ਭਾਰਤ ਸਿਹਤ ਖੇਤਰ ’ਚ ਦੂਜੇ ਮੁਲਕਾਂ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹੈ: ਮੋਦੀ

ਭਾਰਤ ਸਿਹਤ ਖੇਤਰ ’ਚ ਦੂਜੇ ਮੁਲਕਾਂ ’ਤੇ ਨਿਰਭਰਤਾ ਘਟਾਉਣ ਦੀ ਕੋਸ਼ਿਸ਼ ਕਰ ਰਿਹੈ: ਮੋਦੀ

ਲੋਕਾਂ ਨੂੰ ਸਸਤਾ ਇਲਾਜ ਮੁਹੱਈਆ ਕਰਵਾਉਣਾ ਸਰਕਾਰ ਦੀ ਪਹਿਲੀ ਤਰਜੀਹ: ਪ੍ਰਧਾਨ ਮੰਤਰੀ
ਨਵੀਂ ਦਿੱਲੀ- ਦੇਸ਼ ’ਚ ਇਲਾਜ ਕਿਫਾਇਤੀ ਬਣਾਏ ਜਾਣ ਨੂੰ ਆਪਣੀ ਸਰਕਾਰ ਦੀ ਸਿਖਰਲੀ ਤਰਜੀਹ ਕਰਾਰ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕੋਵਿਡ-19 ਆਲਮੀ ਮਹਾਮਾਰੀ ਦੌਰਾਨ ਦਵਾਈਆਂ, ਟੀਕਿਆਂ ਅਤੇ ਮੈਡੀਕਲ ਉਪਕਰਣਾਂ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਗਈ ਅਤੇ ਉਨ੍ਹਾਂ ਦੀ ਸਰਕਾਰ ਸਿਹਤ ਖੇਤਰ ’ਚ ਵਿਦੇਸ਼ਾਂ ’ਤੇ ਭਾਰਤ ਦੀ ਨਿਰਭਰਤਾ ਘਟਾਉਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ। ਸਿਹਤ ਅਤੇ ਮੈਡੀਕਲ ਖੋਜ ਵਿਸ਼ੇ ’ਤੇ ਕਰਾਏ ਬਜਟ ਮਗਰੋਂ ਇਕ ਵੈਬਿਨਾਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦਹਾਕਿਆਂ ਤੋਂ ਸਿਹਤ ਖੇਤਰ ’ਚ ਕਈ ਕਮੀਆਂ ਨਾਲ ਜੂਝ ਰਿਹਾ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਇਸ ਨੂੰ ਸਿਰਫ਼ ਸਿਹਤ ਮੰਤਰਾਲੇ ਤੱਕ ਹੀ ਸੀਮਤ ਨਾ ਰੱਖਿਆ ਸਗੋਂ ਇਸ ਨੂੰ ਸਰਕਾਰ ਦਾ ਸੰਪੂਰਨ ਨਜ਼ਰੀਆ ਬਣਾਇਆ। ਉਨ੍ਹਾਂ ਕਿਹਾ ਕਿ ਉੱਦਮੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਭਾਰਤ ਨੂੰ ਕੋਈ ਵੀ ਤਕਨਾਲੋਜੀ ਦਰਾਮਦ ਨਾ ਕਰਨੀ ਪਏ ਅਤੇ ਉਹ ਆਤਮ ਨਿਰਭਰ ਬਣੇ। ਉਨ੍ਹਾਂ ਕਿਹਾ,‘‘ਅੱਜ ਇਸ ਖੇਤਰ ’ਚ ਬਾਜ਼ਾਰ ਦਾ ਆਕਾਰ ਚਾਰ ਲੱਖ ਕਰੋੜ ਦਾ ਹੈ। ਜੇਕਰ ਇਸ ’ਚ ਨਿੱਜੀ ਖੇਤਰ ਅਤੇ ਵਿਦਿਅਕ ਖੇਤਰ ਨਾਲ ਅਸੀਂ ਤਾਲਮੇਲ ਬਿਠਾ ਲਈਏ ਤਾਂ ਇਹ ਖੇਤਰ 10 ਲੱਖ ਕਰੋੜ ਨੂੰ ਵੀ ਪਾਰ ਕਰ ਸਕਦਾ ਹੈ।’’ ਸ੍ਰੀ ਮੋਦੀ ਨੇ ਕਿਹਾ ਕਿ ਕੋਵਿਡ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਇਹ ਦਿਖਾਇਆ ਅਤੇ ਸਿਖਾਇਆ ਵੀ ਕਿ ਜਦੋਂ ਇੰਨੀ ਵੱਡੀ ਆਫ਼ਤ ਹੁੰਦੀ ਹੈ ਤਾਂ ਖੁਸ਼ਹਾਲ ਮੁਲਕਾਂ ਦੇ ਵਿਕਸਤ ਪ੍ਰਬੰਧ ਵੀ ਢਹਿ-ਢੇਰੀ ਹੋ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਭਾਰਤ ਨੇ ਦੁਨੀਆ ਸਾਹਮਣੇ ‘ਇਕ ਪ੍ਰਿਥਵੀ-ਇਕ ਸਿਹਤ’ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਤਹਿਤ ਪੰਜ ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇਣ ਪਿੱਛੇ ਇਹੋ ਮਕਸਦ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਹੁਣ ਤੱਕ ਦੇਸ਼ ਦੇ ਕਰੋੜਾਂ ਮਰੀਜ਼ਾਂ ਦੇ ਕਰੀਬ 80 ਹਜ਼ਾਰ ਕਰੋੜ ਰੁਪਏ, ਜੋ ਬਿਮਾਰੀ ’ਚ ਇਲਾਜ ਲਈ ਖ਼ਰਚ ਹੋਣ ਵਾਲੇ ਸਨ, ਉਹ ਖ਼ਰਚ ਹੋਣ ਤੋਂ ਬਚੇ ਹਨ। ਸੱਤ ਮਾਰਚ ਨੂੰ ਜਨ ਔਸ਼ਧੀ ਦਿਵਸ ਮਨਾਏ ਜਾਣ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ’ਚ ਕਰੀਬ 9 ਹਜ਼ਾਰ ਜਨ ਔਸ਼ਧੀ ਕੇਂਦਰ ਹਨ ਅਤੇ ਇਨ੍ਹਾਂ ਕੇਂਦਰਾਂ ’ਤੇ ਬਾਜ਼ਾਰ ਤੋਂ ਬਹੁਤ ਸਸਤੀ ਕੀਮਤ ’ਤੇ ਦਵਾਈਆਂ ਮਿਲਦੀਆਂ ਹਨ।