ਮਨੀਪੁਰ ਜਿਨਸੀ ਹਮਲਾ: ਮਾਮਲੇ ਦੀ ਜਾਂਚ ਸੀਬੀਆਈ ਕਰੇਗੀ

ਮਨੀਪੁਰ ਜਿਨਸੀ ਹਮਲਾ: ਮਾਮਲੇ ਦੀ ਜਾਂਚ ਸੀਬੀਆਈ ਕਰੇਗੀ

ਵੀਡੀਓ ਬਣਾਉਣ ਵਾਲਾ ਵਿਅਕਤੀ ਗ੍ਰਿਫ਼ਤਾਰ, ਪੁਲੀਸ ਨੇ ਮੁਲਜ਼ਮ ਦਾ ਮੋਬਾਈਲ ਕਬਜ਼ੇ ਵਿੱਚ ਲਿਆ
ਨਵੀਂ ਦਿੱਲੀ- ਸੀਬੀਆਈ ਮਨੀਪੁਰ ਵਿੱਚ ਦੋ ਆਦਿਵਾਸੀ ਮਹਿਲਾਵਾਂ, ਜਿਨ੍ਹਾਂ ਨੂੰ ਨਗਨ ਕਰਕੇ ਘੁਮਾਇਆ ਗਿਆ ਸੀ, ’ਤੇ ਜਿਨਸੀ ਹਮਲੇ ਨਾਲ ਸਬੰਧਤ ਕੇਸ ਦੀ ਜਾਂਚ ਕਰੇਗੀ। ਸਰਕਾਰ ਦੇ ਸਿਖਰਲੇ ਅਧਿਕਾਰੀ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ ਨਸਲੀ ਹਿੰਸਾ ਦੇ ਝੰਬੇ ਸੂਬੇ ਵਿੱਚ ਸਾਰੇ ਘਿਣਾਉਣੇ ਅਪਰਾਧਾਂ ਦੇ ਮੁਲਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਅਧਿਕਾਰੀ ਨੇ ਕਿਹਾ ਕਿ ਸਰਕਾਰ ਇਸ ਕੇਸ, ਜਿਸ ਦੀ ਤਫਸੀਲ ਪਿਛਲੇ ਹਫਤੇ ਲੀਕ ਹੋਈ ਵੀਡੀਓ ਮਗਰੋੋਂ ਸਾਹਮਣੇ ਆਈ ਹੈ, ਵਿੱਚ ਟਰਾਇਲ ਦੀ ਮੰਗ ਕਰੇਗੀ। ਅਧਿਕਾਰੀ ਨੇ ਕਿਹਾ ਕਿ ਮਹਿਲਾਵਾਂ ਦੀ ਨਗਨ ਪਰੇਡ ਦੀ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦਾ ਮੋਬਾਈਲ ਫੋਨ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਅਧਿਕਾਰੀ ਮੁਤਾਬਕ ਇਸ ਫੋਨ ਤੋਂ ਵੀਡੀਓ ਦੀ ਲੀਕੇਜ ਸਣੇ ਪੂਰੇ ਘਟਨਾਕ੍ਰਮ ਦੀ ਤਰਤੀਬ ਬਾਰੇ ਪਤਾ ਲਾਇਆ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਸਰਕਾਰ ਕੇਸ ਦਾ ਟਰਾਇਲ ਮਨੀਪੁਰ ਤੋਂ ਬਾਹਰ ਚਲਾਉਣ ਬਾਰੇ ਸੁਪਰੀਮ ਕੋਰਟ ਦਾ ਰੁਖ਼ ਕਰ ਸਕਦੀ ਹੈ। ਅਧਿਕਾਰੀ ਨੇ ਦਾਅਵਾ ਕੀਤਾ ਕਿ ਕੇਂਦਰੀ ਗ੍ਰਹਿ ਮੰਤਰਾਲਾ ਮੈਤੇਈ ਤੇ ਕੁਕੀ, ਦੋਵੇਂ ਭਾਈਚਾਰਿਆਂ ਦੇ ਸੰਪਰਕ ਵਿੱਚ ਹੈ ਤੇ ਸੂਬੇ ਵਿੱਚ ਅਮਨ ਬਹਾਲੀ ਲਈ ਗੱਲਬਾਤ ਅਗਲੇਰੇ ਪੜਾਅ ਵਿੱਚ ਹੈ। ਇਕ ਅਨੁਮਾਨ ਮੁਤਾਬਕ ਮਨੀਪੁਰ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਜਾਰੀ ਨਸਲੀ ਹਿੰਸਾ ਵਿਚ ਹੁਣ ਤੱਕ 150 ਦੇ ਕਰੀਬ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਅਧਿਕਾਰੀਆਂ ਦੀ ਮੰਨੀਏ ਤਾਂ ਮਨੀਪੁਰ ਹਿੰਸਾ ਨਾਲ ਸਬੰਧਤ ਪੰਜ ਗੰਭੀਰ ਕੇਸ ਪਹਿਲਾਂ ਹੀ ਸੀਬੀਆਈ ਹਵਾਲੇ ਕੀਤੇ ਜਾ ਚੁੱਕੇ ਹਨ।