ਮਜ਼ਦੂਰਾਂ ਨੂੰ ਇਕਜੁੱਟ ਕਰ ਕੇ ਸਮਾਜਿਕ ਏਕਤਾ ਲਹਿਰ ਖੜ੍ਹੀ ਕਰਾਂਗੇ: ਸਮਾਓਂ

ਮਜ਼ਦੂਰਾਂ ਨੂੰ ਇਕਜੁੱਟ ਕਰ ਕੇ ਸਮਾਜਿਕ ਏਕਤਾ ਲਹਿਰ ਖੜ੍ਹੀ ਕਰਾਂਗੇ: ਸਮਾਓਂ

ਮਾਨਸਾ- ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਪੰਜਾਬ ਵਿੱਚ ਦਲਿਤਾਂ, ਮਜ਼ਦੂਰਾਂ ਦੀਆਂ ਧਿਰਾਂ ਨੂੰ ਇਕੱਠੇ ਕਰ ਕੇ ਇੱਕ ਸਮਾਜਿਕ ਏਕਤਾ ਲਹਿਰ ਖੜ੍ਹੀ ਕੀਤੀ ਜਾਵੇਗੀ, ਜਿਸ ਵੱਲੋਂ ਪੰਜਾਬ ਸਰਕਾਰ ਖਿਲਾਫ਼ ਮਜ਼ਦੂਰਾਂ ਨਾਲ ਕੀਤੇ ਹੋਏ ਵਾਅਦਿਆਂ ਨੂੰ ਹੱਲ ਕਰਵਾਉਣ ਸਬੰਧੀ ਅੰਦੋਲਨ ਆਰੰਭ ਕੀਤਾ ਜਾਵੇਗਾ। ਉਹ ਅੱਜ ਇੱਥੇ ਮਜ਼ਦੂਰਾਂ ਦੇ ਲਗਾਤਾਰ ਚੱਲ ਰਹੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ।

ਕਾਮਰੇਡ ਸਮਾਓਂ ਨੇ ਆਪਣੀ ਤਕਰੀਰ ਦੌਰਾਨ ਕਿਹਾ ਕਿ ਸੱਤਾ ਦੀ ਕੁਰਸੀ ਉਪਰ ਬੈਠਣ ਵਾਲੇ ਹਾਕਮਾਂ ਨੇ ਗਰੀਬਾਂ ਨੂੰ ਸਿਰਫ਼ ਵੋਟਾਂ ਸਮੇਂ ਹੀ ਯਾਦ ਕੀਤਾ ਜਾਂਦਾ ਹੈ, ਇਸ ਲਈ ਹੁਣ ਨਰਿੰਦਰ ਮੋਦੀ ਅਤੇ ਭਗਵੰਤ ਮਾਨ ਦੀ ਸਰਕਾਰ ਖਿਲਾਫ਼ ਦਲਿਤ, ਗਰੀਬ ਲੋਕ ਧਰਮ, ਜਾਤਾਂ, ਤੇ ਰਾਜਨੀਤੀ ਤੋਂ ਉੱਪਰ ਉੱਠਕੇ ਜਥੇਬੰਦ ਹੋਣ ਦੀ ਵੱਡੀ ਲੋੜ ਹੈ।

ਉਨ੍ਹਾਂ ਕਿਹਾ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ ਦੇ ਦਲਿਤਾਂ, ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨ ਦਾ ਖਮਿਆਜ਼ਾ ਸੰਗਰੂਰ ਦੀ ਤਰ੍ਹਾਂ ਜਲੰਧਰ ਦੀ ਜ਼ਿਮਨੀ ਚੋਣ ਵਿਚ ਭੁਗਤਣਾ ਪਵੇਗਾ। ਇਸ ਮੌਕੇ ਜਰਨੈਲ ਸਿੰਘ ਮਾਨਸਾ, ਸੁਖਦੇਵ ਸਿੰਘ ਬੁਰਜ ਢਿਲਵਾਂ, ਮਿੱਠੂ ਸਿੰਘ ਖਿਆਲਾ, ਵੀਰਪਾਲ ਕੌਰ, ਬੋਗਾ ਸਿੰਘ, ਭੋਲਾ ਸਿੰਘ ਠੂਠਿਆਂਵਾਲੀ ਵੀ ਮੌਜੂਦ ਸਨ।