ਮਨੀਪੁਰ: ਇੰਫਾਲ ਪੱਛਮੀ ਵਿੱਚ ਮੁੜ ਝੜਪਾਂ

ਮਨੀਪੁਰ: ਇੰਫਾਲ ਪੱਛਮੀ ਵਿੱਚ ਮੁੜ ਝੜਪਾਂ

ਨਗਰ ਕੌਂਸਲਾਂ, ਬਿਜਲੀ, ਸਿਹਤ, ਪੀਐੱਚਈਡੀ ਵਿਭਾਗ ਦੇ ਅਧਿਕਾਰੀਆਂ, ਮੀਡੀਆ ਕਰਮੀਆਂ ਤੇ ਹਵਾਈ ਅੱਡੇ ਜਾਣ ਵਾਲੇ ਯਾਤਰੀਆਂ ਨੂੰ ਕਰਫਿਊ ਤੋਂ ਛੋਟ
ਇੰਫਾਲ- ਇੰਫਾਲ ਦੀ ਵਿਸ਼ੇਸ਼ ਅਦਾਲਤ ਵੱਲੋਂ ਜ਼ਮਾਨਤ ’ਤੇ ਰਿਹਾਅ ਕੀਤੇ ਗਏ ਪੰਜ ਵਿਲੇਜ ਡਿਫੈਂਸ ਵਾਲੰਟੀਅਰਾਂ ’ਚੋਂ ਇੱਕ ਨੂੰ ਮੁੜ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਇੰਫਾਲ ਪੱਛਮੀ ਦੇ ਕੁੱਝ ਇਲਾਕਿਆਂ ਵਿੱਚ ਸ਼ੁੱਕਰਵਾਰ ਰਾਤ ਨੂੰ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਮੁੜ ਝੜਪਾਂ ਹੋ ਗਈਆਂ। ਉਧਰ ਮਨੀਪੁਰ ਸਰਕਾਰ ਨੇ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦੇ ਉਸ ਦੇ ਹੁਕਮਾਂ ਦੇ ਬਾਵਜੂਦ 20 ਸਤੰਬਰ ਨੂੰ ਚੂਰਾਚਾਂਦਪੁਰ ਤੇ ਨਾਲ ਲੱਗਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਮੋਬਾਈਲ ਫੋਨਾਂ ’ਤੇ ਇੰਟਰਨੈੱਟ ਡੇਟਾ ਸੇਵਾਵਾਂ ਜਾਰੀ ਰੱਖਣ ਨੂੰ ਲੈ ਕੇ ਇੱਕ ਨਿੱਜੀ ਟੈਲੀਕਾਮ ਕੰਪਨੀ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਹੈ। ਵੀਰਵਾਰ ਨੂੰ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਥਾਣਿਆਂ ਵਿੱਚ ਹੰਗਾਮਾ ਕਰਦੇ ਹੋਏ ਉਨ੍ਹਾਂ ਪੰਜ ਵਿਲੇਜ ਡਿਫੈਂਸ ਵਾਲੰਟੀਅਰਾਂ ਦੀ ਰਿਹਾਈ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਅਤਿ-ਆਧੁਨਿਕ ਹਥਿਆਰ ਰੱਖਣ ਅਤੇ ਫ਼ੌਜ ਦੀ ਵਰਦੀ ਨਾਲ ਮੇਲ ਖਾਂਦੀ ਵਰਦੀ ਪਹਿਨਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਇੰਫਾਲ ਪੂਰਬੀ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਸੀ। ਇੰਫਾਲ ਪੂਰਬੀ ਜ਼ਿਲ੍ਹੇ ਦੇ ਪੋਰੋਮਪੇਟ ਤੇ ਹੀਨਗਾਂਗ ਅਤੇ ਇੰਫਾਲ ਪੱਛਮੀ ਜ਼ਿਲ੍ਹੇ ਦੇ ਸਿੰਗਜਾਮੇਈ ਤੇ ਕਵਾਕੀਥੇਲ ਵਿੱਚ ਪ੍ਰਦਰਸ਼ਨਕਾਰੀਆਂ ਵੱਲੋਂ ਪੁਲੀਸ ਥਾਣਿਆਂ ’ਤੇ ਹਮਲੇ ਦੀ ਕੀਤੀ ਗਈ ਕੋਸਿ਼ਸ਼ ਤੋਂ ਬਾਅਦ ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ ਸਣੇ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਸਨ, ਜਿਸ ਮਗਰੋਂ 30 ਤੋਂ ਜ਼ਿਆਦਾ ਲੋਕ ਮਾਮੂਲੀ ਤੌਰ ’ਤੇ ਜ਼ਖ਼ਮੀ ਹੋ ਗਏ ਸਨ। ਇਨ੍ਹਾਂ ਵਿੱਚ ਜ਼ਿਆਦਾਤਰ ਮਹਿਲਾਵਾਂ ਸਨ। ਇਸ ਤੋਂ ਬਾਅਦ ਕਰਫਿਊ ਲਗਾ ਦਿੱਤਾ ਗਿਆ ਸੀ। ਪ੍ਰਸ਼ਾਸਨ ਨੇ ਨਗਰ ਕੌਂਸਲਾਂ, ਬਿਜਲੀ, ਸਿਹਤ, ਪੀਐੱਚਈਡੀ ਵਿਭਾਗ ਦੇ ਅਧਿਕਾਰੀਆਂ, ਮੀਡੀਆ ਕਰਮੀਆਂ ਤੇ ਹਵਾਈ ਅੱਡੇ ਜਾਣ ਵਾਲੇ ਯਾਤਰੀਆਂ ਨੂੰ ਕਰਫਿਊ ਤੋਂ ਛੋਟ ਦਿੱਤੀ ਹੈ। ਥੌਬਲ, ਕਾਕਚਿੰਗ ਤੇ ਬਿਸ਼ਨੂਪੁਰ ਜ਼ਿਲ੍ਹਿਆਂ ਸਣੇ ਇੰਫਾਲ ਵਾਦੀ ਦੇ ਬਾਕੀ ਹਿੱਸਿਆਂ ਵਿੱਚ ਵੀ ਕਰਫਿਊ ’ਚ ਢਿੱਲ ਦਿੱਤੀ ਗਈ ਹੈ। ਥੌਬਲ ਜ਼ਿਲ੍ਹੇ ਵਿੱਚ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਅਤੇ ਬਿਸ਼ਨੂਪੁਰ ਵਿੱਚ ਸਵੇਰੇ 5 ਵਜੇ ਤੋਂ ਸ਼ਾਮ 5 ਵਜੇ ਤੱਕ ਕਰਫਿਊ ’ਚ ਢਿੱਲ ਦਿੱਤੀ ਗਈ ਹੈ।