ਭਾਰਤ ਵੱਲੋਂ ਵੀਜ਼ਾ ਸੇਵਾਵਾਂ ਬਹਾਲ ਕਰਨ ਦਾ ਕੈਨੇਡਾ ਵੱਲੋਂ ਸਵਾਗਤ

ਭਾਰਤ ਵੱਲੋਂ ਵੀਜ਼ਾ ਸੇਵਾਵਾਂ ਬਹਾਲ ਕਰਨ ਦਾ ਕੈਨੇਡਾ ਵੱਲੋਂ ਸਵਾਗਤ

ਟੋਰਾਂਟੋ- ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਤੇ ਪੈਦਾ ਹੋਏ ਕੂਟਨੀਤਕ ਵਿਵਾਦ ਦਰਮਿਆਨ ਕੈਨੇਡਾ ਨੇ ਅੱਜ ਦੇਸ਼ ਵਿਚ ਕੁਝ ਵੀਜ਼ਾ ਸੇਵਾਵਾਂ ਬਹਾਲ ਕਰਨ ਦੇ ਭਾਰਤ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਕਈ ਕੈਨੇਡੀਅਨ ਨਾਗਰਿਕਾਂ ਲਈ ‘ਚਿੰਤਾਜਨਕ ਸਮੇਂ’ ਤੋਂ ਬਾਅਦ ਇਕ ‘ਚੰਗਾ ਸੰਕੇਤ’ ਹੈ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਨੇ ਬੁੱਧਵਾਰ ਕਿਹਾ ਸੀ ਕਿ ਉਹ ਵੀਰਵਾਰ ਤੋਂ ਕੈਨੇਡਾ ਤੇ ਹੋਰ ਦੇਸ਼ਾਂ ਤੋਂ ਅਰਜ਼ੀਆਂ ਦੇ ਰਹੇ ਕੈਨੇਡੀਅਨ ਨਾਗਰਿਕਾਂ ਲਈ ਕੁਝ ਵਰਗਾਂ ਦੀਆਂ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰੇਗਾ। ਇਹ ਕਦਮ ਵੀਜ਼ਾ ਸੇਵਾਵਾਂ ਮੁਅੱਤਲ ਕੀਤੇ ਜਾਣ ਤੋਂ ਇਕ ਮਹੀਨੇ ਤੋਂ ਵੀ ਵੱਧ ਸਮੇਂ ਮਗਰੋਂ ਚੁੱਕਿਆ ਗਿਆ ਹੈ। ਓਟਾਵਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੇ ਇਕ ਬਿਆਨ ’ਚ ਕਿਹਾ, ‘ਸੁਰੱਖਿਆ ਸਥਿਤੀ ਦੀ ਸਮੀਖਿਆ ਮਗਰੋਂ ਫੈਸਲਾ ਕੀਤਾ ਗਿਆ ਹੈ ਕਿ 26 ਅਕਤੂਬਰ ਤੋਂ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਤੇ ਕਾਨਫਰੰਸ ਵੀਜ਼ਾ ਵਰਗਾਂ ਲਈ ਸੇਵਾਵਾਂ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।’ ਇਸੇ ਦੌਰਾਨ ਸੀਟੀਵੀ ਨਿਊਜ਼ ਨੇ ਕੈਨੇਡਾ ਦੇ ਆਵਾਸ ਮੰਤਰੀ ਮਾਰਕ ਮਿਲਰ ਦੇ ਹਵਾਲੇ ਨਾਲ ਕਿਹਾ, ‘ਸਾਨੂੰ ਲੱਗਦਾ ਹੈ ਕਿ ਸੇਵਾਵਾਂ ਨੂੰ ਮੁਅੱਤਲ ਕੀਤਾ ਹੀ ਨਹੀਂ ਜਾਣਾ ਚਾਹੀਦਾ ਸੀ।’ ਉਨ੍ਹਾਂ ਕਿਹਾ ਕਿ, ‘ਭਾਰਤ ਦੇ ਨਾਲ ਅਸਲ ਵਿਚ ਚਿੰਤਾਜਨਕ ਕੁੂਟਨੀਤਕ ਸਥਿਤੀ ਨੇ ਕਈ ਭਾਈਚਾਰਿਆਂ ਵਿਚ ਕਾਫੀ ਡਰ ਪੈਦਾ ਕਰ ਦਿੱਤਾ ਹੈ।’ ਐਮਰਜੈਂਸੀ ਤਿਆਰੀਆਂ ਬਾਰੇ ਮੰਤਰੀ ਤੇ ਸਿੱਖ ਆਗੂ ਹਰਜੀਤ ਸੱਜਣ ਨੇ ਕਿਹਾ ਕਿ ਵੀਜ਼ਾ ਪ੍ਰਕਿਰਿਆ ਦੁਬਾਰਾ ਸ਼ੁਰੂ ਹੋਣਾ ਚੰਗੀ ਖਬਰ ਹੈ, ਪਰ ਉਹ ਇਸ ਉਤੇ ਕਿਆਸਰਾਈਆਂ ਨਹੀਂ ਲਾਉਣਗੇ ਕਿ ਨਵੀਂ ਦਿੱਲੀ ਕੀ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸੱਜਣ ਨੇ ਨਾਲ ਹੀ ਕਿਹਾ ਕਿ ਜੇਕਰ ਭਾਰਤ ਨੇ ਇਹ ਕਦਮ ਚੁੱਕਿਆ ਹੀ ਨਾ ਹੁੰਦਾ ਤਾਂ ਬਿਹਤਰ ਹੁੰਦਾ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਵਿਆਹਾਂ ਤੇ ਅੰਤਿਮ ਸੰਸਕਾਰਾਂ ਜਿਹੇ ਕਾਰਜਾਂ ਲਈ ਭਾਰਤੀ ਤੇ ਕੈਨੇਡੀਅਨ ਨਾਗਰਿਕ ਆ-ਜਾ ਸਕਣ। ਉਨ੍ਹਾਂ ਕਿਹਾ ਕਿ ਪੁਲੀਸ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਓਟਾਵਾ ਇਸ ਮਾਮਲੇ ਵਿਚ ਹੁਣ ਵੀ ਭਾਰਤ ਦੀ ਮਦਦ ਚਾਹੁੰਦਾ ਹੈ। ਦੇਸ਼ ਦੇ ਕੂਟਨੀਤਕ ਤੇ ਕੌਂਸੁਲਰ ਸਬੰਧਾਂ ਬਾਰੇ ਮਾਮਲਿਆਂ ਦਾ ਪ੍ਰਬੰਧਨ ਕਰਨ ਵਾਲੇ ‘ਗਲੋਬਲ ਅਫੇਅਰਜ਼ ਕੈਨੇਡਾ’ (ਜੀਏਸੀ) ਦੀ ਤਰਜਮਾਨ ਮੈਰੀਲਨਿ ਗਵੇਰਮੌਂਟ ਨੇ ਕਿਹਾ ਕਿ ਕੈਨੇਡਾ ਤੇ ਭਾਰਤ ਦੇ ਲੋਕਾਂ ਦਰਮਿਆਨ ਮਹੱਤਵਪੂਰਨ ਸਬੰਧ ਹਨ ਤੇ ਭਾਰਤ ਵੱਲੋਂ ਵੀਜ਼ਾ ਸੇਵਾਵਾਂ ਬਹਾਲ ਕਰਨ ਨਾਲ ਪਰਿਵਾਰਾਂ ਤੇ ਕਾਰੋਬਾਰਾਂ ਲਈ ਦੋਵਾਂ ਦੇਸ਼ਾਂ ਦੀ ਯਾਤਰਾ ਕਰਨਾ ਸੌਖਾ ਹੋਵੇਗਾ। ਕੈਨੇਡਾ-ਇੰਡੀਆ ਬਿਜ਼ਨਸ ਕੌਂਸਲ ਨੇ ਵੀ ਇਸ ਨੂੰ ਵਪਾਰਕ ਸਬੰਧਾਂ ਲਈ ਚੰਗਾ ਕਦਮ ਦੱਸਿਆ। –