ਮਨਪ੍ਰੀਤ ਬਾਦਲ ਖ਼ਿਲਾਫ਼ ਵਿਜੀਲੈਂਸ ਨੇ ਪੜਤਾਲ ਤੇਜ਼ ਕੀਤੀ

ਮਨਪ੍ਰੀਤ ਬਾਦਲ ਖ਼ਿਲਾਫ਼ ਵਿਜੀਲੈਂਸ ਨੇ ਪੜਤਾਲ ਤੇਜ਼ ਕੀਤੀ

ਚੰਡੀਗੜ੍ਹ- ਵਿਜੀਲੈਂਸ ਬਿਊਰੋ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਅਨਾਜ ਦੀ ਢੋਆ-ਢੁਆਈ ਦੌਰਾਨ ਹੋਏ ਘਪਲੇ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਜਾਂਚ ਆਰੰਭ ਦਿੱਤੀ ਹੈ। 23 ਅਗਸਤ 2022 ਨੂੰ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੌਜੂਦਾ ਭਾਜਪਾ ਆਗੂ ਸਰੂਪ ਚੰਦ ਸਿੰਗਲਾ ਨੇ ਐੱਸਐੱਸਪੀ ਵਿਜੀਲੈਂਸ ਬਠਿੰਡਾ ਨੂੰ 2017 ਤੋਂ 2022 ਦੌਰਾਨ ਅਨਾਜ ਦੀ ਢੋਆ-ਢੁਆਈ ਦੌਰਾਨ ਗੜਬੜ ਹੋਣ ਸਬੰਧੀ ਸ਼ਿਕਾਇਤ ਦੇ ਕੇ ਮਨਪ੍ਰੀਤ ਬਾਦਲ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ। ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਦੇ ਰਿਸ਼ਤੇਦਾਰ ਨਾਲ ਤਾਇਨਾਤ ਪ੍ਰਾਈਵੇਟ ਡਰਾਈਵਰ ਤੇ ਇੱਕ ਗੰਨਮੈਨ ਦੇ ਬੈਂਕ ਖਾਤੇ ਵੀ ਖੰਗਾਲੇ ਜਾ ਰਹੇ ਹਨ। ਅਹਿਮ ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਜੀਲੈਂਸ ਨੂੰ ਇਸ ਮਾਮਲੇ ਵਿੱਚ ਤੇਜ਼ੀ ਨਾਲ ਨਿਰਪੱਖ ਜਾਂਚ ਕਰਨ ਲਈ ਆਖਿਆ ਹੈ। ਸਿੰਗਲਾ ਨੇ ਇਲਜ਼ਾਮ ਲਾਏ ਸਨ ਕਿ ਮਨਪ੍ਰੀਤ ਦੇ ਰਿਸ਼ਤੇਦਾਰ ਦੇ ਡਰਾਈਵਰ ਜਗਜੀਤ ਸਿੰਘ ਦੇ ਨਾਮ ’ਤੇ ਜੇਬੀ ਕੰਟਰੈਕਟਰ ਫ਼ਰਮ ਬਣਾ ਕੇ ਉਸ ਨੂੰ ਉਕਤ ਕਾਰੋਬਾਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਰੇਂਜ ਬਠਿੰਡਾ ਨੇ ਜਗਜੀਤ ਸਿੰਘ ਨੂੰ ਤਲਬ ਵੀ ਕੀਤਾ ਸੀ ਪਰ ਉਹ ਹਾਜ਼ਰ ਨਹੀਂ ਹੋਇਆ ਸੀ। ਉਸ ਵੇਲੇ ਮਾਮਲੇ ਦੀ ਪੜਤਾਲ ਡੀਐੱਸਪੀ ਕੁਲਵੰਤ ਸਿੰਘ ਕਰ ਰਹੇ ਸਨ, ਜਿਨ੍ਹਾਂ ਤੋਂ ਹੁਣ ਜਾਂਚ ਤਬਦੀਲ ਕਰਾ ਲਈ ਗਈ ਹੈ। ਹੁਣ ਇਸ ਮਾਮਲੇ ਦੀ ਜਾਂਚ ਡੀਐੱਸਪੀ ਸੰਦੀਪ ਸਿੰਘ ਨੂੰ ਸੌਂਪੀ ਗਈ ਹੈ। ਸੂਤਰਾਂ ਅਨੁਸਾਰ ਜਗਜੀਤ ਸਿੰਘ ਦੇ ਖਾਤਿਆਂ ’ਚੋਂ ਹੋਰ ਫਰਮਾਂ ਵਿੱਚ ਲਗਾਈ ਗਈ ਰਕਮ ਬਾਰੇ ਘੋਖ ਕੀਤੀ ਜਾ ਰਹੀ ਹੈ। ਵਿਜੀਲੈਂਸ ਨੇ ਇੱਕ ਫ਼ਰਮ ਦੇ ਬੈਂਕ ਖਾਤੇ ਦੀ ਜਾਣਕਾਰੀ ਵੀ ਹਾਸਲ ਕੀਤੀ ਹੈ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਗੰਨਮੈਨ ਨੂੰ ਵੀ ਤਲਬ ਕੀਤਾ ਗਿਆ ਸੀ, ਪਰ ਉਹ ਹਾਜ਼ਰ ਨਹੀਂ ਹੋਇਆ।

