ਮਨਪ੍ਰੀਤ ਦੇ ਨਜ਼ਦੀਕੀ ਕਾਰੋਬਾਰੀ ਦੇ ਘਰ ਵਿਜੀਲੈਂਸ ਦਾ ਛਾਪਾ

ਮਨਪ੍ਰੀਤ ਦੇ ਨਜ਼ਦੀਕੀ ਕਾਰੋਬਾਰੀ ਦੇ ਘਰ ਵਿਜੀਲੈਂਸ ਦਾ ਛਾਪਾ

ਬਠਿੰਡਾ- ਵਿਜੀਲੈਂਸ ਦੀ ਟੀਮ ਵੱਲੋਂ ਮਨਪ੍ਰੀਤ ਸਿੰਘ ਬਾਦਲ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ, ਜਿਸ ਕਾਰਨ ਉਸ ਦੇ ਨਜ਼ਦੀਕੀ ਸਹਿਮੇ ਹੋਏ ਹਨ। ਅੱਜ ਵਿਜੀਲੈਂਸ ਦੀ ਟੀਮ ਦੁਪਹਿਰ ਵੇਲੇ ਡੀਐੱਸਪੀ ਸੰਦੀਪ ਸਿੰਘ ਤੇ ਇੰਸਪੈਕਟਰ ਨਗਿੰਦਰ ਸਿੰਘ ਦੀ ਅਗਵਾਈ ਹੇਠ ਮਨਪ੍ਰੀਤ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਸ਼ਰਾਬ ਦੇ ਉੱਘੇ ਕਾਰੋਬਾਰੀ ਜਸਵਿੰਦਰ ਸਿੰਘ ਜੁਗਨੂੰ ਦੇ ਮਾਡਲ ਟਾਊਨ ’ਚ ਸਥਿਤ ਘਰ ਵਿੱਚ ਪਹੁੰਚੀ ਪਰ ਕੋਠੀ ਨੂੰ ਤਾਲਾ ਲੱਗਿਆ ਦੇਖ ਪਰਤ ਗਈ। ਉੱਧਰ ਦੂਜੇ ਪਾਸੇ ਪੰਜਾਬ ਸਮੇਤ ਹੋਰ ਰਾਜਾਂ ਵਿੱਚ ਮਨਪ੍ਰੀਤ ਦੀ ਭਾਲ ਜਾਰੀ ਹੈ।

ਵਿਜੀਲੈਂਸ ਦੀ ਟੀਮ ਵੱਲੋਂ ਇਸ ਸ਼ਰਾਬ ਦੇ ਕਾਰੋਬਾਰੀ ਦੇ ਜੱਦੀ ਪਿੰਡ ਬਾਹੋਯਾਤਰੀ ਵਿੱਚ ਛਾਪਾ ਮਾਰੇ ਜਾਣ ਦੀ ਚਰਚਾ ਹੈ। ਦੱਸਣਯੋਗ ਹੈ ਕਿ ਪਲਾਟ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰੇ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਵਿਜੀਲੈਂਸ ਦੇ ਛਾਪਿਆਂ ਤੋਂ ਡਰੋਂ ਰੂਪੋਸ਼ ਹੋ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਦਨਿ ਪਹਿਲਾਂ ਵੀ ਵਿਜੀਲੈਂਸ ਨੇ ਮਨਪ੍ਰੀਤ ਦੇ ਸਾਥੀ ਠੇਕੇਦਾਰ ਦੇ ਦਫ਼ਤਰ ਵਿੱਚ ਛਾਪਾ ਮਾਰ ਕੇ ਕੰਪਿਊਟਰ ਅਤੇ ਡੀਵੀਆਰ ਕਬਜ਼ੇ ਵਿੱਚ ਲਿਆ ਸੀ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਮਨਦੀਪ ਸਿੰਘ ਉਕਤ ਠੇਕੇਦਾਰ ਦੇ ਦਫ਼ਤਰ ਦਾ ਕਰਮਚਾਰੀ ਸੀ। ਵਿਜੀਲੈਂਸ ਨੇ ਜੁਗਨੂੰ ਦੇ ਰਿਸ਼ਤੇਦਾਰ ਕੌਂਸਲਰ ਦੇ ਘਰ ਵੀ ਛਾਪਾ ਮਾਰਿਆ ਸੀ। ਜੁਗਨੂੰ ਦਾ ਪਿਤਾ ਬਾਦਲ ਪਰਿਵਾਰ ਦਾ ਨਜ਼ਦੀਕੀ ਰਿਹਾ ਹੈ।
ਤਿੰਨ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਮਨਪ੍ਰੀਤ ਸਿੰਘ ਬਾਦਲ ਪਲਾਟ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ, ਅਮਨਦੀਪ ਸਿੰਘ ਅਤੇ ਵਿਕਾਸ ਅਰੋੜਾ ਨੂੰ ਵਿਜੀਲੈਂਸ ਵੱਲੋਂ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ।