਮੈਤੀ ਪਾਂਗਲ ਅਤੇ ਕੁਕੀ-ਪਾਈਤੇ ਦਰਮਿਆਨ ਦੰਗੇ ਹੋਏ। 1993 ’ਚ ਨਗਾ-ਕੁਕੀ ’ਚ ਹੋਏ ਦੰਗਿਆਂ ਤੋਂ ਬਾਅਦ ਦੋਵਾਂ ’ਚ ਸਮਝੌਤਾ ਮੈਤੀ ਭਾਈਚਾਰੇ ਨੇ ਕਰਵਾਇਆ।
ਹਾਲ ਹੀ ’ਚ ਮਨੀਪੁਰ ’ਚ ਮੈਤੀ ਅਤੇ ਕੁਕੀ ਦਰਮਿਆਨ ਫਿਰਕੂ ਸੰਘਰਸ਼ ਦੀ ਸ਼ੁਰੂਆਤ ਤਿੰਨ ਮਈ ਨੂੰ ਉਦੋਂ ਹੋਈ, ਜਦੋਂ ਆਲ ਟਰਾਈਬਲ ਸਟੂਡੈਂਟਸ ਯੂਨੀਅਨ ਨੇ ਮੈਤੀ ਲੋਕਾਂ ਨੂੰ ਜਨਜਾਤੀ ਦਾ ਦਰਜਾ ਦੇਣ ਦੀ ਪਹਿਲ ਖ਼ਿਲਾਫ਼ ਰੈਲੀ ਕੱਢੀ। ਚੂੜਚੰਦਪੁਰ ਦੀ ਰੈਲੀ ’ਚ ਜਦੋਂ ਕੁਝ ਬੰਦੂਕਧਾਰੀ ਸ਼ਾਮਲ ਹੋ ਗਏ ਤਾਂ ਹਿੰਸਾ ਭੜਕ ਉੱਠੀ। ਇਸ ਹਿੰਸਾ ਦਾ ਇਕ ਕਾਰਨ ਸੂਬਾ ਸਰਕਾਰ ਵੱਲੋਂ ਵਾਤਾਵਰਨ ਅਤੇ ਜੰਗਲਾਂ ਦੀ ਰੱਖਿਆ ਲਈ ਚੁੱਕੇ ਗਏ ਕਦਮਾਂ ਦੇ ਨਾਲ-ਨਾਲ ਅਫ਼ੀਮ ਦੀ ਖੇਤੀ ਖ਼ਿਲਾਫ਼ ਚਲਾਈ ਗਈ ਮੁਹਿੰਮ ਨੂੰ ਵੀ ਮੰਨਿਆ ਜਾ ਰਿਹਾ ਹੈ। ਇਸ ਮੁਹਿੰਮ ਨਾਲ ਚੂੜਚੰਦਪੁਰ ਅਤੇ ਕਾਡਪੋਕਪੀ ਜ਼ਿਲ੍ਹੇ ’ਚ ਅਸੰਤੁਸ਼ਟੀ ਪੈਦਾ ਹੋਈ। 28 ਅਪ੍ਰੈਲ ਨੂੰ ਚੂੜਚੰਦਪੁਰ ’ਚ ਮੁੱਖ ਮੰਤਰੀ ਨੇ ਇਕ ਜਿਮ ਦੇ ਉਦਘਾਟਨ ਲਈ ਆਉਣਾ ਸੀ। ਇਸ ਤੋਂ ਇਕ ਦਿਨ ਪਹਿਲਾਂ ਕੁਕੀ ਭਾਈਚਾਰੇ ਦੀ ਇਕ ਜਥੇਬੰਦੀ ਨੇ ਬੰਦ ਦਾ ਐਲਾਨ ਕਰ ਦਿੱਤਾ ਤੇ ਜਿਮ ਨੂੰ ਨਸ਼ਟ ਕਰ ਦਿੱਤਾ। ਇਸ ਨਾਲ ਤਣਾਅ ਫੈਲਿਆ। ਇਸੇ ਤਣਾਅ ਦਰਮਿਆਨ ਹਾਈ ਕੋਰਟ ਦਾ ਇਹ ਹੁੁਕਮ ਆਇਆ ਕਿ ਸਰਕਾਰ ਮੈਤੀ ਨੂੰ ਜਨਜਾਤੀ ਦਾ ਦਰਜਾ ਦੇਣ ’ਤੇ ਵਿਚਾਰ ਕਰੇ। ਇਸ ਨਾਲ ਮਾਹੌਲ ਹੋਰ ਵਿਗੜਿਆ।
ਚੂੜਚੰਦਪੁਰ ਅਤੇ ਮੋਰੇ ’ਚ ਮੈਤੀ ਲੋਕਾਂ ’ਤੇ ਹਮਲੇ ਸ਼ੁਰੂ ਹੋ ਗਏ। ਉਨ੍ਹਾਂ ਦੇ ਘਰ ਅਤੇ ਮੰਦਰ ਸਾੜੇ ਜਾਣ ਲੱਗੇ। ਹਜ਼ਾਰਾਂ ਮੈਤੀ ਲੋਕਾਂ ਨੂੰ ਭੱਜਣਾ ਪਿਆ। ਪੁਲਿਸ ਹਿੰਸਕ ਭੀੜ ਨੂੰ ਕਾਬੂ ਨਹੀਂ ਕਰ ਸਕੀ। ਮੈਤੀ ਲੋਕਾਂ ’ਤੇ ਹਮਲੇ ਦੀ ਪ੍ਰਤੀਕਿਰਿਆ ’ਚ ਇੰਫਾਲ ਪੂਰਬ-ਪੱਛਮ, ਵਿਸ਼ਨੂੰਪੁਰ, ਥੌਬਾਲ ਆਦਿ ’ਚ ਚਿਨ ਕੁਕੀ, ਮਿਜ਼ੋ, ਹਮਾਰ ਲੋਕਾਂ ਦੇ ਘਰਾਂ ਤੇ ਦੁਕਾਨਾਂ ਨੂੰ ਲੁੱਟਿਆ ਤੇ ਸਾੜਿਆ ਜਾਣ ਲੱਗਿਆ। ਬਾਅਦ ’ਚ ਮੈਤੀ ਲੋਕਾਂ ਦੇ ਪਿੰਡਾਂ ਦੇ ਪਹਾੜਾਂ ਤੋਂ ਗੋਲੀਆਂ ਵਰ੍ਹਾਈਆਂ ਜਾਣ ਲੱਗੀਆਂ ਤੇ ਨਾਲ ਹੀ ਪੁਲਿਸ ਅਤੇ ਸੁਰੱਖਿਆ ਬਲਾਂ ’ਤੇ ਵੀ ਹਮਲੇ ਸ਼ੁਰੂ ਹੋ ਗਏ।
ਸਵਾਲ ਉੱਠ ਰਹੇ ਹਨ ਕਿ ਫ਼ੌਜ ਦੀ ਮੌਜੂਦਗੀ ’ਚ ਵੀ ਹਿੰਸਾ ਕਿਉਂ ਹੋ ਰਹੀ ਹੈ? ਪੁਲਿਸ ਅਤੇ ਸੁਰੱਖਿਆ ਬਲਾਂ ’ਤੇ ਵੀ ਪੱਖਪਾਤ ਦੇ ਦੋਸ਼ ਲੱਗ ਰਹੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚਾਰ ਦਿਨਾ ਮਨੀਪੁਰ ਯਾਤਰਾ ਤੋਂ ਬਾਅਦ ਲੋਕਾਂ ’ਚ ਉਮੀਦ ਜਾਗੀ ਕਿ ਹੁਣ ਹਿੰਸਾ ਰੁਕ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਹਿੰਸਾ ਦੇ 39ਵੇਂ ਦਿਨ ਰਾਜਪਾਲ ਅਨੁਸੂਈਆ ਉਈਕੇ ਦੀ ਅਗਵਾਈ ’ਚ 51 ਮੈਂਬਰਾਂ ਦੀ ਇਕ ਸ਼ਾਂਤੀ ਕਮੇਟੀ ਬਣੀ। ਇਸ ਦੇ ਮੈਂਬਰਾਂ ’ਚ ਮਤਭੇਦ ਕਾਰਨ ਇਸ ਕਮੇਟੀ ਦੀ ਇਕ ਬੈਠਕ ਤੱਕ ਨਹੀਂ ਹੋ ਸਕੀ। ਹਿੰਸਾ ਨੂੰ ਲੈ ਕੇ ਰਾਜਨੀਤੀ ਵੀ ਹੋ ਰਹੀ ਹੈ। ਮਨੀਪੁਰ ਸਰਕਾਰ ਦੇ 10 ਕੁਕੀ ਵਿਧਾਇਕ ਵੱਖਰੇ ਪ੍ਰਸ਼ਾਸਨਿਕ ਢਾਂਚੇ ਦੀ ਮੰਗ ਕਰ ਰਹੇ ਹਨ। ਕੁਕੀ ਲੋਕਾਂ ਦਾ ਦਾਅਵਾ ਹੈ ਕਿ ਮੈਤੀ ਆਰਥਿਕ ਤੌਰ ’ਤੇ ਖ਼ੁਸ਼ਹਾਲ ਹਨ ਤੇ ਸਰਕਾਰੀ ਨੌਕਰੀਆਂ ’ਚ ਵੀ ਉਨ੍ਹਾਂ ਦੀ ਗਿਣਤੀ ਜ਼ਿਆਦਾ ਹੈ ਪਰ ਸੱਚ ਤਾਂ ਇਹ ਹੈ ਕਿ ਕੁਕੀ ਲੋਕਾਂ ਦੀ ਗਿਣਤੀ ਵੀ ਘੱਟ ਨਹੀਂ ਹੈ।
ਮਨੀਪੁਰ ’ਚ ਨਸ਼ਿਆਂ ਦਾ ਕਾਰੋਬਾਰ ਬੜਾ ਫੈਲਿਆ ਹੋਇਆ ਹੈ। ਇੱਥੇ ਅਫ਼ੀਮ ਦੀ ਵਧਦੀ ਖੇਤੀ ਨੂੰ ਦੇਖਦਿਆਂ ਲੋਕਾਂ ਨੂੰ ਡਰ ਹੈ ਕਿ ਕਿਤੇ ਮਨੀਪੁਰ ਨਸ਼ਿਆਂ ਦਾ ਗੜ੍ਹ ਨਾ ਬਣ ਜਾਵੇ। ਇਕ ਡਰ ਮਿਆਂਮਾਰ ਤੋਂ ਵੱਡੀ ਗਿਣਤੀ ’ਚ ਆ ਰਹੇ ਕੁਕੀ ਲੋਕਾਂ ਨੂੰ ਲੈ ਕੇ ਵੀ ਹੈ। ਉਹ ਅਫ਼ੀਮ ਦੀ ਖੇਤੀ ਕਰਦੇ ਹਨ। ਕੁਕੀ ਅੱਤਵਾਦੀ ਜਥੇਬੰਦੀਆਂ ਮਿਆਂਮਾਰ ਤੋਂ ਹੈਰੋਇਨ ਦਾ ਵਪਾਰ ਕਰਨ ਲਈ ਸਰਹੱਦੀ ਸ਼ਹਿਰ ਮੋਰੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ। ਮਿਆਂਮਾਰ ਦਾ ਚਿਨ ਨੈਸ਼ਨਲ ਆਰਮੀ ਅੱਤਵਾਦੀ ਸਮੂਹ ਵੀ ਮਨੀਪੁਰ ਦੇ ਪਹਾੜੀ ਜ਼ਿਲਿਆਂ ਅਤੇ ਸਰਹੱਦੀ ਇਲਾਕਿਆਂ ’ਚ ਵੱਡੇ ਪੱਧਰ ’ਤੇ ਅਫ਼ੀਮ ਦੀ ਖੇਤੀ ਕਰਦਾ ਹੈ। ਇੰਫਾਲ ਦੇ ਇਕ ਕੁਕੀ ਇਲਾਕੇ ’ਚ ਨਸ਼ੇ ਬਣਾਉਣ ਵਾਲੀ ਇਕ ਮੋਬਾਈਲ ਲੈਬ ਮਿਲ ਚੁੱਕੀ ਹੈ। ਨਸ਼ਿਆਂ ਦੇ ਕਾਰੋਬਾਰ ’ਚ ਸਿਆਸੀ ਤੌਰ ’ਤੇ ਸ਼ਕਤੀਸ਼ਾਲੀ ਲੋਕ ਵੀ ਸ਼ਾਮਲ ਹਨ। ਇਨ੍ਹਾਂ ’ਚੋਂ ਕੁਝ ਅਜਿਹੇ ਹਨ, ਜੋ ਬੰਦੂਕਧਾਰੀਆਂ ਦੇ ਸਹਾਰੇ ਚੋਣਾਂ ਵੀ ਜਿੱਤ ਜਾਂਦੇ ਹਨ। ਇਕ ਅੱਤਵਾਦੀ ਸਮੂਹ ਹਥਿਆਰਾਂ ਦੇ ਸਹਾਰੇ ਕੁਕੀ ਹੋਮਲੈਂਡ ਦਾ ਸੁਪਨਾ ਦੇਖ ਰਿਹਾ ਹੈ।
ਮਨੀਪੁਰ ’ਚ ਤਮਾਮ ਲੋਕ ਕੁਝ ਸਮਾਂ ਪਹਿਲਾਂ ਚੰਗੀ ਜ਼ਿੰਦਗੀ ਬਸਰ ਕਰ ਰਹੇ ਸਨ, ਹਿੰਸਾ ਤੋਂ ਬਾਅਦ ਅਚਾਨਕ ਸੜਕ ’ਤੇ ਆ ਗਏ ਹਨ। ਕਿੰਨਿਆਂ ਨੇ ਆਪਣਿਆਂ ਨੂੰ ਗੁਆ ਦਿੱਤਾ ਹੈ। ਹਿੰਸਾ ਅਤੇ ਤਣਾਅ ਦਰਮਿਆਨ ਮਿਆਂਮਾਰ ਤੋਂ ਹੋਣ ਵਾਲੀ ਘੁਸਪੈਠ ਰੁਕੀ ਨਹੀਂ ਹੈ। ਕੁਕੀ ਸਮੂਹਾਂ ਦੇ ਹਥਿਆਰਬੰਦ ਅਨਸਰ ਹਾਲੇ ਵੀ ਬੇਕਾਬੂ ਹਨ। ਮਨੀਪੁਰ ਦੀ ਹਿੰਸਾ ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਸ ਦੀ ਗੰਭੀਰਤਾ ਨੂੰ ਸਮਝਣ ਦੀ ਜ਼ਰੂਰਤ ਹੈ ਨਹੀਂ ਤਾਂ ਦੇਰ ਹੋ ਜਾਵੇਗੀ।