ਅਧਿਕਾਰੀ ਦੱਸਦੇ ਹਨ ਕਿ ਪੁੱਡਾ ਬਠਿੰਡਾ ਦੀ ਇੱਕ ਕਮਰਸ਼ੀਅਲ ਸਾਈਟ ਨੂੰ ਰਿਹਾਇਸ਼ੀ ਸਾਈਟ ’ਚ ਤਬਦੀਲ ਕਰਨ ਤੇ ਉਸ ਮਗਰੋਂ ਤਿੰਨ ਬੋਲੀਕਾਰਾਂ ਵੱਲੋਂ ਫ਼ੌਰੀ ਦੂਸਰੇ ਨਾਮ ’ਤੇ ਤਬਦੀਲ ਕੀਤੇ ਜਾਣ ਦੀ ਜਾਂਚ ਵੀ ਚੱਲ ਰਹੀ ਹੈ। ਖ਼ੁਰਾਕ ਤੇ ਸਪਲਾਈ ਵਿਭਾਗ ਬਠਿੰਡਾ ਦਾ ਰਿਕਾਰਡ ਵੀ ਦੇਖਿਆ ਜਾ ਰਿਹਾ ਹੈ ਤੇ ਪਹਿਲਾਂ ਜਾਂਚ ਦੌਰਾਨ ਮਨਪ੍ਰੀਤ ਬਾਦਲ ਦੇ ਪੁਰਾਣੇ ਨਜ਼ਦੀਕੀਆਂ ਨੂੰ ਵੀ ਵਿਜੀਲੈਂਸ ਨੇ ਸੱਦਿਆ ਸੀ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ ’ਤੇ ਤਿੱਖੀ ਟਿੱਪਣੀ ਕੀਤੀ ਸੀ, ਜਿਸ ਦਾ ਜਵਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿੱਚ ਬਿਨਾਂ ਨਾਮ ਲਏ ਦਿੱਤਾ ਸੀ।

ਅਮਿਤ ਰਤਨ ਦੀ ਆਵਾਜ਼ ਦੇ ਨਮੂਨੇ ਲਏ

‘ਆਪ’ ਵਿਧਾਇਕ ਅਮਿਤ ਰਤਨ, ਉਸ ਦੇ ਪੀਏ ਰਿਸ਼ਮ ਗਰਗ ਤੇ ਇਸ ਕੇਸ ਵਿਚ ਮੁੱਦਈ ਦੀ ਆਵਾਜ਼ ਦੇ ਨਮੂਨੇ ਫੋਰੈਂਸਿਕ ਲੈਬ ਮੁਹਾਲੀ ਵਿੱਚ ਲਏ ਗਏ ਹਨ। ਸੂਤਰਾਂ ਅਨੁਸਾਰ ਅਮਿਤ ਰਤਨ ਨੇ ਪਹਿਲਾਂ ਆਵਾਜ਼ ਦਾ ਨਮੂਨਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਅਦਾਲਤ ਦੇ ਹੁਕਮਾਂ ਮਗਰੋਂ ਇਹ ਸੰਭਵ ਹੋ ਸਕਿਆ ਹੈ। ਚੇਤੇ ਰਹੇ ਕਿ ਮੁੱਦਈ ਨੇ ਰਿਸ਼ਵਤ ਮੰਗਣ ਦੀਆਂ ਕਈ ਕਾਲ ਡਿਟੇਲਜ਼ ਵਿਜੀਲੈਂਸ ਨੂੰ ਦਿੱਤੀਆਂ ਸਨ।

ਕਾਂਗੜ ਖ਼ਿਲਾਫ਼ ਸੂਹੀਏ ਪੁੱਜਣ ਲੱਗੇ

ਵਿਜੀਲੈਂਸ ਰੇਂਜ ਬਠਿੰਡਾ ਕੋਲ ਸਾਬਕਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਜਾਇਦਾਦ ਦੀ ਵਿੱਢੀ ਪੜਤਾਲ ਬਾਰੇ ਵੇਰਵੇ ਦੇਣ ਲਈ ਉਸ ਦੇ ਪੁਰਾਣੇ ਨਜ਼ਦੀਕੀ ਹੁਣ ਪੁੱਜਣ ਲੱਗੇ ਹਨ। ਵਿਜੀਲੈਂਸ ਵੱਲੋਂ ਦੋ ਦਫ਼ਾ ਕਾਂਗੜ ਨੂੰ ਤਬਲ ਕੀਤਾ ਜਾ ਚੁੱਕਾ ਹੈ ਤੇ ਕਾਂਗੜ ਦੀਆਂ ਕਈ ਵਪਾਰਕ ਜਾਇਦਾਦਾਂ ਦੀ ਜਾਂਚ ਵੀ ਕੀਤੀ ਹੈ। ਸੂਤਰਾਂ ਅਨੁਸਾਰ ਮਾਲ ਮਹਿਕਮੇ ਵਿੱਚ ਪੁਰਾਣੀ ਸਰਕਾਰ ਵੇਲੇ ਹੋਏ ਤਬਾਦਲਿਆਂ ਨੂੰ ਲੈ ਕੇ ਵੀ ਵਿਜੀਲੈਂਸ ਨੇ ਪੜਤਾਲ ਆਰੰਭੀ ਹੈ ਤੇ ਉਨ੍ਹਾਂ ਨੇੜਲਿਆਂ ਨੂੰ ਵੀ ਵਿਜੀਲੈਂਸ ਤਲਬ ਕਰਨ ਦੇ ਰੌਂਅ ਵਿੱਚ ਹੈ, ਜਿਹੜੇ ਉਸ ਵੇਲੇ ਜ਼ਿਆਦਾ ਸਰਗਰਮ ਰਹੇ ਹਨ।